ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦਰਮਿਆਨ ਤਲਖੀ ਵੱਧਦੀ ਹੀ ਜਾ ਰਹੀ ਹੈ। ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਾਲ ਹੀ ਵਿੱਚ ਨਾਰਦਰਨ ਜੋਨ ਕੌਂਸਿਲ ਦੀ ਬੈਠਕ ਵਿੱਚ ਰਾਜਨਾਥ ਸਿੰਘ ਨੂੰ ਆੜੇ ਹੱਥੀਂ ਲਿਆ ਸੀ। ਅਕਾਲੀ ਐਮਪੀ ਨਰੇਸ਼ ਗੁਜਰਾਲ ਨੇ ਵੀ ਬੀਜੇਪੀ ਨੂੰ ਘਮੰਡੀ ਕਿਹਾ ਹੈ ਤੇ ਪਾਰਟੀ ਵਿੱਚ ਟੈਲੇਂਟ ਦੀ ਘਾਟ ਹੋਣ ਦੀ ਗੱਲ ਕੀਤੀ ਹੈ।
ਨਾਰਥ ਜਾਨ ਕਾਨਫਰੰਸ ਵਿੱਚ ਭਾਸ਼ਣ ਦੌਰਾਨ ਮੁੱਖਮੰਤਰੀ ਬਾਦਲ ਕੇਂਦਰ ਸਰਕਾਰ ਦੇ ਖਿਲਾਫ਼ ਸਿ਼ਕਾਇਤਾਂ ਨੂੰ ਲੈ ਕੇ ਹਮਲਾਵਰ ਰੂਪ ਵਿੱਚ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਤਖਤ ਸ੍ਰੀ ਹਜ਼ੂਰ ਸਾਹਿਬ ਮੈਨੇਜਮੈਂਟ ਬੋਰਡ ਦੇ ਪ੍ਰਮੁੱਖ ਦੇ ਤੌਰ ਤੇ ਬੀਜੇਪੀ ਐਮਐਲਏ ਤਾਰਾ ਸਿੰਘ ਦੀ ਨਿਯੁਕਤੀ ਬੀਜੇਪੀ ਦਾ ਸਿੱਖ ਮਾਮਲਿਆਂ ਵਿੱਚ ਸਿੱਧਾ ਦਖਲ ਹੈ। ਉਨ੍ਹਾਂ ਨੇ ਕਿਹਾ, ‘ ਮਹਾਂਰਾਸ਼ਟਰ ਸਰਕਾਰ ਨੂੰ ਤਾਰਾ ਸਿੰਘ ਨੂੰ ਨਿਯੁਕਤ ਕਰਨ ਤੋਂ ਪਹਿਲਾਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਨਾਲ ਜੁੜੀ ਸਰਵਉਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਲਾਹ ਕਰ ਲੈਣੀ ਚਾਹੀਦੀ ਸੀ।’
ਬਾਦਲ ਨੇ ਮਹਾਂਰਾਸ਼ਟਰ ਵਿੱਚ ਭਾਜਪਾ ਦੀ ਸਰਕਾਰ ਵੱਲੋਂ ਬੋਰਡ ਮੈਂਬਰਾਂ ਦੀ ਸੰਖਿਆ 17 ਤੋਂ ਵਧਾ ਕੇ 21 ਕਰਨ ਅਤੇ ਇਨ੍ਹਾਂ ਵਿੱਚੋਂ ਐਸਜੀਪੀਸੀ ਦੀ ਨੁਮਾਇੰਦਗੀ ਘੱਟ ਕਰਨ ਲਈ ਵੀ ਦੋਸ਼ੀ ਠਹਿਰਾਇਆ। ਉਨ੍ਹਾਂ ਅਨੁਸਾਰ ਇਹ ਨਹਿਰੂ ਅਤੇ ਮਾਸਟਰ ਤਾਰਾ ਸਿੰਘ ਵਿੱਚਕਾਰ ਹੋਏ ਉਸ ਸਮਝੌਤੇ ਦਾ ਉਲੰਘਣ ਹੈ ਜਿਸ ਅਨੁਸਾਰ ਐਸਜੀਪੀਸੀ ਦੀ ਸਲਾਹ ਤੋਂ ਬਿਨਾਂ ਸਿੱਖ ਮਾਮਲਿਆਂ ਵਿੱਚ ਦਖਲ ਨਾਂ ਦੇਣ ਦੀ ਗੱਲ ਹੈ। ਅਕਾਲੀ ਦਲ ਕੇਂਦਰੀ ਕੈਬਨਿਟ ਵਿੱਚ ਮਿਲੇ ਵਿਭਾਗਾਂ ਤੋਂ ਵੀ ਖੁਸ਼ ਨਹੀਂ ਹੈ।