ਨਵੀਂ ਦਿੱਲੀ :- ਉੱਘੇ ਫੈਸ਼ਨ ਡਿਜ਼ਾਇਨਰ ਤਰੁਣ ਤਹਿਲਿਆਨੀ ਵੱਲੋਂ ਸਕੱਰਟ ਦੇ ਉਪਰ ਪੰਜ ਪਿਆਰੇ ਸਾਹਿਬਾਨ ਤੇ ਨਿਸ਼ਾਨ ਸਾਹਿਬ ਦੀ ਫੋਟੋ ਛਾਪਣ ਅਤੇ ਇਕ ਬਜ਼ੁਰਗ ਸਿੱਖ ਨੂੰ ਤਾਸ਼ ਖੇਡਦਾ ਹੋਇਆ ਦਿਖਾਉਣ ਦੇ ਖਿਲਾਫ ਦਿੱਲੀ ਸਿੱਖ ਗੁਰਦੁਆਰਾ ਪ੍ਰਬਧੰਕ ਕਮੇਟੀ ਵੱਲੋਂ ਤਹਿਲਿਆਨੀ ਨੂੰ ਇਸ ਸਬੰਧੀ ਹਿਦਾਇਤੀ ਪੱਤਰ ਜ਼ਾਰੀ ਕੀਤਾ ਗਿਆ ਹੈ। ਕਮੇਟੀ ਦੇ ਮੁੱਖ ਪ੍ਰਸ਼ਾਸਕ ਅਜਮੇਰ ਸਿੰਘ ਜਾਰੀ ਇਸ ਪੱਤਰ ‘ਚ ਇਸ ਉਕਤ ਸਕੱਰਟ ਦੀ ਖਰੀਦ ਤਹਿਲਿਆਨੀ ਦੇ ਇੰਪੋਰੀਓ ਮਾਲ, ਵਸੰਤ ਕੁੰਜ ਦੇ ਸਟੋਰ ਤੋਂ ਬੀਬਾ ਸਤਵਿੰਦਰ ਕੌਰ ਵੱਲੋਂ ਆਪਣੇ ਕਰੇਡਿਟ ਕਾਰਡ ਰਾਹੀਂ 9900 ਰੁਪਏ ‘ਚ ਖਰੀਦਣ ਦੀ ਜਾਣਕਾਰੀ ਦਿੱਤੀ ਗਈ ਹੈ। ਸਕੱਰਟ ਦੇ ਉਪਰ ਧਾਰਮਿਕ ਚਿੰਨ੍ਹਾਂ ਦੀ ਪ੍ਰਿੰਟਿੰਗ ਕਰਨ ਨੂੰ ਇਤਰਾਜ਼ਯੋਗ ਦੱਸਦੇ ਹੋਏ ਸਿੱਖ ਸਿਧਾਂਤਾ ਦੇ ਖਿਲਾਫ ਹੋਏ ਇਸ ਕਾਰਜ ਕਰਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਲੱਗਣ ਦਾ ਖਦਸਾ ਵੀ ਜਤਾਇਆ ਗਿਆ ਹੈ। ਸਿੱਖ ਸਿਧਾਂਤਾ ਦਾ ਹਵਾਲਾ ਦਿੰਦੇ ਹੋਏ ਇਸ ਤਰ੍ਹਾਂ ਦੀ ਪ੍ਰਿੰਟਿੰਗ ਨੂੰ ਕੱਪੜਿਆਂ ਤੇ ਕਰਨ ਨੂੰ ਗੈਰ ਵਾਜਿਬ ਵੀ ਦੱਸਿਆ ਗਿਆ ਹੈ।
ਇਸ ਕਿਸਮ ਦੀਆਂ ਸਾਰੀਆਂ ਸਕੱਰਟਾਂ ਨੂੰ ਆਪਣੇ ਸਮੂਹ ਸਟੋਰਾਂ ਤੋਂ ਅਤੇ ਵੇਚੀਆਂ ਜਾ ਚੁੱਕੀਆਂ ਸਕੱਰਟਾਂ ਨੂੰ ਵੀ ਬਿਨਾਂ ਕਿਸੇ ਦੇਰੀ ਦੇ 15 ਦਿਨਾਂ ਦੇ ਅੰਦਰ ਵਾਪਿਸ ਮੰਗਵਾਉਣ ਦੀ ਵੀ ਹਿਦਾਇਤ ਇਸ ਪੱਤਰ ਰਾਹੀਂ ਦਿੱਤੀ ਗਈ ਹੈ। ਇਸ ਹਿਦਾਇਤ ‘ਤੇ ਗੌਰ ਨਾ ਕਰਨ ਦੀ ਸੂਰਤ ‘ਚ ਤਹਿਲਿਆਨੀ ਦੇ ਖਰਚੇ ਤੇ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਕਮੇਟੀ ਵੱਲੋਂ ਕਰਨ ਦੀ ਵੀ ਚੇਤਾਵਨੀ ਦਿੱਤੀ ਗਈ ਹੈ। ਤਹਿਲਿਆਨੀ ਨੂੰ ਭੱਵਿਖ ‘ਚ ਇਸ ਤਰ੍ਹਾਂ ਦੇ ਕਾਰਜਾਂ ਤੋਂ ਸੰਕੋਚ ਕਰਨ ਦੀ ਬੇਨਤੀ ਕਰਦੇ ਹੋਏ ਕਮੇਟੀ ਕੋਲੋ ਬਿਨਾ ਸ਼ਰਤ ਆਪਣੇ ਇਸ ਕਾਰਜ ਸਬੰਧੀ ਮੁਆਫੀ ਭੇਜਣ ਦੀ ਹਿਦਾਇਤ ਵੀ ਦਿੱਤੀ ਗਈ ਹੈ।