ਤਹਿਰਾਨ – ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਆਫ ਈਰਾਨ ਐਂਡ ਸੀਰੀਆ (ISIS) ਦੇ ਮੁੱਖੀ ਅੱਬੂ ਬਕਰ ਅਲ-ਬਗਦਾਦੀ ਦੇ ਮਾਰੇ ਜਾਣ ਦੀਆਂ ਖਬਰਾਂ ਆ ਰਹੀਆਂ ਹਨ। ਈਰਾਨ ਦੇ ਰੇਡੀਓ ਨੇ ਦਾਅਵੇ ਨਾਲ ਕਿਹਾ ਹੈ ਕਿ ਅਲ- ਬਗਦਾਦੀ ਦੀ ਮੌਤ ਹੋ ਗਈ ਹੈ। ਪਿੱਛਲੇ ਹਫ਼ਤੇ ਅਮਰੀਕੀ ਸੈਨਾਵਾਂ ਦੇ ਹਵਾਈ ਹਮਲੇ ਦੌਰਾਨ ਬਗਦਾਦੀ ਜਖਮੀ ਹੋ ਗਿਆ ਸੀ। ਬਾਅਦ ਵਿੱਚ ਉਸ ਦੀ ਸਿਹਤ ਵਿੱਚ ਸੁਧਾਰ ਹੋਣ ਸਬੰਧੀ ਵੀ ਕਿਆਸ ਲਗਾਏ ਜਾ ਰਹੇ ਸਨ, ਪਰ ਹੁਣ ਉਸ ਦੀ ਮੌਤ ਦੀ ਸੂਚਨਾ ਮਿਲ ਰਹੀ ਹੈ। ਅਜੇ ਤੱਕ ਹੋਰ ਕਿਸੇ ਵੀ ਸਰੋਤ ਨੇ ਆਈਐਸ ਦੇ ਮੁੱਖੀ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ।
ਈਰਾਨ ਦੇ ਰੇਡੀਓ ਦੁਆਰਾ ਬਗਦਾਦੀ ਦੀ ਮੌਤ ਬਾਰੇ ਕੀਤਾ ਜਾ ਰਿਹਾ ਇਹ ਦਾਅਵਾ ਜੇ ਸਹੀ ਹੋਇਆ ਤਾਂ ਇਸ ਨਾਲ ਅੱਤਵਾਦੀ ਸੰਗਠਨ ਨੂੰ ਬਹੁਤ ਵੱਡਾ ਝੱਟਕਾ ਲਗ ਸਕਦਾ ਹੈ। ਨਿੰਵੇਹ ਸੂਬੇ ਦੇ ਅਲ-ਬਾਜ਼ ਵਿੱਚ 8 ਮਾਰਚ ਨੂੰ ਅਮਰੀਕੀ ਸੈਨਾ ਵੱਲੋਂ ਕੀਤੇ ਗਏ ਹਵਾਈ ਹਮਲੇ ਵਿੱਚ ਬਗਦਾਦੀ ਨੂੰ ਗੰਭੀਰ ਸੱਟਾਂ ਲਗੀਆਂ ਸਨ। ਇਸ ਖੂੰਖਾਰ ਅੱਤਵਾਦੀ ਦੇ ਜਖਮੀ ਹੋਣ ਨਾਲ ਆਈਐਸ ਦੇ ਨੇਤਾਵਾਂ ਨੂੰ ਉਸ ਦੇ ਬਚ ਜਾਣ ਦੀ ਘੱਟ ਹੀ ਉਮੀਦ ਸੀ। ਜਿਸ ਕਰਕੇ ਆਈਐਸ ਨੇ ਝੱਟਪੱਟ ਬੈਠਕ ਕਰਕੇ ਬਗਦਾਦੀ ਦੀ ਜਗ੍ਹਾ ਨਵੇਂ ਨੇਤਾ ਸਬੰਧੀ ਵਿਚਾਰ ਵਟਾਂਦਰਾ ਕਰਕੇ ਸਾਬਕਾ ਪ੍ਰੋਫੈਸਰ ਅਬੂ ਅਲਾ ਆਫਰੀ ਨੂੰ ਅਸਥਾਈ ਨੇਤਾ ਚੁਣ ਲਿਆ ਹੈ। ਆਫਰੀ ਨੇ ਆਈਐਸ ਦੀ ਕਮਾਨ ਸੰਭਾਲ ਲਈ ਹੈ।ਆਫਰੀ ਨੂੰ ਬਗਦਾਦੀ ਦਾ ਸੱਜਾ ਹੱਥ ਸਮਝਿਆ ਜਾਂਦਾ ਸੀ।