ਬੀਜਿੰਗ – ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਅੱਜ ਦੋ ਦਿਨ ਲਈ ਪਾਕਿਸਤਾਨ ਦੇ ਦੌਰੇ ਤੇ ਆ ਰਹੇ ਹਨ। ਪਾਕਿਸਤਾਨ ਲਈ ਰਵਾਨਾ ਹੋਣ ਤੋਂ ਪਹਿਲਾਂ ਚੀਨੀ ਰਾਸ਼ਟਰਪਤੀ ਨੇ ਮੀਡੀਆ ਨੂੰ ਆਪਣੀ ਇਸ ਯਾਤਰਾ ਸਬੰਧੀ ਲਿਖਿਆ ਇੱਕ ਲੇਖ ਜਾਰੀ ਕੀਤਾ, ਜਿਸ ਵਿੱਚ ਉਨ੍ਹਾਂ ਨੇ ਪਾਕਿਸਤਾਨ ਦੀ ਯਾਤਰਾ ਤੇ ਜਾਣਾ ‘ਆਪਣੇ ਭਰਾ ਦੇ ਘਰ’ ਜਾਣ ਵਰਗਾ ਦੱਸਿਆ ਹੈ। ਇਸ ਦੌਰੇ ਵਿੱਚ ਜਿੰਨਪਿੰਗ ਦੀ ਸੁਰੱਖਿਆ ਪਾਕਿਸਤਾਨੀ ਸੈਨਾ ਸੰਭਾਲ ਰਹੀ ਹੈ। ਇਸਲਾਮਾਬਾਦ ਵਿੱਚ ਵੀ 1000 ਹਜ਼ਾਰ ਤੋਂ ਵੱਧ ਪੁਲਿਸ ਅਧਿਕਾਰੀ ਵੀ ਸੁਰੱਖਿਆ ਦੇ ਮੱਦੇਨਜ਼ਰ ਤੈਨਾਤ ਰਹਿਣਗੇ।
ਜਿੰਨਪਿੰਗ ਨੇ ਆਪਣੀ ਇਸ ਯਾਤਰਾ ਨੂੰ ਚੀਨ ਦੇ ਬਹੁਤ ਹੀ ਕਰੀਬੀ ਅਤੇ ਖਾਸ ਦੋਸਤ ਪਾਕਿਸਤਾਨ ਨਾਲ ਰਾਜਨੀਤਕ ਸਬੰਧ ਹੋਰ ਮਜ਼ਬੂਤ ਹੋਣ ਦੀ ਵੀ ਗੱਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਚੀਨ ਆਪਣੇ ਗਵਾਂਢੀ ਦੇਸ਼ਾਂ ਨਾਲ ਬੇਹਤਰ ਸਬੰਧ ਰੱਖਣਾ ਚਾਹੁੰਦੇ ਹਨ। ਚੀਨੀ ਰਾਸ਼ਟਰਪਤੀ ਜਿੰਨਪਿੰਗ ਦੇ ਇਸ ਦੌਰੇ ਦੌਰਾਨ ਪਾਕਿਸਤਾਨ ਅਤੇ ਚੀਨ ਦਰਮਿਆਨ ਸੁਰੱਖਿਆ ਸਮਝੌਤਿਆਂ ਸਮੇਤ 50 ਅਰਬ ਡਾਲਰ ਦੇ ਕਰੀਬ ਨਿਵੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।
ਪਾਕਿਸਤਾਨ ਦੇ ਵਿਦੇਸ਼ ਵਿਭਾਗ ਅਨੁਸਾਰ ਜਿੰਨਪਿੰਗ ਪਾਕਿਸਤਾਨ ਦੇ ਰਾਸ਼ਟਰਪਤੀ ਮਮਨੂਨ ਹੁਸੈਨ ਅਤੇ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨਾਲ ਮੁਲਾਕਾਤ ਕਰਨਗੇ। ਉਹ ਪਾਕਿਸਤਾਨ ਦੇ ਤਿੰਨਾਂ ਸੈਨਾਵਾਂ ਦੇ ਮੁੱਖੀਆਂ ਨਾਲ ਗੱਲਬਾਤ ਤੋਂ ਬਾਅਦ ਸੰਸਦ ਵਿੱਚ ਵੀ ਆਪਣਾ ਭਾਸ਼ਣ ਦੇਣਗੇ।