ਕਾਠਮੰਡੂ – ਨੇਪਾਲ ਅਤੇ ਭਾਰਤ ਵਿੱਚ ਸ਼ਨਿਚਰਵਾਰ ਨੂੰ ਆਏ ਵਿਨਾਸ਼ਕਾਰੀ ਭੂਚਾਲ ਨਾਲ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਨੇਪਾਲ ਦੇ ਗ੍ਰਹਿ ਵਿਭਾਗ ਨੇ 2500 ਲੋਕਾਂ ਦੇ ਮਰਨ ਦੀ ਪੁਸ਼ਟੀ ਕਰ ਦਿੱਤੀ ਹੈ। ਭਾਰਤ ਵਿੱਚ ਵੀ ਭੂਚਾਲ ਨਾਲ 45 ਲੋਕਾਂ ਦੀ ਮੌਤ ਹੋ ਗਈ ਹੈ।ਨੇਪਾਲ ਦੇ ਕਈ ਸ਼ਹਿਰਾਂ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ ਹੈ। ਟੈਲੀਫੋਨ ਅਤੇ ਇੰਟਰਨੈਟ ਸਰਵਿਸ ਵੀ ਪ੍ਰਭਾਵਿਤ ਹੋਈ ਹੈ।
ਨੇਪਾਲ ਵਿੱਚ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਰਾਜਧਾਨੀ ਕਾਠਮੰਡੂ ਅਤੇ ਨਾਲ ਲਗਦੇ ਹੋਰ ਸ਼ਹਿਰਾਂ ਵਿੱਚ 1000 ਤੋਂ ਵੱਧ ਇਮਾਰਤਾਂ ਢਹਿਢੇਰੀ ਹੋ ਗਈਆਂ ਹਨ, ਜਿਨ੍ਹਾਂ ਵਿੱਚ ਅਜੇ ਵੀ ਕਾਫੀ ਲੋਕ ਫਸੇ ਹੋਏ ਹਨ। ਨੇਪਾਲ ਦਾ ਭੀਮਸੈਨ ਟਾਵਰ ਵੀ ਡਿੱਗ ਗਿਆ ਹੈ। 19ਵੀਂ ਸਦੀ ਦੇ ਇਸ ਟਾਵਰ ਵਿੱਚ ਉਸ ਸਮੇਂ ਬਹੁਤ ਸਾਰੇ ਟੂਰਿਸਟ ਮੌਜੂਦ ਸਨ ਅਤੇ ਜਿਨ੍ਹਾਂ ਵਿੱਚੋਂ ਕਾਫੀ ਲੋਕਾਂ ਦੀ ਜਾਨ ਗਈ ਹੈ। ਉਥੋਂ ਦੇ ਪ੍ਰਸਿੱਧ ਜਾਨਕੀ ਮੰਦਿਰ ਅਤੇ ਕਾਸ਼ਠ ਮੰਦਿਰ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ।
ਨੇਪਾਲ ਵਿੱਚ ਭਾਰੀ ਗਿਣਤੀ ਵਿੱਚ ਵਿਦੇਸ਼ੀ ਟੂਰਿਸਟ ਫਸੇ ਹੋਏ ਹਨ। ਰਾਹਤ ਕਰਮਚਾਰੀ ਲੋਕਾਂ ਨੂੰ ਮਲਬੇ ਵਿੱਚੋਂ ਕੱਢਣ ਦੇ ਕੰਮਾਂ ਵਿੱਚ ਲਗੇ ਹੋਏ ਹਨ। ਜਖਮੀਆਂ ਨੂੰ ਇਲਾਜ ਲਈ ਹਸਪਤਾਲਾਂ ਵਿੱਚ ਪਹੁੰਚਾਇਆ ਜਾ ਰਿਹਾ ਹੈ। ਮਰਨ ਵਾਲਿਆਂ ਦੀ ਸੰਖਿਆ ਹੋ ਵੀ ਵੱਧ ਸਕਦੀ ਹੈ ਕਿਉਂਕਿ ਅਜੇ ਕਾਫ਼ੀ ਲੋਕ ਮਲਬੇ ਵਿੱਚ ਫਸੇ ਹੋਏ ਹਨ।
ਭਾਰਤ ਵਿੱਚ ਵੀ ਭੂਚਾਲ ਨਾਲ 45 ਲੋਕ ਮਾਰੇ ਜਾ ਚੁੱਕੇ ਹਨ। ਸੱਭ ਤੋਂ ਵੱਧ ਨੁਕਸਾਨ ਬਿਹਾਰ ਵਿੱਚ ਹੋਇਆ ਹੈ। ਇੱਥੇ ਮਰਨ ਵਾਲਿਆਂ ਦੀ ਸੰਖਿਆ 25 ਹੋ ਗਈ ਹੈ। ਮਾਊਂਟ ਐਵਰੇਸਿੱਟ ਤੇ ਵੀ ਭੂਚਾਲ ਦੇ ਝੱਟਕਿਆਂ ਦਾ ਅਸਰ ਹੋਇਆ ਹੈ।
ਨੇਪਾਲ ਦੇ ਭੂਚਾਲ ਪੀੜਤਾਂ ਲਈ ਵਿਦੇਸ਼ਾਂ ਤੋਂ ਹਰ ਸੰਭਵ ਮੱਦਦ ਕਰਨ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।ਫਰਾਂਸ ਦੇ ਰਾਸ਼ਟਰਪਤੀ ਓਲਾਂਦ ਨੇ ਕਿਹਾ ਹੈ ਕਿ ਨੇਪਾਲ ਜਿਸ ਤਰ੍ਹਾਂ ਦੀ ਵੀ ਮੱਦਦ ਮੰਗੇਗਾ, ਅਸੀਂ ਦੇਣ ਲਈ ਤਿਆਰ ਹਾਂ। ਭਾਰਤ ਵੱਲੋਂ ਵੀ ਤਿੰਨ ਟਨ ਸਮਗਰੀ ਹਸੈਨਾ ਦੇ ਜਹਾਜ਼ਾਂ ਦੁਆਰਾ ਭੇਜੀ ਜਾ ਰਹੀ ਹੈ। ਅਧਿਕਾਰੀਆਂ ਅਨੁਸਾਰ ਬਹੁਤ ਜਲਦ ਤਿੰਨ ਹੋਰ ਜਹਾਜ਼ ਮੋਬਾਇਲ ਹਸਪਤਾਲ ਅਤੇ ਰਾਹਤ ਦਲਾਂ ਨਾਲ ਨੇਪਾਲ ਰਵਾਨਾ ਹੋਣਗੇ।