ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਕੌਮ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ ਅਤੇ ਪੰਜਾਬ ਦਾ ਮੁੱਖ ਮੰਤਰੀ ਬਾਦਲ ਵੀ ਕੇਂਦਰ ਸਰਕਾਰ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਹਵਾਈ ਚਿੱਠੀਆਂ ਲਿਖਣ ਦਾ ਦਾਅਵਾ ਕਰਦਾ ਹੈ ਪਰ ਉਹਨਾਂ ਦਾ ਪੁਲਸ ਮੁੱਖੀ ਝੂਠੀਆਂ ਦਲੀਲਾਂ ਦੇ ਕੇ ਰਿਹਾਈ ਦੇ ਦਾਅਵਿਆਂ ਨੂੰ ਨਿੱਤ ਬਦਲਵੇਂ ਬਿਆਨਾਂ ਰਾਹੀਂ ਖਾਰਜ਼ ਕਰਦਾ ਹੈ ਪਰ ਜਿੱਥੇ ਅਸਲ ਕਾਰਵਾਈ ਨੇ ਅਸਰ ਪਾਉਂਣਾ ਹੈ ਉੱਥੇ ਕੋਈ ਕੰਮ ਕਰਕੇ ਰਾਜ਼ੀ ਨਹੀਂ ਹੈ।
ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਤਕਨੀਕੀ ਨੁਕਤੇ ਜਾਂ ਸਿਆਸੀ ਸਫਾਬੰਦੀਆਂ ਜਾਂ ਅਦਾਲਤਾਂ ਸਬੰਧੀ ਜਾਣਕਾਰੀ ਬੜੀ ਲੰਬੀ ਹੈ। ਅੱਜ ਭਾਈ ਸੁਬੇਗ ਸਿੰਘ ਦੀ ਰਿਹਾਈ ਬਾਰੇ ਵਿਚਾਰ ਕਰਾਂਗੇ।
ਭਾਈ ਸੁਬੇਗ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਪਿੰਡ ਸੂਹਰੋਂ ਥਾਣਾ ਖੇੜੀ ਗੰਡਿਆਂ (ਸਦਰ ਰਾਜਪੁਰਾ), ਜਿਲ੍ਹਾ ਪਟਿਆਲਾ ਜਿਸਨੂੰ ਮੁਕੱਦਮਾ ਨੰ. 22 ਮਿਤੀ 13-02-1995 ਪੁਲਿਸ ਥਾਣਾ ਈਸਟ ਚੰਡੀਗੜ੍ਹ, ਅਧੀਨ ਧਰਾਵਾਂ 302, 380, 392, 120ਬੀ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਇਸ ਸਮੇਂ ਕੇਂਦਰੀ ਜੇਲ੍ਹ ਲੁਧਿਆਣਾ ਵਿਚ ਨਜ਼ਰਬੰਦ ਹੈ ਅਤੇ ਉਹ 1995 ਤੋਂ ਸਜ਼ਾ ਕੱਟ ਰਿਹਾ ਹੈ ਅਤੇ ਲਗਾਤਾਰ ਪੈਰੋਲ ਛੁੱਟੀਆਂ ਵੀ ਕੱਟ ਰਿਹਾ ਹੈ।ਉਸਦੀ ਰਿਹਾਈ ਦਾ ਐਲਾਨ ਚੰਡੀਗੜ੍ਹ ਪ੍ਰਸਾਸ਼ਨ ਵਲੋਂ ਐੱਸ.ਐੱਸ.ਪੀ ਪਟਿਆਲਾ ਤੇ ਡਿਪਟੀ ਕਮਿਸ਼ਨਰ ਪਟਿਆਲਾ ਦੀ ਰਿਪੋਰਟ ਉਪਰੰਤ ਕਰਨਾ ਹੈ ਪਰ ਪੰਜਾਬ ਸਰਕਾਰ ਵਲੋਂ ਪਹਿਲਾਂ ਵੀ ਉਸਦੀ ਰਿਹਾਈ ਦੀ ਸਿਫਾਰਸ਼ ਨਹੀਂ ਭੇਜੀ ਗਈ ਅਤੇ ਸੁਬੇਗ ਸਿੰਘ ਵਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਰਿਹਾਈ ਦਾ ਨਕਸ਼ਾ ਫੇਲ ਕਰਨ ਨੂੰ ਚੁਣੌਤੀ ਦਿੱਤੀ ਗਈ ਅਤੇ ਮਾਣਯੋਗ ਹਾਈ ਕੋਰਟ ਦੇ ਜਸਟਿਸ ਅਜੇ ਤਿਵਾੜੀ ਨੇ ਮਿਤੀ 18 ਨਵੰਬਰ 2014 ਨੂੰ ਨਿਰਦੇਸ਼ ਜਾਰੀ ਕੀਤਾ ਸੀ ਕਿ ਸੁਬੇਗ ਸਿੰਘ ਦੀ ਅਗੇਤੀ ਰਿਹਾਈ ਲਈ 2 ਮਹੀਨਿਆਂ ਵਿਚ ਮੁੜ ਵਿਚਾਰ ਕੀਤੀ ਜਾਵੇ ਤਾਂ 9 ਫਰਵਰੀ 2015 ਨੂੰ ਜਾਰੀ ਰਿਪੋਰਟ ਵਿਚ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫਤਰ ਵਲੋਂ ਚੰਡੀਗੜ੍ਹ ਪ੍ਰਸਾਸ਼ਨ ਨੂੰ ਸੁਬੇਗ ਸਿੰਘ ਦੀ ਅਗੇਤੀ ਰਿਹਾਈ ਦੀ ਸਿਫਾਰਸ਼ ਨਹੀਂ ਕੀਤੀ ਅਤੇ ਹੇਠ ਲਿਖੇ ਅਨੁਸਾਰ ਲਿਖਿਆ ਗਿਆ,
“ਸੁਬੇਗ ਸਿੰਘ ਦੀ ਅਗੇਤੀ ਰਿਹਾਈ ਸਬੰਧੀ ਪਿੰਡ ਵਾਸੀਆਨ ਖੁਸ਼ ਨਹੀਂ ਹਨ ਤੇ ਨਾ ਹੀ ਪਿੰਡ ਦਾ ਕੋਈ ਮੋਹਤਬਾਰ ਵਿਅਕਤੀ ਸਾਹਮਣੇ ਆ ਕੇ ਬਿਆਨ ਲਿਖਾਉਂਣ ਲਈ ਤਿਆਰ ਹੈ। ਕੈਦੀ ਸੁਬੇਗ ਸਿੰਘ ਅੱਤਵਾਦ ਦੇ ਦੌਰਾਨ ਅੱਤਵਾਦੀ ਗਤੀਵਿਧੀਆਂ ਵਿਚ ਕਾਫੀ ਸਰਗਰਮ ਰਿਹਾ ਹੈ। ਇਹ ਕਰੀਮੀਨਲ ਸੁਭਾੳੇ ਬਹੁਤ ਹੀ ਚੁਸਤ, ਚਲਾਕ ਅਤੇ ਸੀਨਾਜੋਰ ਵਿਅਕਤੀ ਹੈ ਅਤੇ ਵਾਰ-ਵਾਰ ਜ਼ੁਰਮ ਕਰਨ ਦਾ ਆਦੀ ਹੈ। ਇਹ ਕੈਦੀ ਜੇਲ੍ਹ ਦੇ ਬਾਹਰ ਆ ਕੇ ਆਪਣੇ ਪੁਰਾਣੇ ਸਾਥੀਆਂ ਨਾਲ ਮਿਲਕੇ ਦੁਬਾਰਾ ਅੱਤਵਾਦ ਨੂੰ ਸੁਰਜੀਤ ਕਰ ਸਕਦਾ ਹੈ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਅੰਜ਼ਾਮ ਦੇ ਸਕਦਾ ਹੈ ਜਿਸ ਨਾਲ ਪੂਰੀ ਸਟੇਟ ਦੇ ਅਮਨ ਕਾਨੂੰਨ ਦੀ ਸਥਿਤੀ ਭੰਗ ਹੋ ਸਕਦੀ ਹੈ, ਇਸ ਲਈ ਉਪਰੋਕਤ ਹਾਲਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਲੋਕਲ ਪੁਲਸ ਨੇ ਕੈਦੀ ਸੁਬੇਗ ਸਿੰਘ ਦੀ ਅਗੇਤਰੀ ਰਿਹਾਈ ਦੀ ਸਿਫਾਰਸ ਨਹੀਂ ਕੀਤੀ, ਇਸ ਲਈ ਲੋਕਲ ਪੁਲਸ ਦੀ ਰਿਪੋਰਟ ਨਾਲ ਸਹਿਮਤ ਹੁੰਦੇ ਹੋਏ ਸੀਨੀਅਰ ਕਪਤਾਨ ਪੁਲਿਸ, ਪਟਿਆਲਾ ਨੇ ਵੀ ਕੈਦੀ ਸੁਬੇਗ ਸਿੰਘ ਪੁੱਤਰ ਸੇਵਾ ਸਿੰਘ ਦੀ ਰਹਿਮ ਦਿਲੀ ਅਗੇਤਰੀ ਰਿਹਾਈ ਦੀ ਸਿਫਾਰਸ ਨਹੀਂ ਕੀਤੀ ਹੈ ਜੀ”।
ਜਿਕਰਯੋਗ ਹੈ ਕਿ ਮੁੱਖ ਮੰਤਰੀ ਬਾਦਲ ਵਲੋਂ ਜਿਹਨਾਂ 13 ਸਿੰਘਾਂ ਦੀ ਰਿਹਾਈ ਲਈ ਕੇਂਦਰ ਸਰਕਾਰ ਨੂੰ ਚਿੱਠੀ ਲਿਖਣ ਦੀ ਗੱਲ ਕੀਤੀ ਸੀ ਉਹਨਾਂ 13 ਵਿਚ ਭਾਈ ਸੁਬੇਗ ਸਿਘ ਦਾ ਨਾਮ ਵੀ ਸ਼ਾਮਲ ਸੀ ਪਰ ਉਪਰੋਕਤ ਪਟਿਆਲਾ ਪਰਸ਼ਾਸ਼ਨ ਵਲੋਂ ਝੂਠੀਆਂ ਦਲੀਲਾਂ ਦੇ ਕੇ ਰਿਹਾਈ ਦੀ ਸਿਫਾਰਸ਼ ਨਾ ਕਰਨਾ ਬਾਦਲ ਸਰਕਾਰ ਦੀ ਬਦਨੀਅਤੀ ਜ਼ਾਹਰ ਕਰਦੀ ਹੈ ਜਦ ਕਿ ਭਾਈ ਸੁਬੇਗ ਸਿੰਘ 42-42 ਦਿਨਾਂ ਦੀਆਂ 23 ਪੈਰੋਲ ਛੁੱਟੀਆਂ ਕੱਟ ਚੁੱਕਾ ਹੈ ਅਤੇ ਪੈਰੋਲ ਛੁੱਟੀ ਪੰਚਾਇਤਨਾਮਾ ਤੇ ਜਮਾਨਤਨਾਮਾ ਭਰਨ ਤੋਂ ਬਿਨਾਂ ਨਹੀਂ ਮਿਲਦੀ ਅਤੇ ਜਿੱਥੇ ਤੱਕ ਉਕਤ ਰਿਹਾਈ ਰੋਕਣ ਦੀ ਸਿਫਾਰਸ਼ ਵਿਚ ਕਿਸੇ ਮੋਹਤਬਾਰ ਵਲੋਂ ਜਿੰਮੇਵਾਰੀ ਨਾ ਲੈਣ ਦਾ ਦਾਅਵਾ ਕੀਤਾ ਗਿਆ ਹੈ ਤਾਂ ਦੱਸ ਦੇਵਾਂ ਕਿ ਅਗੇਤੀ ਰਿਹਾਈ ਦੀ ਸਿਫਾਰਸ਼ ਕਰਦਾ ਪੰਚਾਇਤਨਾਮਾ ਵੀ ਜੇਲ੍ਹ ਪਰਸ਼ਾਸ਼ਨ ਵਲੋਂ ਰਿਹਾਈ ਦੇ ਨਕਸ਼ੇ ਨਾਲ ਭੇਜਿਆ ਗਿਆ ਸੀ ਜਿਸ ਵਿਚ ਹੇਠ ਲਿਖੇ ਅਨੁਸਾਰ ਲਿਖਿਆ ਹੈ:
“ ਤਸਦੀਕ ਕੀਤਾ ਜਾਂਦਾ ਹੈ ਕਿ ਸੁਬੇਗ ਸਿੰਘ ਪੁੱਤਰ ਸੇਵਾ ਸਿੰਘ ਕੈਦੀ ਜੋ ਕਿ ਇਸ ਸਮੇਂ ਕੇਂਦਰੀ ਜੇਲ੍ਹ ਲੁਧਿਆਣਾ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਇਸ ਨੇ ਆਪਣੀ ਅਗੇਤੀ ਰਿਹਾਈ ਲਈ ਯੋਗ ਹੋਣ ਲਈ ਯਕੀਨੀ ਕੈਦ ਅਮਨ-ਅਮਾਨ ਨਾਲ ਕੱਟ ਲਈ ਹੈ। ਇਸ ਨੇ ਆਪਣੀਆਂ ਪੈਰੋਲ ਛੁੱਟੀਆ ਵੀ ਅਮਾਨ-ਅਮਾਨ ਨਾਲ ਕੱਟੀਆਂ ਹਨ। ਇਸ ਦੇ ਘਰ ਵਿਚ ਇਸ ਦੇ ਬਿਰਧ ਮਾਤਾ ਪਿਤਾ, ਤੇ ਤਿੰਨ ਬੱਚੇ ਹਨ। ਇਹ ਕੈਦੀ ਰਿਹਾਅ ਹੋ ਕੇ ਆਪਣੇ ਬਿਰਧ ਮਾਤਾ ਪਿਤਾ ਤੇ ਬੱਚਿਆਂ ਦੀ ਦੇਖ-ਭਾਲ ਕਰਨਾ ਚਾਹੁੰਦਾ ਹੈ। ਇਹ ਵਿਅਕਤੀ ਚੰਗੇ ਨਾਗਰਿਕ ਵਾਂਗ ਆਪਣੀ ਜਿੰਦਗੀ ਬਤੀਤ ਕਰਨਾ ਚਾਹੁੰਦਾ ਹੈ। ਇਸ ਵਿਅਕਤੀ ਦੇ ਅਗੇਤਰੀ ਰਿਹਾਅ ਹੋਣ ‘ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ ਅਤੇ ਨਾ ਕਿਸੇ ਕਿਸਮ ਦੇ ਅਮਨ ਕਾਨੂੰਨ ਭੰਗ ਹੋਣ ਦਾ ਕੋਈ ਖਤਰਾ ਹੈ। ਇਸ ਲਈ ਅਸੀਂ ਪੰਚਾਇਤ ਅਤੇ ਇਲਾਕਾ ਨਿਵਾਸੀ ਇਸ ਵਿਅਕਤੀ ਦੇ ਰਿਹਾ ਕਰਨ ਦੀ ਪੁਰਜ਼ੋਰ ਸਿਫਾਰਸ਼ ਕਰਦ ਹਾਂ”।
ਇਸ ਪੰਚਾਇਤਨਾਮੇ ਥੱਲੇ ਪਿੰਡ ਦੀ ਸਰਪੰਚ ਗੁਰਮੀਤ ਕੌਰ ਸਮੇਤ ਬਾਕੀ ਪੰਚਾਇਤ ਮੈਂਬਰਾਂ ਅਤੇ ਦੋ ਨੰਬਰਦਾਰਾਂ ਦੀਆਂ ਮੋਹਰਾਂ ਸਹਿਤ ਦਸਤਖਤ ਹਨ ਅਤੇ ਨਾਲ ਹੋਰ ਕਈ ਪਿੰਡ ਵਾਸੀਆਂ ਦੇ ਦਸਤਖਤ ਹਨ। ਤਾਂ ਫਿਰ ਦੱਸੋਂ ਕਿ ਪੁਲਿਸ ਸੁਬੇਗ ਸਿੰਘ ਦੀ ਜਿੰਮੇਵਾਰੀ ਚੁੱਕਣ ਲਈ ਕਿਹੜੇ ਪਿੰਡ ਫਿਰਦੀ ਰਹੀ ਜਾਂ ਫਿਰ ਹਰ ਸਿੱਖ ਕੈਦੀ ਦੀ ਰਿਹਾਈ ਲਈ ਬਾਦਲ ਪਿੰਡ ਦੀ ਸਿਫਾਰਸ ਜਰੂਰੀ ਹੈ ਕਿਉਂ ਜੋ ਪੰਜਾਬ ਦਾ ਮੁੱਖ ਮੰਤਰੀ , ਉਪ-ਮੁੱਖ ਮੰਤਰੀ, ਕੇਂਦਰ ਸਰਕਾਰ ਵਿਚ ਮੰਤਰੀ ਬਾਦਲ ਪਿੰਡ ਦੇ ਹਨ।
ਅੰਤ ਵਿਚ ਇਹੀ ਕਹਿ ਸਕਦਾ ਹਾਂ ਕਿ ਬਾਦਲ ਦਲ ਉਸਦਾ ਪਰਿਵਾਰ, ਪੰਜਾਬ ਸਰਕਾਰ, ਪੰਜਾਬ ਪੁਲਿਸ ਤੇ ਪ੍ਰਸਾਸ਼ਨ ਰਲਵੇਂ ਰੂਪ ਵਿਚ ਸਿੱਖ ਬੰਦੀਆਂ ਦੀ ਰਿਹਾਈ ਦੇ ਖਿਲਾਫ ਹਨ ਅਤੇ ਇਹ ਕਿਸੇ ਬੰਦੀ ਸਿੰਘ ਦੀ ਰਿਹਾਈ ਤਾਂ ਇਕ ਪਾਸੇ ਰਹੀਂ ਸਗੋਂ ਉਹਨਾਂ ਦੀ ਰਿਹਾਈ ਦੀ ਸਿਫਾਰਸ਼ ਵੀ ਨਹੀਂ ਕਰਦੇ। ਹਾਂ ! ਰਿਹਾਈਆਂ ਨਾਲ ਇਹਨਾਂ ਦੀ ਸੱਤਾ ਭੁੱਖ ਦੀ ਅੱਗ ਵਿਚ ਹੋਰ ਬਾਲਣ ਪੈ ਜਾਣ ਦਾ ਮੌਕਾ ਬਣਦਾ ਹੋਇਆ ਤਾਂ ਕੁਝ ਕਰਨਗੇ ਨਹੀਂ ਤਾਂ ਮੱਝਾਂ ਅੱਗੇ ਬੀਨਾਂ ਬਜਾਉਂਣ ਦਾ ਕੋਈ ਫਾਇਦਾ ਨਹੀਂ। ਪਰਮਾਤਮਾ ਸੁਮੱਤ ਬਖਸ਼ੇ।