ਮੋਗਾ – ਪੰਜਾਬ ਵਿੱਚ ਚੱਲਦੀ ਬੱਸ ਵਿੱਚ ਇੱਕ ਮਾਂ ਅਤੇ ਧੀ ਨਾਲ ਛੇੜਛਾੜ ਅਤੇ ਇਤਰਾਜ਼ਯੋਗ ਵਤੀਰਾ ਕੀਤਾ ਗਿਆ। ਵਹਿਸ਼ੀ ਦਰਿੰਦਿਆਂ ਤੋਂ ਬੱਚਣ ਲਈ ਮਾਂ-ਬੇਟੀ ਨੇ ਬੱਸ ਵਿੱਚੋਂ ਛਾਲ ਮਾਰ ਦਿੱਤੀ। ਜਿਸ ਕਾਰਣ 13 ਸਾਲਾ ਧੀ ਦੀ ਮੌਤ ਹੋ ਗਈ ਅਤੇ ਮਾਂ ਬੁਰੀ ਤਰ੍ਹਾਂ ਜਖਮੀ ਹੋ ਗਈ। ਜਿਸ ਬੱਸ ਵਿੱਚ ਇਹ ਹਾਦਸਾ ਵਾਪਰਿਆ ਉਹ ਬਾਦਲ ਪਰੀਵਾਰ ਦੀ ਕੰਪਨੀ ਦੀ ਦੱਸੀ ਜਾ ਰਹੀ ਹੈ। ਇਹ ਹਾਦਸਾ ਵਾਪਰਨ ਤੋਂ 12 ਘੰਟੇ ਬਾਅਦ ਪੁਲਿਸ ਨੇ ਹੱਤਿਆ ਦਾ ਕੇਸ ਦਰਜ਼ ਕੀਤਾ। ਸੰਸਦ ਵਿੱਚ ਕਾਂਗਰਸ ਨੇ ਇਸ ਘਟਨਾ ਤੇ ਚਰਚਾ ਦੀ ਮੰਗ ਕੀਤੀ ਤਾਂ ਹਰਸਿਮਰਤ ਕੌਰ ਬਾਦਲ ਨੇ ਇਸ ਸਬੰਧੀ ਸਫਾਈ ਦਿੰਦੇ ਹੋਏ ਦੱਸਿਆ ਕਿ ਇਸ ਮਾਮਲੇ ਵਿੱਚ ਕੰਡਕਟਰ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਮੋਗਾ ਤੋਂ ਇਸ ਬੱਸ ਵਿੱਚ ਇੱਕ 35 ਸਾਲ ਦੀ ਔਰਤ ਆਪਣੀ 13 ਸਾਲਾਂ ਦੀ ਧੀ ਨਾਲ ਬੱਸ ਵਿੱਚ ਸਵਾਰ ਹੋਈ ਸੀ। ਸਫਰ ਦੌਰਾਨ ਕੰਡਕਟਰ ਸਮੇਤ ਕੁਝ ਹੋਰ ਲੋਕਾਂ ਨੇ ਔਰਤ ਅਤੇ ਉਸ ਦੀ ਬੇਟੀ ਨਾਲ ਅਸ਼ਲੀਲ ਵਿਹਾਰ ਕਰਨ ਦੀ ਕੋਸਿ਼ਸ਼ ਕੀਤੀ ਤਾਂ ਦੋਵਾਂ ਨੇ ਬੱਸ ਵਿੱਚੋਂ ਛਾਲ ਮਾਰ ਦਿੱਤੀ। ਜਿਸ ਨਾਲ ਉਸ ਨਾਬਾਲਿਗ ਬੱਚੀ ਦੀ ਤਾਂ ਮੌਤ ਹੋ ਗਈ ਤੇ ਮਾਂ ਹਸਪਤਾਲ ਵਿੱਚ ਗੰਭੀਰ ਰੂਪ ਵਿੱਚ ਜਖਮੀ ਹੈ। ਆਰੋਪੀ ਹਾਦਸੇ ਵਾਲੀ ਜਗ੍ਹਾ ਤੇ ਬੱਸ ਛੱਡ ਕੇ ਫਰਾਰ ਹੋ ਗਏ ਸਨ। ਇਹ ਬੱਸ ਸੁਖਬੀਰ ਬਾਦਲ ਦੀ ‘ਟੂਰ ਐਂਡ ਟਰੈਵਲ’ ਕੰਪਨੀ ਦੀ ਹੈ। ਮੁੱਖਮੰਤਰੀ ਬਾਦਲ ਨੇ ਇਹ ਮੰਨਿਆ ਹੈ ਕਿ ਜਿਸ ਬੱਸ ਵਿੱਚ ਇਹ ਵਾਰਦਾਤ ਹੋਈ ਹੈ ਉਹ ਬੱਸ ਉਨ੍ਹਾਂ ਦੀ ਕੰਪਨੀ ਦੀ ਹੈ। ਬਾਦਲ ਨੇ ਇਹ ਵੀ ਕਿਹਾ ਕਿ ਅਜਿਹੀਆਂ ਘਟਨਾਵਾਂ ਦੂਸਰੀਆਂ ਬੱਸਾਂ ਵਿੱਚ ਵੀ ਹੁੰਦੀਆਂ ਰਹਿੰਦੀਆਂ ਹਨ।