ਅੰਮ੍ਰਿਤਸਰ – ਸਿੱਖ ਗੁਰੂ ਸਾਹਿਬਾਨ ਨਾਲ ਸਬੰਧਤ ਇਤਿਹਾਸਕ ਨਿਸ਼ਾਨੀਆਂ ਜੋ ਕਿਲ੍ਹਾ ਮੁਬਾਰਕ, ਪਟਿਆਲਾ ਵਿਖੇ ਸੁਸ਼ੋਭਿਤ ਸਨ, ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਇਕ ਵਿਸ਼ੇਸ਼ ਬੱਸ ਵਿੱਚ ਸੁਸ਼ੋਭਿਤ ਕਰਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸੰਗਤਾਂ ਦੇ ਦਰਸ਼ਨਾਂ ਲਈ ਲਿਜਾਇਆ ਜਾਵੇਗਾ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਅਤੇ ਬੁਲਾਰੇ ਸ। ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਇਸ ਸਬੰਧ ਵਿਚ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ੍ਰੋਮਣੀ ਕਮੇਟੀ ਦੇ ਨਿਰਦੇਸ਼ਾਂ ਅਨੁਸਾਰ ਵਿਸ਼ੇਸ਼ ਅਹੁਦੇਦਾਰਾਂ ਤੇ ਅਧਿਕਾਰੀਆਂ ਆਧਾਰਿਤ ਸਬ-ਕਮੇਟੀ ਦੀ ਵਿਸ਼ੇਸ਼ ਮੀਟਿੰਗ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਕੀਤੀ ਗਈ, ਜਿਸ ਵਿਚ ਸ. ਰਘੁਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ, ਪ੍ਰੋ. ਕਿਰਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ, ਗਿਆਨੀ ਮੱਲ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ. ਅਵਤਾਰ ਸਿੰਘ ਸਕੱਤਰ, ਸ. ਦਿਲਜੀਤ ਸਿੰਘ ਐਡੀ. ਸਕੱਤਰ, ਸ. ਸੁਖਵਿੰਦਰ ਸਿੰਘ ਮੈਨੇਜਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ. ਐਸ.ਐਸ. ਕੋਹਲੀ, ਸ. ਐਸ.ਪੀ. ਸਿੰਘ ਅਤੇ ਸ. ਤੇਜਵੰਤ ਸਿੰਘ ਮਾਨ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ।ਇਸ ਇਕੱਤਰਤਾ ਵਿੱਚ ਇਤਿਹਾਸਕ ਨਿਸ਼ਾਨੀਆਂ ਬਾਰੇ ਨਗਰ ਕੀਰਤਨ ਜੋ ਗੁ: ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਤੋਂ ਰਵਾਨਾ ਹੋ ਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਪੂਰਨ ਹੋਵੇਗਾ ਦੀ ਤਿਆਰੀ ਸਬੰਧੀ ਵਿਚਾਰਾਂ ਕੀਤੀਆਂ ਗਈਆਂ।
ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਇਨ੍ਹਾਂ ਇਤਿਹਾਸਕ ਨਿਸ਼ਾਨੀਆਂ ਦੇ ਸੰਗਤਾਂ ਨੂੰ ਦਰਸ਼ਨ ਕਰਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵਿਸ਼ੇਸ਼ ਤੌਰ ‘ਤੇ ਦਿਲਚਸਪੀ ਲੈ ਰਹੇ ਹਨ।ਇਨ੍ਹਾਂ ਇਤਿਹਾਸਿਕ ਨਿਸ਼ਾਨੀਆਂ ਦੇ ਸੰਗਤਾਂ ਨੂੰ ਦਰਸ਼ਨ ਕਰਾਉਣ ਸਬੰਧੀ ਉਲੀਕੇ ਗਏ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ ੬-੫-੧੫ ਨੂੰ ਗੁ: ਸ੍ਰੀ: ਦੂਖ ਨਿਵਾਰਨ ਸਾਹਿਬ ਪਟਿਆਲਾ ਤੋਂ ਸੰਗਰੂਰ, ਬਰਨਾਲਾ, ਮਿਤੀ ੭-੫-੧੫ ਨੂੰ ਬਰਨਾਲਾ ਤੋਂ ਮਾਨਸਾ, ਮੋੜ, ਤਲਵੰਡੀ ਸਾਬੋ, ਮਿਤੀ ੮-੫-੧੫ ਨੂੰ ਤਲਵੰਡੀ ਸਾਬੋ ਤੋਂ ਬਠਿੰਡਾ, ਮਲੋਟ, ਸ੍ਰੀ ਮੁਕਤਸਰ ਸਾਹਿਬ, ਮਿਤੀ ੯-੫-੧੫ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੁਰਾ, ਫਰੀਦਕੋਟ, ਫਿਰੋਜਪੁਰ, ਵਜੀਦਪੁਰ, ਮਿਤੀ ੧੦-੫-੧੫ ਨੂੰ ਵਜੀਦਪੁਰ ਤੋਂ ਮੋਗਾ, ਕੋਟ ਈਸੇ ਖਾਂ, ਜੀਰਾ, ਮਖੂ, ਹਰੀਕੇ, ਮਿਤੀ ੧੧-੫-੧੫ ਨੂੰ ਹਰੀਕੇ ਤੋਂ ਪੱਟੀ, ਭਿੱਖੀਵਿੰਡ, ਝਬਾਲ, ਤਰਨਤਾਰਨ, ਮਿਤੀ ੧੨-੫-੧੫ ਨੂੰ ਤਰਨਤਾਰਨ ਤੋਂ ਜੰਡਿਆਲਾ, ਬਾਬਾ ਬਕਾਲਾ, ਚਂੌਕ ਮਹਿਤਾ, ਅੰਮ੍ਰਿਤਸਰ ਤੱਕ ਇਹ ਨਗਰ ਕੀਰਤਨ ਹੋਵੇਗਾ।ਇਸੇ ਤਰ੍ਹਾਂ ਮਿਤੀ ੧੩-੫-੧੫ ਨੂੰ ਅੰਮ੍ਰਿਤਸਰ ਦੀਆਂ ਸੰਗਤਾਂ ਨੂੰ ਦਰਸ਼ਨ ਕਰਾਉਣ ਉਪਰੰਤ ਮਿਤੀ ੧੪-੫-੧੫ ਨੂੰ ਅੰਮ੍ਰਿਤਸਰ ਤੋਂ ਬਟਾਲਾ, ਸ੍ਰੀ ਹਰਗੋਬਿੰਦਪੁਰ, ਕਾਹਨੂੰਵਾਨ (ਛੋਟਾ ਘੱਲੂਘਾਰਾ), ਮਿਤੀ ੧੫-੫-੧੫ ਨੂੰ ਕਾਹਨੂੰਵਾਨ ਤੋਂ ਗੁਰਦਾਸਪੁਰ, ਮੁਕੇਰੀਆਂ, ਦਸੂਹਾ, ਹੁਸ਼ਿਆਰਪੁਰ, ਮਿਤੀ ੧੬-੫-੧੫ ਨੂੰ ਹੁਸ਼ਿਆਰਪੁਰ ਤੋਂ ਟਾਂਡਾ, ਭੋਗਪੁਰ, ਕਰਤਾਰਪੁਰ, ਕਪੂਰਥਲਾ, ਸੁਲਤਾਨਪੁਰ ਲੋਧੀ, ਮਿਤੀ ੧੭-੫-੧੫ ਨੂੰ ਸੁਲਤਾਨਪੁਰ ਲੋਧੀ ਤੋਂ ਮਲਸੀਆਂ, ਨਕੋਦਰ, ਜਲੰਧਰ, ਫਗਵਾੜਾ, ਮਿਤੀ ੧੮-੫-੧੫ ਨੂੰ ਫਗਵਾੜਾ ਤੋਂ ਲੁਧਿਆਣਾ, ਫਤਿਹਗੜ੍ਹ ਸਾਹਿਬ, ਮਿਤੀ ੧੯-੫-੧੫ ਨੂੰ ਫਤਹਿਗੜ੍ਹ ਸਾਹਿਬ ਤੋਂ ਮੋਹਾਲੀ, ਖਰੜ, ਮੋਰਿੰਡਾ, ਚਮਕੌਰ ਸਾਹਿਬ, ਰੋਪੜ, ਮਿਤੀ ੨੦-੫-੧੫ ਨੂੰ ਰੋਪੜ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਪਤੀ ਹੋਵੇਗੀ।ਸ। ਬੇਦੀ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਦਾ ੩੫੦ ਸਾਲਾ ਸਥਾਪਨਾ ਦਿਵਸ ਜੋ ੧੯ ਜੂਨ ਨੂੰ ਆ ਰਿਹਾ ਹੈ, ਨੂੰ ਸਮਰਪਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਪੁੱਜ ਰਹੀਆਂ ਸੰਗਤਾਂ ਨੂੰ ਜੋ ਉਥੇ ਪਹਿਲਾਂ ਤੋਂ ਸੁਸ਼ੋਭਿਤ ਸ਼ਸ਼ਤਰ ਹਨ ਉਨ੍ਹਾਂ ਦੇ ਨਾਲ ਹੋਣ ਇਨ੍ਹਾਂ ਨਿਸ਼ਾਨੀਆਂ ਦੇ ਦਰਸ਼ਨ ਹੋਣਗੇ।