ਪੰਜਾਬ ਵਿੱਚ ਵਧਦੇ ਅਪਰਾਧਾਂ ਕਰਕੇ ਸਾਰੇ ਲੋਕ ਪਰੇਸ਼ਾਨ ਹਨ, ਪਰੰਤੂ ਪੰਜਾਬ ਸਰਕਾਰ ‘ਤੇ ਇਸਦਾ ਕੋਈ ਅਸਰ ਨਹੀਂ ਸਗੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਰਿਸ਼ਤੇਦਾਰਾਂ ਨੂੰ ਬਿਨਾਂ ਕਿਸੇ ਘੋਖ ਵਿਚਾਰ ਦੇ ਹੀ ਕਲੀਨ ਚਿੱਟ ਦੇ ਦਿੰਦੇ ਹਨ। ਮੇਰਾ ਕਹਿਣ ਤੋਂ ਭਾਵ ਸਭ ਨੂੰ ਹੀ ਪਤਾ ਹੈ। ਪਿਛਲੇ ਕੁਝ ਮਹੀਨੇ ਪਹਿਲਾਂ ਜਦੋਂ ਸੁਖਬੀਰ ਬਾਦਲ ਦੇ ਸਾਲੇ ਬਿਕਰਮਜੀਤ ਸਿੰਘ ਮਜੀਠੀਆ ‘ਤੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਦੇ ਚਰਚੇ ਹੋਏ ਤਾਂ ਬਾਦਲ ਸਾਹਿਬ ਨੇ ਇਹ ਮਾਮਲਾ ਕਿਸੇ ਜਾਂਚ ਏਜੰਸੀ ਨੂੰ ਦੇਣ ਜਾਂ ਇਸਦੀ ਮੈਜਿਸਟ੍ਰੇਟ ਰਾਹੀਂ ਜਾਂਚ ਕਰਵਾਉਣ ਦੀ ਬਜਾਏ ਆਪਣੇ ਇਸ ਰਿਸ਼ਤੇਦਾਰ ਨੂੰ ਕਲੀਨ ਚਿੱਟ ਦੇ ਦਿੱਤੀ। ਇਹੀ ਕਾਰਨ ਹੈ ਕਿ ਮੌਜੂਦਾ ਸਮੇਂ ਪੰਜਾਬ ਦੇ ਹਾਲਾਤ ਇੰਨੇ ਵਿਗੜ ਚੁੱਕੇ ਹਨ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਪੂਰੀ ਤਰ੍ਹਾਂ ਨਸਿ਼ਆਂ ਦੀ ਆਦੀ ਹੋਈ ਪਈ ਹੈ। ਨਸ਼ੇ ਕਰਨ ਵਾਲੇ ਇਨ੍ਹਾਂ ਨੌਜਾਵਾਨ ਲੜਕੇ ਲੜਕੀਆਂ ਨੂੰ ਜਦੋਂ ਪੈਸੇ ਨਹੀਂ ਮਿਲਦੇ ਤਾਂ ਉਹ ਕਈ ਪ੍ਰਕਾਰ ਦੇ ਅਪਰਾਧਿਕ ਮਾਮਲਿਆਂ ਵਿਚ ਫੱਸ ਜਾਂਦੇ ਹਨ।
ਇਨ੍ਹਾਂ ਵਿੱਚ ਲੁੱਟਾਂ ਖੋਹਾਂ ਕਰਨੀਆਂ, ਚੋਰੀਆਂ ਕਰਨੀਆਂ ਆਦਿ ਆਮ ਗੱਲ ਹੈ। ਇਹ ਹੀ ਨਹੀਂ ਜਦੋਂ ਲੜਕੇ ਜਾਂ ਲੜਕੀਆਂ ਨੂੰ ਵਧੇਰੇ ਪੈਸਿਆਂ ਦੀ ਲੋੜ ਹੁੰਦੀ ਹੈ ਤਾਂ ਉਹ ਅਸ਼ਲੀਲ ਫਿ਼ਲਮਾਂ ਆਦਿ ਬਨਾਉਣ ਦੀਆਂ ਹੱਦਾਂ ਵੀ ਪਾਰ ਕਰ ਜਾਂਦੇ ਹਨ। ਲੜਕੀਆਂ ਜਿਸਮ ਵੇਚਕੇ ਇਨ੍ਹਾਂ ਨਸਿ਼ਆਂ ਦੀ ਆਪਣੀ ਭੈੜੀ ਆਦਤ ਨੂੰ ਪੂਰਿਆਂ ਕਰਨ ਵਿਚ ਵੀ ਗੁਰੇਜ਼ ਨਹੀਂ ਕਰਦੀਆਂ।
ਕੁਝ ਸਾਲ ਹੋਏ ਦਿੱਲੀ ਵਿਚ ਇਕ ਲੜਕੀ ਦੀ ਕੁਝ ਲੋਕਾਂ ਨੇ ਚਲਦੀ ਬੱਸ ‘ਚ ਇੱਜ਼ਤ ਲੁੱਟੀ ਅਤੇ ਇਸਤੋਂ ਬਾਅਦ ਉਸ ਲੜਕੀ ਦੀ ਮੌਤ ਹੋ ਗਈ। ਇਸਦੇ ਖਿਲਾਫ ਦਿੱਲੀ ਹੀ ਨਹੀਂ ਪੂਰੇ ਭਾਰਤ ਵਿਚ ਦਿਖਾਵੇ ਹੋਣੇ ਸ਼ੁਰੂ ਹੋ ਗਏ। ਇਨ੍ਹਾਂ ਦਿਖਾਵਿਆਂ ਵਿਚ ਪੰਜਾਬ ਦੀਆਂ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਝੋਲੀ ਚੁੱਕਾਂ ਵਲੋਂ ਵੀ ਮੁਜਾਹਰੇ ਕੀਤੇ ਗਏ। ਇਸਦੇ ਉਲਟ ਪਿਛਲੇ ਦਿਨੀਂ ਇਕ ਮਾਸੂਮ ਲੜਕੀ ਅਤੇ ਉਸਦੀ ਮਾਂ ਨੂੰ ਆਪਣੀ ਇੱਜ਼ਤ ਬਚਾਉਣ ਲਈ ਚਲਦੀ ਬਸ ਚੋਂ ਛਾਲਾਂ ਮਾਰਨੀਆਂ ਪਈਆਂ ਜਾਂ ਸ਼ਰਾਰਤੀ ਲੋਕਾਂ ਵਲੋਂ ਉਨ੍ਹਾਂ ਨੂੰ ਚਲਦੀ ਬੱਸ ਚੋਂ ਹੇਠਾਂ ਸੁੱਟ ਦਿੱਤਾ ਗਿਆ। ਕਿਉਂਕਿ ਕੁਝ ਅਖਬਾਰਾਂ ਵਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਛਾਲ ਮਾਰ ਦਿੱਤੀ ਅਤੇ ਕੁਝ ਵਲੋਂ ਕਿਹਾ ਜਾ ਰਿਹਾ ਹੈ ਕਿ ਇੱਜ਼ਤ ‘ਤੇ ਹੱਥ ਪਾਉਣ ਵਾਲਿਆਂ ਵਲੋਂ ਉਨ੍ਹਾਂ ਨੂੰ ਹੇਠਾਂ ਸੁੱਟਿਆ ਗਿਆ। ਇਹ ਬੱਸ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਵਾਰ ਦੀ ਦੇਖ ਰੇਖ ਵਿਚ ਚਲਾਈ ਜਾ ਰਹੀ ਓਰਬਟ ਕੰਪਨੀ ਦੀ ਸੀ। ਇਸ ਦੌਰਾਨ ਲੜਕੀ ਦੀ ਮੌਤ ਹੋ ਗਈ ਅਤੇ ਉਸਦੀ ਮਾਂ ਦਾ ਹਸਪਤਾਲ ਵਿਚ ਇਲਾਜ਼ ਚਲ ਰਿਹਾ ਹੈ। ਇਹ ਹੀ ਨਹੀਂ ਪੰਜਾਬ ਵਿਚ ਇੱਜ਼ਤ ਲੁੱਟਣ ਦੀਆਂ ਅਨੇਕਾਂ ਖਬਰਾਂ ਛਪਦੀਆਂ ਰਹਿੰਦੀਆਂ ਹਨ। ਇਸ ਸਭ ਕੁਝ ਦੇ ਬਾਵਜੂਦ ਸਰਕਾਰ ਅੱਖਾਂ ਬੰਦ ਕਰੀ ਬੈਠੀ ਹੈ।
ਪੁਰਾਣੇ ਵੇਲਿਆਂ ਵਿਚ ਇਕ ਕਹਾਵਤ ਮਸ਼ਹੂਰ ਸੀ ਕਿ ਚੋਰ ਨੂੰ ਨਾ ਮਾਰੋ ਉਸਦੀ ਮਾਂ ਨੂੰ ਮਾਰੋ। ਇਨ੍ਹਾਂ ਹਾਲਾਤ ਵਿਚ ਮੇਰੀ ਰਾਏ ਵੀ ਇਸ ਕਹਾਵਤ ਦੀ ਹਾਮੀ ਭਰਦੀ ਹੈ। ਜੇਕਰ ਸਾਨੂੰ ਨਸਿ਼ਆਂ ਦੇ ਹਾਲਾਤ ਨੂੰ ਕਾਬੂ ਵਿਚ ਕਰਨਾ ਹੈ ਤਾਂ ਨਸ਼ੇ ਕਰਨ ਵਾਲੇ ਵਕਤ ਦੇ ਮਾਰੇ ਨੌਜਵਾਨਾਂ ਨੂੰ ਫੜਣ ਦੀ ਬਜਾਏ ਨਸਿ਼ਆਂ ਨੂੰ ਵੇਚਣ ਵਾਲਿਆਂ ਨੂੰ ਫੜਣ ਦੀ ਲੋੜ ਹੈ। ਪੰਜਾਬ ਵਿਚ ਵੱਧ ਰਹੀ ਨਸਿ਼ਆਂ ਦੀ ਵਰਤੋਂ ਕਰਕੇ ਵੀ ਅਪਰਾਧਾਂ ਵਿਚ ਹੱਦੋਂ ਵੱਧ ਵਾਧਾ ਹੋਇਆ ਹੈ। ਇਨ੍ਹਾਂ ਹਾਲਾਤ ਵਿਚ ਜੇਕਰ ਪੁਲਿਸ ਜਾਂ ਸਰਕਾਰ ਚਾਹੇ ਤਾਂ ਨਸਿ਼ਆਂ ਦੀ ਵਰਤੋਂ ਕਰਨ ਵਾਲੇ ਨੌਜਵਾਨਾਂ ਨੂੰ ਫੜਕੇ ਉਨ੍ਹਾਂ ਪਾਸੋਂ ਇਹ ਪੁੱਛੇ ਕਿ ਤੁਹਾਨੂੰ ਇਹ ਨਸ਼ੇ ਵੇਚਦਾ ਕੌਣ ਹੈ ਅਤੇ ਫਿਰ ਨਸ਼ੇ ਵੇਚਣ ਵਾਲਿਆਂ ਨੂੰ ਫੜੇ ਤਾਂ ਨਸ਼ੇ ਪੰਜਾਬ ਚੋਂ ਜਲਦ ਹੀ ਬੰਦ ਹੋ ਸਕਦੇ ਹਨ।
ਹੁਣ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਬਿੱਲੀ ਦੇ ਗੱਲ ਟੱਲੀ ਕੌਣ ਬੰਨ੍ਹੇ ਅਖਬਾਰਾਂ ਦੀਆਂ ਸੁਰਖੀਆਂ ਵਿਚ ਇਹ ਆਉਂਦਾ ਹੈ ਕਿ ਸਿਆਸੀ ਲੀਡਰਾਂ ਵਲੋਂ ਇਹ ਕਾਰੋਬਾਰ ਪੂਰੇ ਜ਼ੋਰ ਨਾਲ ਚਲਾਏ ਜਾ ਰਹੇ ਹਨ। ਇਸਤੋਂ ਬਾਅਦ ਗੱਲ ਆਉਂਦੀ ਹੈ ਪੁਲਿਸ ਦੀ ਉਹ ਕਿਵੇਂ ਨਸ਼ੇ ਵੇਚਣ ਵਾਲਿਆਂ ਨੂੰ ਫੜਣਗੇ ਜਿਨ੍ਹਾਂ ਦਾ ਗੁਜ਼ਾਰਾ ਇਨ੍ਹਾਂ ਲੋਕਾਂ ਦੇ ਸਿਰ ‘ਤੇ ਹੀ ਚਲ ਰਿਹਾ ਹੈ। ਪੰਜਾਬ ਜਿਸਨੂੰ ਸੂਰਬੀਰਾਂ ਦੀ ਧਰਤੀ ਕਿਹਾ ਜਾਂਦਾ ਸੀ ਉਹ ਧਰਤੀ ਅੱਜ ਕੱਲ ਨਸਿ਼ਆਂ ਦੀ ਵਰਤੋਂ ਕਰਨ ਵਾਲਿਆਂ ਦੀ ਧਰਤੀ ਬਣ ਗਈ ਹੈ। ਲੇਕਨ ਸਾਡੀਆਂ ਸਰਕਾਰਾਂ ਇਨ੍ਹਾਂ ਸਭ ਤੋਂ ਜਾਣੂੰ ਹੁੰਦੀਆਂ ਹੋਈਆਂ ਵੀ ਅਨਜਾਣ ਬਣੀਆਂ ਬੈਠੀਆਂ ਹਨ। ਇਥੇ ਸਰਕਾਰਾਂ ਮੈਂ ਇਸ ਲਈ ਕਿਹਾ ਹੈ ਕਿ ਅਕਾਲੀ-ਭਾਜਪਾ ਸਰਕਾਰ ਹੋਵੇ ਜਾਂ ਕਾਂਗਰਸ ਸਰਕਾਰ ਇਹ ਹੋਂਦ ਵਿਚ ਹੀ ਉਦੋਂ ਆਉਂਦੀਆਂ ਹਨ ਜਦੋਂ ਇਨ੍ਹਾਂ ਨੂੰ ਆਪਣਾ ਚੋਣ ਪ੍ਰਚਾਰ ਕਰਨ ਲਈ ਨਸਿ਼ਆਂ ਦਾ ਧੰਦਾ ਕਰਨ ਵਾਲਿਆਂ, ਜਮ੍ਹਾਂ ਖੋਰਾਂ, ਟੈਕਸਾਂ ਦੀ ਚੋਰੀ ਕਰਨ ਵਾਲੇ ਵਪਾਰੀਆਂ ਆਦਿ ਪਾਸੋਂ ਜਮ੍ਹਾਂ ਕੀਤਾ ਗਿਆ ਕਾਲਾ ਧੰਨ ਮਿਲਦਾ ਹੈ। ਨਹੀਂ ਤਾਂ ਇਨ੍ਹਾਂ ਸਿਆਸੀ ਲੀਡਰਾਂ ਨੂੰ ਪੁੱਛੋ ਕਿ ਇਹ ਕਰੋੜਾਂ ਰੁਪਇਆ ਦਾ ਇੰਤਜ਼ਾਮ ਚੋਣ ਪ੍ਰਚਾਰ ਲਈ ਕਿਥੋਂ ਕਰਦੇ ਹਨ?
ਮੌਜੂਦਾ ਸਮੇਂ ਸਿਆਸਤ ਦੇਸ਼ ਸੇਵਾ ਦਾ ਨਾਮ ਨਹੀਂ ਸਗੋਂ ਇਹ ਇਕ ਬਿਜ਼ਨੈਸ ਬਣ ਗਈ ਹੈ। ਤੁਸੀਂ ਇਸ ਕਾਰੋਬਾਰ ਵਿਚ ਕੁਝ ਲੱਖ ਰੁਪਏ ਇਨਵੈਸਟ ਕਰੋ ਅਤੇ ਜਦੋਂ ਤੁਹਾਡੀ ਸਰਕਾਰ ਹੋਂਦ ਵਿਚ ਆ ਜਾਵੇ ਜਾਂ ਤੁਸੀਂ ਐਮਐਲਏ, ਐਮਪੀ, ਜਾਂ ਨਗਰ ਨਿਗਮ ਦੇ ਮੈਂਬਰ ਬਣ ਜਾਓ ਤਾਂ ਫਿਰ ਆਪਣੀ ਖਰਚੀ ਹੋਈ ਪੂੰਜੀ ਨੂੰ ਵਿਆਜ ਸਹਿਤ ਵਾਪਸ ਨਾ ਲਵੋ ਸਗੋਂ ਇਕ ਜੋਕ ਵਾਂਗ ਜਨਤਾ ਦਾ ਖੂਨ ਪੂਰੀ ਤਰ੍ਹਾਂ ਨਿਚੋੜ ਲਵੋ। ਇਕ ਵਾਰ ਮੌਕਾ ਮਿਲਿਆ ਹੈ ਅਗਲੀ ਵਾਰ ਪਤਾ ਨਹੀਂ ਮਿਲਣਾ ਕਿ ਨਹੀਂ ਇਸ ਲਈ ਅਗਲੀਆਂ ਪਿਛਲੀਆਂ ਕਸਰਾਂ ਹੁਣੇ ਹੀ ਪੂਰੀਆਂ ਕਰ ਲਵੋ। ਫਿਰ ਜਦੋਂ ਤੁਸੀਂ ਜਦੋਂ ਜਿੱਤ ਗਏ ਤਾਂ ਜਿਨ੍ਹਾਂ ਨੇ ਤੁਹਾਡੀ ਮਦਦ ਕੀਤੀ ਸੀ ਉਨ੍ਹਾਂ ਦੀਆਂ ਜਾਇਜ਼ ਘੱਟ ਤੇ ਨਾਜਾਇਜ਼ ਵੱਧ ਸਾਰੇ ਹੀ ਧੰਦਿਆਂ ਦਾ ਬਚਾਅ ਕਰਨਾ ਵੀ ਤੁਹਾਡਾ ਫਰਜ਼ ਬਣਦਾ ਹੈ। ਇਹ ਤਾਂ ਇਕ ਹੱਥ ਲੈ ਤੇ ਦੂਜੇ ਹੱਥ ਦੇ ਵਾਲਾ ਕਾਰੋਬਾਰ ਹੈ। ਫਿਰ ਅਸੀਂ ਕਿਵੇਂ ਆਸ ਰੱਖ ਸਕਦੇ ਹਾਂ ਕਿ ਕੋਈ ਵੀ ਸਰਕਾਰ ਸਾਡਾ ਭਲਾ ਜਾਂ ਬਚਾਅ ਕਰੇਗੀ?