ਨਵੀਂ ਦਿੱਲੀ – ਆਪ ਵੱਲੋਂ ਜੰਤਰ-ਮੰਤਰ ਤੇ ਭੂਮੀ ਬਿਲ ਦੇ ਵਿਰੋਧ ਵਿੱਚ ਕੀਤੀ ਗਈ ਰੈਲੀ ਦੌਰਾਨ ਇੱਕ ਕਿਸਾਨ ਨੇ ਉਥੇ ਲਗੇ ਦਰੱਖਤ ਤੇ ਚੜ੍ਹ ਕੇ ਖੁਦਕੁਸ਼ੀ ਕਰਨ ਦੀ ਕੋਸਿ਼ਸ਼ ਕੀਤੀ। ਰਾਜਸਥਾਨ ਤੋਂ ਆਏ ਇਸ 42 ਸਲਾ ਗਜੇਂਦਰ ਸਿੰਘ ਨਾਂ ਦੇ ਕਿਸਾਨ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।
ਆਮ ਆਦਮੀ ਪਾਰਟੀ ਵੱਲੋਂ ਬੁੱਧਵਾਰ ਨੂੰ ਜੰਤਰ-ਮੰਤਰ ਤੇ ਆਯੋਜਿਤ ਕਿਸਾਨ ਰੈਲੀ ਦੌਰਾਨ ਇੱਕ ਵਿਅਕਤੀ ਅਚਾਨਕ ਦਰੱਖਤ ਤੇ ਚੜ੍ਹ ਗਿਆ। ਕਿਸਾਨ ਗਜੇਂਦਰ ਸਿੰਘ ਨੇ ਆਪਣੇ ਸਾਫ਼ੇ ਨੂੰ ਗਲ ਵਿੱਚ ਪਾਕੇ ਫਾਹਾ ਲੈ ਲਿਆ। ਇਹ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਏਨੇ ਲੋਕਾਂ ਦੀ ਮੌਜੂਦਗੀ ਵਿੱਚ ਅਜਿਹੀ ਦੁਖਦਾਇਕ ਘਟਨਾ ਵਾਪਰ ਗਈ। ਜਿੰਨੀ ਦੇਰ ਨੂੰ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਇਸ ਲਈ ਡਾਕਟਰ ਵੀ ਉਸ ਨੂੰ ਬਚਾ ਨਹੀਂ ਸਕੇ।
ਖੁਦਕੁਸ਼ੀ ਕਰਨ ਵਾਲਾ ਇਹ ਕਿਸਾਨ ਰਾਜਸਥਾਨ ਦੇ ਦੌਸਾ ਦਾ ਰਹਿਣ ਵਾਲਾ ਸੀ। ਉਸ ਕੋਲੋਂ ਇੱਕ ਪੱਤਰ ਮਿਲਿਆ ਹੈ ਜਿਸ ਵਿੱਚ ਲਿਖਿਆ ਹੋਇਆ ਹੈ ਕਿ ਉਸ ਦੀ ਫਸਲ ਖਰਾਬ ਹੋ ਗਈ ਹੈ। ਉਸ ਦੇ ਬੱਚਿਆਂ ਦੇ ਖਾਣ ਲਈ ਕੁਝ ਵੀ ਨਹੀਂ ਹੈ। ਉਸ ਨੂੰ ਉਸ ਦੇ ਪਿਤਾ ਨੇ ਘਰੋਂ ਕੱਢ ਦਿੱਤਾ ਹੈ।ਜਿਸ ਕਰਕੇ ਉਹ ਆਤਮਹੱਤਿਆ ਕਰ ਰਿਹਾ ਹੈ। ਉਹ ਆਪਣੇ ਪਿੱਛੇ ਤਿੰਨ ਬੱਚੇ ਅਤੇ ਪਤਨੀ ਛੱਡ ਗਿਆ ਹੈ। ਉਸ ਦੀ ਵੱਡੀ ਲੜਕੀ ਬਾਹਰਵੀਂ ਕਲਾਸ ਵਿੱਚ ਪੜ੍ਹ ਰਹੀ ਹੈ ਅਤੇ ਛੋਟੇ ਦੋ ਲੜਕੇ ਵੀ ਪੜ੍ਹਾਈ ਕਰ ਰਹੇ ਹਨ।
ਆਪ ਵਾਲੇ ਦਿੱਲੀ ਪੁਲਿਸ ਤੇ ਇਲਜਾਮ ਲਗਾ ਰਹੇ ਹਨ ਕਿ ਪੁਲਿਸ ਨੇ ਉਸ ਵਿਅਕਤੀ ਨੂੰ ਬਚਾਉਣ ਦੀ ਕੋਸਿ਼ਸ਼ ਨਹੀਂ ਕੀਤੀ। ਹੁਣ ਸੱਭ ਰਾਜਨੀਤਕ ਦਲ ਫੋਕੀ ਹਮਦਰਦੀ ਵਿਖਾ ਕੇ ਰਾਜਨੀਤੀ ਕਰ ਰਹੇ ਹਨ।