ਪਟਨਾ- ਸਾਬਕਾ ਰੇਲ ਮੰਤਰੀ ਅਤੇ ਰਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਪਿੱਛੜੇ ਵਰਗ ਨੂੰ ਇੱਕਜੁਟ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਅੱਜ ਨਾਂ ਕੇਵਲ ਸਾਡੀ ਜਮੀਨ ਲੈਣ ਦੇ ਯਤਨ ਕੀਤੇ ਜਾ ਰਹੇ ਹਨ, ਸਗੋਂ ਸਾਡੇ ਵੋਟ ਦੇ ਅਧਿਕਾਰ ਖੋਹਣ ਦੀ ਵੀ ਸਾਜਿਸ਼ ਰਚੀ ਜਾ ਰਹੀ ਹੈ।
ਪਟਨਾ ਦੇ ਗਾਂਧੀ ਮੈਦਾਨ ਵਿੱਚ ਆਯੋਜਿਤ ਪਰਜਾਪਤੀ ਚੇਤਨਾ ਮਹਾਂਰੈਲੀ ਨੂੰ ਸੰਬੋਧਨ ਕਰਦੇ ਹੋਏ ਲਾਲੂ ਪ੍ਰਸਾਦ ਯਾਦਵ ਨੇ ਮੋਦੀ ਤੇ ਤਿੱਖੇ ਸ਼ਬਦੀ ਵਾਰ ਕੀਤੇ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਭਾਂਡੇ ਬਣਾਉਣ ਲਈ ਮਿੱਟੀ ਮਲਦੇ ਸਮੇਂ ਕੰਕਰ-ਪੱਥਰ ਚੁਣ ਕੇ ਬਾਹਰ ਸੁੱਟ ਦਿੰਦੇ ਹੋ। ਉਸੇ ਤਰ੍ਹਾਂ ਤੁਸਾਂ ਭਾਜਪਾ ਨੂੰ ਵੀ ਬਿਹਾਰ ਵਿੱਚੋਂ ਚੁਣ-ਚੁਣ ਕੇ ਬਾਹਰ ਸੁੱਟਣਾ ਹੈ।
ਲਾਲੂ ਨੇ ਸਿ਼ਵਸੈਨਾ ਨੂੰ ਆੜੇ ਹੱਥੀਂ ਲੈਂਦਿਆਂ ਹੋਇਆਂ ਕਿਹਾ ਕਿ ਗਣੇਸ਼ ਨੂੰ ਦੁੱਧ ਪਿਆਉਣ ਵਾਲੇ ਅੱਜ ਮੁਸਲਮਾਨਾਂ ਅਤੇ ਈਸਾਈਆਂ ਤੋਂ ਵੋਟ ਦਾ ਅਧਿਕਾਰ ਖੋਹਣ ਦੀ ਗੱਲ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਵੋਟਾਂ ਲੈਣ ਵੇਲੇ ਮੋਦੀ ਨੇ ਲੋਕਾਂ ਨਾਲ ਵਾਅਦੇ ਕੀਤੇ ਕਿ ਕਾਲਾ ਧੰਨ ਵਾਪਿਸ ਲਿਆ ਕੇ ਦੇਸ਼ ਦੇ ਹਰ ਵਿਅਕਤੀ ਦੇ ਖਾਤੇ ਵਿੱਚ 15-15 ਲੱਖ ਰੁਪੈ ਮੁਹਈਆ ਕਰਵਾਏ ਜਾਣਗੇ, ਪਰ ਜਿੱਤਣ ਤੋਂ ਬਾਅਦ ਕਹਿ ਰਹੇ ਹਨ ਕਿ ਉਹ ਤਾਂ ਇੱਕ ਜੁਮਲਾ ਸੀ।
ਲਾਲੂ ਨੇ ਦਾਅਵਾ ਕੀਤਾ ਕਿ ਉਹ ਬਿਹਾਰ ਵਿੱਚ ਦੋ ਤਿਹਾਈ ਬਹੁਮੱਤ ਨਾਲ ਸਰਕਾਰ ਬਣਾਉਣਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਸੱਭ ਇੱਕਠੇ ਹੋ ਕੇ ਭਾਜਪਾ ਨੂੰ ਬਿਹਾਰ ਤੋਂ ਬਾਹਰ ਦੂਰ ਸੁੱਟ ਸਕਦੇ ਹਾਂ।