ਵਾਸ਼ਿੰਗਟਨ – ਅਮਰੀਕਾ ਦੇ ਅੰਤਰਰਾਸ਼ਟਰੀ ਧਾਰਮਿਕ ਸੁਤੰਤਰਤਾ ਕਮਿਸ਼ਨ ਨੇ ਭਾਰਤ ਦੀ ਬੀਜੇਪੀ ਸਰਕਾਰ ਦੀ ਸਖਤ ਆਲੋਚਨਾ ਕੀਤੀ ਹੈ। ‘ਘਰ ਵਾਪਸੀ’ ਅਤੇ ਈਸਾਈਆਂ ਦੇ ਖਿਲਾਫ਼ ਹਿੰਸਾ ਵਰਗੀਆਂ ਗੱਲਾਂ ਅਤੇ ਬੀਜੇਪੀ ਨੇਤਾਵਾਂ ਵੱਲੋਂ ਘੱਟਗਿਣਤੀਆਂ ਤੇ ਇਤਾਜ਼ਯੋਗ ਟਿਪਣੀਆਂ ਨੂੰ ਲੈ ਕੇ ਕਮਿਸ਼ਨ ਨੇ ਸਰਕਾਰ ਤੇ ਤਿੱਖੇ ਵਾਰ ਕੀਤੇ ਹਨ।
ਅੰਤਰਰਾਸ਼ਟਰੀ ਧਾਰਮਿਕ ਸੁਤੰਤਰਤਾ ਕਮਿਸ਼ਨ ਨੇ 2015 ਦੀ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2014 ਦੇ ਚੋਣ ਨਤੀਜਿਆਂ ਤੋਂ ਬਾਅਦ ਬੀਜੇਪੀ ਨੇਤਾਵਾਂ ਨੇ ਧਾਰਮਿਕ ਘੱਟ ਗਿਣਤੀਆਂ ਤੇ ਅਪਮਾਨਜਨਕ ਟਿਪਣੀਆਂ ਕੀਤੀਆਂ ਹਨ ਅਤੇ ਹਿੰਦੂ ਰਾਸ਼ਟਰਵਾਦੀ ਸੰਗਠਨਾਂ ਨੇ ਜਬਰਦਸਤੀ ਧਰਮ ਪ੍ਰੀਵਰਤਣ ਅਤੇ ਹਮਲਿਆਂ ਵਰਗੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਹੈ।
ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ, ‘ਉਤਰਪ੍ਰਦੇਸ਼, ਉੜੀਸਾ, ਆਂਧਰਾ ਪ੍ਰਦੇਸ਼, ਗੁਜਰਾਤ, ਬਿਹਾਰ, ਛਤੀਸਗੜ੍ਹ, ਮਹਾਂਰਾਸ਼ਟਰ, ਮੱਧਪ੍ਰਦੇਸ਼, ਕਰਨਾਟਕ ਅਤੇ ਰਾਜਸਥਾਨ ਵਿੱਚ ਸੱਭ ਤੋਂ ਵੱਧ ਧਾਰਮਿਕ ਹਮਲੇ ਹੋਣ ਦਾ ਸ਼ੱਕ ਹੈ। ਗੈਰਸਰਕਾਰੀ ਸੰਸਥਾਵਾਂ ਅਤੇ ਘੱਟ ਗਿਣਤੀ ਨੇਤਾਵਾਂ ਨੇ 2014 ਦੀਆਂ ਆਮ ਚੋਣਾਂ ਵਿੱਚ ਧਾਰਮਿਕ ਵੰਡ ਦੇ ਆਧਾਰ ਤੇ ਹੋਏ ਚੋਣ ਪਰਚਾਰ ਨੂੰ ਇਸ ਦਾ ਕਾਰਣ ਦੱਸਿਆ ਹੈ।’
ਇਸ ਰਿਪੋਰਟ ਵਿੱਚ ਵਿਹਿਪ ਦੇ ਘਰ ਵਾਪਸੀ ਦੇ ਪ੍ਰੋਗਰਾਮ ਅਤੇ ਬੀਜੇਪੀ ਨੇਤਾਵਾਂ ਦੇ ਮੁਸਲਮਾਨਾਂ ਅਤੇ ਈਸਾਈਆਂ ਸਬੰਧੀ ਦਿੱਤੇ ਗਏ ਬਿਆਨਾਂ ਦਾ ਹਵਾਲਾ ਦਿੱਤਾ ਗਿਆ ਹੈ। ਭਾਰਤ ਵਿੱਚ ਘੱਟ ਗਿਣਤੀਆਂ ਦੇ ਹਾਲਾਤ ਦੇ ਆਧਾਰ ਤੇ ਕਮਿਸ਼ਨ ਨੇ ਭਾਰਤ ਨੂੰ ਵਿਸ਼ਵ ਦੇ ਦੇਸ਼ਾਂ ਦੀ ਹੇਠਲੀ ਸੂਚੀ ਵਿੱਚ ਰੱਖਿਆ ਹੈ।