ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਖੋਜ ਵਿਭਾਗ ਵੱਲੋਂ ਬੀਤੇ ਦਿਨੀਂ ਵਿਦਿਆਰਥੀਆਂ ਦੀ ਖੋਜ ਪ੍ਰਤਿਭਾ ਨੂੰ ਨਿਖਾਰਨ ਲਈ ਰਿਸਰਚ ਕਲੋਕੀਅਮ ਨਾਮੀ ਵਰਕਸ਼ਾਪ ਆਯੋਜਿਤ ਕੀਤੀ ਗਈ। ਖੋਜ ਗਤੀਵਿਧੀਆਂ ਨਾਲ ਸੰਬੰਧਿਤ ਇਸ ਪ੍ਰੋਗਰਾਮ ਦਾ ਉਦਘਾਟਨ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਨੇ ਕੀਤਾ। ਡੀਨ ਅਕਾਦਮਿਕ ਡਾ. ਭੁਪਿੰਦਰ ਸਿੰਘ ਧਾਲੀਵਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਇਸ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ।ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡੀਨ ਰਿਸਰਚ ਡਾ. ਰਾਜ ਕੁਮਾਰ ਬਾਂਸਲ ਨੇ ਮੁੱਖ ਮਹਿਮਾਨ, ਬੁਲਾਰਿਆਂ ਅਤੇ ਸਰੋਤਿਆਂ ਨੂੰ ਰਸਮੀ ਤੌਰ ‘ਤੇ ਜੀ ਆਇਆਂ ਆਖਿਆ।
ਲਗਪਗ 55 ਰਿਸਰਚ ਸਕਾਲਰਾਂ ਨੇ ਆਪਣੀ ਰੁਚੀ ਦੇ ਅਲੱਗ-ਅਲੱਗ ਵਿਸ਼ਿਆਂ ਦੀ ਖੋਜ ਸੰਬੰਧੀ ਗਤੀਵਿਧੀਆਂ ਦਾ ਪ੍ਰਸਤੁਤੀਕਰਨ ਕੀਤਾ। ਇਨ੍ਹਾਂ ਵਿਚ ਮੁੱਖ ਤੌਰ ‘ਤੇ ਇੰਜੀਨਨੀਅਰਿੰਗ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਗਣਿਤ, ਸਿੱਖਿਆ ਅਤੇ ਪੰਜਾਬੀ ਵਿਸ਼ੇ ਸ਼ਾਮਲ ਹਨ। ਵਿਦਿਆਰਥੀਆਂ ਦੀ ਬਹੁਗਿਣਤੀ ਹੋਣ ਕਾਰਨ ਇਹ ਪ੍ਰਸਤੁਤੀਕਰਨ ਅਲੱਗ ਅਤੇ ਤਿੰਨ ਸਮਾਰਟ ਹਾਲਾਂ ਵਿਚ ਆਯੋਜਿਤ ਕੀਤਾ ਗਿਆ।
ਜਿਹੜੇ ਰਿਸਰਚ ਸਕਾਲਰ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਆਪਣੀ ਡਾਕਟਰੇਟ ਦੀ ਪੜ੍ਹਾਈ ਕਰ ਰਹੇ ਹਨ ਜਾਂ ਇਸ ਨਾਲ ਸੰਬੰਧਿਤ ਖੋਜ ਕਾਰਜ ਕਰ ਰਹੇ ਹਨ, ਉਨ੍ਹਾਂ ਨੇ ਆਪਣੇ ਖੋਜ ਕਾਰਜਾਂ ਦੀ ਤਰੱਕੀ ਰਿਪੋਰਟ ਇਸ ਕਲੋਕੀਅਮ ਵਿਚ ਮਾਹਿਰਾਂ ਦੇ ਸਾਹਮਣੇ ਪੇਸ਼ ਕੀਤੀ ਅਤੇ ਅਲੱਗ-ਅਲੱਗ ਵਿਸ਼ਿਆਂ ਦੇ ਮਾਹਿਰਾਂ ਨੇ ਲੋੜੀਂਦੇ ਸੁਝਾਅ ਵਿਦਿਆਰਥੀਆਂ ਨੂੰ ਦਿੱਤੇ।
ਰਿਸਰਚ ਸਕਾਲਰਜ਼ ਨੇ ਆਪੋ-ਆਪਣੀਆਂ ਰਿਪੋਰਟਾਂ ਵਿਚ ਤਕਨੀਕੀ ਖੇਤਰਾਂ ਵਿਚ ਮੋਬਾਇਲ ਐਡਹਾਕ, ਕੈਟਵਰਕਸ, ਮਲਟੀਮੀਡੀਆ, ਵਾਇਰਲੈੱਸ ਨੈੱਟਵਰਕਜ਼, ਮਲਟੀਪਲ ਅਕਸੈੱਸ ਮੌਡਿਊਲਜ਼ ਸਕੀਮ, ਡਿਜ਼ੀਟਲ ਇਮੇਜ ਵਾਟਰ ਮਾਰਕਿੰਗ ਪੀ ਆਈ ਡੀ ਕੰਟਰੋਲਰ ਫਾਰ ਪ੍ਰੋਸੈੱਸ ਇੰਡਸਟਰੀ, ਵਾਇਰਲੈੱਸ ਲੋਕਲ ਏਰੀਆ ਨੈੱਟਵਰਕ, ਮਿਕਸ ਪਿਕਸਲ ਕਲਾਸੀਫਿਕੇਸ਼ਨ, ਓਪਨ ਸੋਰਸ ਸਾਫਟਵੇਅਰ, ਆਈਸੀਟੀ ਫਾਰ ਰੂਰਲ ਡਿਵੈਲਪਮੈਂਟ ਇਨ ਪੰਜਾਬ ਆਦਿ ਦੇ ਵਿਸ਼ੇ ਸ਼ਾਮਲ ਸਨ ਅਤੇ ਗ਼ੈਰ-ਤਕਨੀਕੀ ਖੇਤਰ ਵਿਚ ਇਮੋਸ਼ਨਲ ਇੰਟੈਲੀਜੈਂਸ ਪਰਸੈਨਲਟੀ ਆਫ ਸਕੂਲ ਸਟੂਡੈਂਟਸ, ਪੰਜਾਬੀ ਕਹਾਣੀ ਅਤੇ ਨਾਵਲ ਵਿਚ ਬਦਲਦੇ ਪਰਿਪੇਖ ਅਤੇ ਵਿਚਾਰਧਾਰਾ ਆਦਿ ਦੇ ਵਿਸ਼ਿਆਂ ਨੂੰ ਵਿਦਿਆਰਥੀਆਂ ਨੇ ਪੇਸ਼ ਕੀਤਾ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ, ਡਾ. ਭੁਪਿੰਦਰ ਸਿੰਘ ਧਾਲੀਵਾਲ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਵਿਦਿਆਰਥੀਆਂ ਦੇ ਚੰਗੇਰੇ ਅੰਤਰਰਾਸ਼ਟਰੀ ਜਰਨਲਾਂ ਵਿਚ ਆਪਣੇ ਪਰਚੇ ਸ਼ਾਮਲ ਕਰਨੇ ਚਾਹੀਦੇ ਹਨ ਅਤੇ ਲੋੜ ਮੁਤਾਬਿਕ ਆਪਣੀ ਖੋਜ ਸੰਬੰਧੀ ਮਿਹਨਤ ਨਾਲ ਕੀਤੇ ਕੰਮਾਂ ਨੂੰ ਪੇਟੈਂਟ ਵੀ ਕਰਵਾਉਣਾ ਚਾਹੀਦਾ ਹੈ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ, ਡਾ. ਨਛੱਤਰ ਸਿੰਘ ਮੱਲ੍ਹੀ ਨੇ ਇਸ ਪ੍ਰੋਗਰਾਮ ਦੀ ਸਫਲਤਾ ਲਈ ਯੂਨੀਵਰਸਿਟੀ ਦੇ ਖੋਜ ਵਿਭਾਗ ਨੂੰ ਵਧਾਈ ਦੇਂਦਿਆ ਕਿਹਾ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਹਰ ਉਹ ਯੋਗ ਉਪਰਾਲਾ ਕਰ ਰਹੀ ਹੈ ਜਿਸ ਨਾਲ ਵਿਦਿਆਰਥੀਆਂ ਦੀ ਖੋਜ ਪ੍ਰਤਿਭਾ ਵਿਚ ਨਿਖਾਰ ਆਵੇ। ਨਾਲ ਹੀ ਉਨ੍ਹਾਂ ਵਿਦਿਆਰਥੀ ਵਰਗ ਨੂੰ ਸੱਚਾਈ ਅਤੇ ਇਮਾਨਦਾਰੀ ਨਾਲ ਅਜਿਹੇ ਵਿਸ਼ਿਆਂ ਉਪਰ ਕੰਮ ਕਰਨ ਲਈ ਜ਼ੋਰ ਪਾਇਆ ਜੋ ਕਿ ਯਕੀਨਨ ਹੀ ਸਮਾਜ ਲਈ ਲਾਹੇਬੰਦ ਸਿੱਧ ਹੋਣ।
ਉਪ-ਕੁਲਪਤੀ, ਡੀਨ ਅਕਾਦਮਿਕ, ਡਾਇਰੈਕਟਰ ਫਾਇਨਾਂਸ ਅਤੇ ਡੀਨ ਰਿਸਰਚ ਨੇ ਪਰਚੇ ਪੜ੍ਹਨ ਅਤੇ ਰਿਪੋਰਟ ਪੇਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟਾਂ ਨਾਲ ਨਿਵਾਜਿਆ। ਅਖੀਰ ਵਿਚ ਡੀਨ ਰਿਸਰਚ ਨੇ ਸਭ ਦਾ ਧੰਨਵਾਦ ਕੀਤਾ।