ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਨੇਪਾਲ ਵਿੱਚ ਆਏ ਭੁਚਾਲ ਦੇ ਪੀੜ੍ਹਤਾਂ ਤੱਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਜਾ ਰਹੇ ਲੰਗਰ ਆਦਿਕ ਦੇ ਪ੍ਰਬੰਧਾਂ ਦਾ ਜਾਇਜਾ ਲਿਆ। ਗੁਰਦੁਆਰਾ ਬੰਗਲਾ ਸਾਹਿਬ ਵਿਖੇ ਦਿੱਲੀ ਕਮੇਟੀ ਵੱਲੋਂ 25 ਹਜ਼ਾਰ ਫੂਡ ਪੈਕੇਟ ਰੋਜ਼ਾਨਾ ਭੇਜਣ ਵਾਸਤੇ ਲਗਾਏ ਗਏ ਵਿਸ਼ੇਸ਼ ਪੰਡਾਲ ਦਾ ਜਾਇਜ਼ਾ ਲੈਂਦੇ ਹੋਏ ਲੰਗਰ ਪਕਾਉਣ ਵੇਲੇ ਸਫਾਈ ਅਤੇ ਸੁੱਚਤਾ ਦਾ ਧਿਆਨ ਕਮੇਟੀ ਵੱਲੋਂ ਰੱਖੇ ਜਾਣ ਦੀ ਸ਼ਲਾਘਾ ਵੀ ਬਾਦਲ ਨੇ ਕੀਤੀ। ਲੰਗਰ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਾਦਲ ਨੇ ਤਾਜ਼ਾ ਲੰਗਰ ਪੀੜਤਾਂ ਤੱਕ ਵੱਧ ਤੋਂ ਵੱਧ ਤਾਦਾਦ ਵਿੱਚ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਭੇਜਣ ਦਾ ਦਾਅਵਾ ਵੀ ਕੀਤਾ।
ਸ਼ੁਰੂਆਤੀ ਤੌਰ ਤੇ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਸਾਂਝੇ ਤੌਰ ਤੇ 50 ਹਜ਼ਾਰ ਬੰਦਿਆਂ ਦਾ ਲੰਗਰ ਰੋਜ਼ਾਨਾ ਭੇਜਣ ਦੀ ਜਾਣਕਾਰੀ ਦਿੰਦੇ ਹੋਏ ਬਾਦਲ ਨੇ ਦਿੱਲੀ ਕਮੇਟੀ ਵੱਲੋਂ ਕਾਠਮੰਡੂ ਵਿਖੇ ਲੰਗਰ ਸੇਵਾ ਸ਼ੁਰੂ ਕਰਨ ਲਈ ਅੱਜ ਭੇਜੀ ਗਈ ਅਗਾਂਹੂ ਪੜਤਾਲੀਆ ਟੀਮ ਦਾ ਵੀ ਜ਼ਿਕਰ ਕੀਤਾ। ਦਿੱਲੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਨੂੰ ਸਿਰਫ ਲੰਗਰ ਸੇਵਾ ਤੇ ਹੀ ਫੋਕਸ ਕਰਨ ਦੀ ਹਿਦਾਇਤ ਦਿੰਦੇ ਹੋਏ ਬਾਦਲ ਨੇ ਕਾਠਮੰਡੂ ਵਿਖੇ ਰੋਜ਼ਾਨਾ 25 ਹਜ਼ਾਰ ਬੰਦਿਆਂ ਦਾ ਲੰਗਰ ਪਕਾਉਣ ਲਈ ਇੰਤਜ਼ਾਮ ਕਰਨ ਦੇ ਵੀ ਆਦੇਸ਼ ਦਿੱਤੇ। ਨੇਪਾਲ ਵਿੱਚ ਆਈ ਭਿਆਨਕ ਤ੍ਰਾਸਦੀ ਦੀ ਗੱਲ ਕਰਦੇ ਹੋਏ ਬਾਦਲ ਨੇ ਭਾਰਤੀ ਫੌਜ ਅਤੇ ਭਾਰਤੀ ਹਵਾਈ ਫੌਜ ਨਾਲ ਖੁਦ ਰਾਬਤਾ ਕਾਇਮ ਕਰਕੇ ਦੋਹਾਂ ਗੁਰਦੁਆਰਾ ਕਮੇਟੀਆਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਦਾ ਭਰੋਸਾ ਵੀ ਦਿੱਤਾ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਸਵੇਰੇ 15 ਹਜ਼ਾਰ ਫੂਡ ਪੈਕੇਟ ਕਮੇਟੀ ਵੱਲੋਂ ਭੇਜਣ ਦੀ ਜਾਣਕਾਰੀ ਦਿੰਦੇ ਹੋਏ ਭਾਰਤੀ ਹਵਾਈ ਸੈਨਾ ਵੱਲੋਂ ਲੋੜੀਂਦਾ ਸਹਿਯੋਗ ਮਿਲਣ ਉਤੇ ਫੂਡ ਪੈਕੇਟਾਂ ਦੀ ਗਿਣਤੀ ਹੋਰ ਵਧਾਉਣ ਦਾ ਵੀ ਦਾਅਵਾ ਕੀਤਾ। ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਸਰਕਾਰ ਵੱਲੋਂ ਅੱਜ ਪਾਣੀ ਅਤੇ ਸੁੱਕੇ ਦੁੱਧ ਦੀ ਕੀਤੀ ਗਈ ਮਦਦ ਦੀ ਮੰਗ ਨੂੰ ਕਮੇਟੀ ਵੱਲੋਂ ਮਨਜੂਰ ਕਰਨ ਦੀ ਵੀ ਜਾਣਕਾਰੀ ਦਿੱਤੀ। ਸਿਰਸਾ ਨੇ ਅੱਜ ਹੀ ਦਿੱਲੀ ਸਰਕਾਰ ਨੂੰ ਪਾਣੀ ਅਤੇ ਜ਼ਰੂਰੀ ਰਸਦ ਦੇਣ ਦਾ ਵੀ ਭਰੋਸਾ ਦਿੱਤਾ।
ਇਸ ਤੋਂ ਪਹਿਲਾਂ ਸਵੇਰੇ ਕਮੇਟੀ ਵੱਲੋਂ ਪਾਲਮ ਹਵਾਈ ਅੱਡੇ ਉਤੇ ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ ਦੀ ਨਿਗਰਾਨੀ ਹੇਠ ਭੇਜੇ ਗਏ ਲੰਗਰ ਨੂੰ ਐਨ.ਡੀ.ਆਰ.ਐਫ. ਦੇ ਹਵਾਲੇ ਕੀਤਾ ਗਿਆ। ਸੀਨੀਅਰ ਅਕਾਲੀ ਆਗੂ ਉਂਕਾਰ ਸਿੰਘ ਥਾਪਰ ਦੀ ਅਗਵਾਈ ਹੇਠ ਇੱਕ ਵਫਦ ਜਿਸ ਵਿੱਚ ਕਮੇਟੀ ਮੈਂਬਰ ਚਮਨ ਸਿੰਘ ਅਤੇ ਸਮਰਦੀਪ ਸਿੰਘ ਸ਼ੰਨੀ ਕਾਠਮਾਂਡੂੰ ਵਿਖੇ ਲੰਗਰ ਕੈਂਪ ਦੀ ਸਥਾਪਨਾ ਲਈ ਲੋੜੀਂਦਾ ਸਾਜੋ ਸਮਾਨ ਅਤੇ ਮਨਜ਼ੂਰੀ ਦਾ ਜਾਇਜ਼ਾ ਲੈਣ ਲਈ ਅੱਜ ਰਵਾਨਾ ਹੋਏ ਹਨ। ਇਸ ਮੌਕੇ ਕਮੇਟੀ ਦੇ ਜਾਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਸੀਨੀਅਰ ਅਕਾਲੀ ਆਗੂ ਬਲਵੰਤ ਸਿੰਘ ਰਾਮੂਵਾਲੀਆ, ਅਵਤਾਰ ਸਿੰਘ ਹਿਤ, ਕੁਲਦੀਪ ਸਿੰਘ ਭੋਗਲ, ਦਿੱਲੀ ਕਮੇਟੀ ਮੈਂਬਰ ਦਰਸ਼ਨ ਸਿੰਘ, ਜਸਬੀਰ ਸਿੰਘ ਜੱਸੀ, ਪਰਮਜੀਤ ਸਿੰਘ ਰਾਣਾ, ਪਰਮਜੀਤ ਸਿੰਘ ਚੰਢੋਕ, ਗੁਰਦੇਵ ਸਿੰਘ ਭੋਲਾ, ਜੀਤ ਸਿੰਘ ਖੋਖਰ, ਹਰਵਿੰਦਰ ਸਿੰਘ ਕੇ।ਪੀ। ਤੋਂ ਇਲਾਵਾ ਹੋਰ ਮੈਂਬਰ ਵੀ ਮੌਜ਼ੂਦ ਸਨ।