ਤਲਵੰਡੀ ਸਾਬੋ : ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਗਿਆ। ਜਿਸਦੇ ਪਹਿਲੇ ਪੜਾਅ ਵਿਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ, ਡਾ. ਨਛੱਤਰ ਸਿੰਘ ਮੱਲ੍ਹੀ ਨੇ ਹੋਰ ਯੂਨੀਵਰਸਿਟੀ ਅਧਿਕਾਰੀਆਂ ਦੇ ਨਾਲ ਕੈਂਪਸ ਵਿਖੇ ਪੌਦੇ ਲਗਾਏ। ਯੂਨੀਵਰਸਿਟੀ ਦੇ ਮੁੱਖ ਆਡੀਟੋਰੀਅਮ ਹਾਲ ਵਿਖੇ ਸਮੁੱਚੇ ਕਾਮਿਆਂ ਵਿਚੋਂ ਤਿੰਨ ਵਿਅਕਤੀਆਂ ਦਾ ਉਨ੍ਹਾਂ ਦੀਆਂ ਬਿਹਤਰੀਨ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿਚ ਸਫਾਈ ਸੇਵਕ ਵਿਸ਼ਨੂੰ ਰਾਮ, ਸੇਵਾਦਾਰ ਕਰਮਜੀਤ ਕੌਰ ਅਤੇ ਮਾਲੀ ਕੁਲਦੀਪ ਸਿੰਘ ਦੇ ਨਾਂਅ ਸ਼ਾਮਿਲ ਹਨ। ਇਸ ਮੌਕੇ ਉਪ-ਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਨੇ ਆਪਣੇ ਸੰਬੋਧਨੀ ਭਾਸ਼ਣ ਦੌਰਾਨ ਸਮੁੱਚੇ ਕਾਮਿਆਂ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕਣ ਦੇ ਗੁਰਮਤਿ ਸਿਧਾਂਤ ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਪ੍ਰੋਗਰਾਮ ਵਿਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸਮੂਹ ਡੀਨ, ਡਾਇਰੈਕਟਰ, ਡਿਪਟੀ ਰਜਿਸਟਰਾਰ, ਅਸਟੇਟ ਅਫਸਰ, ਮਨੁੱਖੀ ਵਸੀਲਿਆਂ ਦੇ ਪ੍ਰਬੰਧਕ ਅਤੇ ਹੋਰ ਅਧਿਕਾਰੀਆਂ ਨੇ ਸ਼ਮੂਲੀਅਤ ਕਰਕੇ ਪ੍ਰੋਗਰਾਮ ਦੀ ਸ਼ੋਭਾ ਵਧਾਈ। ਕਾਮਿਆਂ ਵਿਚੋਂ ਸ਼੍ਰੀਮਤੀ ਮਹਿੰਦਰ ਕੌਰ, ਸ਼੍ਰੀਮਤੀ ਭੁਰੋ ਕੌਰ ਅਤੇ ਗੁਰਪ੍ਰੀਤ ਸਿੰਘ ਨੇ ਸਮਾਜ ਨੂੰ ਸੇਧ ਦੇਣ ਵਾਲੀਆਂ ਕਵਿਤਾਵਾਂ ਪੜ੍ਹੀਆਂ ਜਿਸ ਵਿਚ ਸਿੱਖਿਆ, ਨਿਮਰਤਾ ਅਤੇ ਕਿਰਤ ਦੀ ਮਹਾਨਤਾ ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।
ਪ੍ਰੋਗਰਾਮ ਦੇ ਦੂਜੇ ਪੜਾਅ ਵਿਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਵਿਖੇ ਗੁਰੂ ਕਾਸ਼ੀ ਕਾਲਜ, ਤਲਵੰਡੀ ਸਾਬੋ ਦੇ ਅਰਥ-ਸ਼ਾਸ਼ਤਰ ਵਿਭਾਗ ਦੇ ਪ੍ਰੋ. ਡਾ. ਬਲਦੇਵ ਸਿੰਘ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ। ਆਪਣੇ ਕੁੰਜੀਵਤ ਭਾਸ਼ਣ ਦੌਰਾਨ ਮੁੱਖ ਬੁਲਾਰੇ ਨੇ ਮਜਦੂਰ ਦਿਵਸ ਦੇ ਇਤਿਹਾਸ ਤੇ ਚਾਨਣਾ ਪਾਉਂਦਿਆਂ ਵਿਸ਼ੇਸ਼ ਕਰਕੇ ਬਾਲ ਮਜਦੂਰੀ ਬਾਰੇ ਅਹਿਮ ਵਿਚਾਰ ਸਾਂਝੇ ਕਰਨ ਦੇ ਨਾਲ-ਨਾਲ ਇਸ ਤੋਹਮਤ ਨੂੰ ਸਮਾਜ ਵਿਚੋਂ ਜੜ੍ਹੋਂ ਖਤਮ ਕਰਨ ਸੰਬੰਧੀ ਸੁਚਾਰੂ ਸੁਝਾਅ ਵੀ ਦਿੱਤੇ। ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਬਲਵੰਤ ਸਿੰਘ ਸੰਧੂ ਅਤੇ ਸਮੁੱਚੇ ਸਟਾਫ ਵੱਲੋਂ ਮੁੱਖ ਬੁਲਾਰੇ ਡਾ. ਬਲਦੇਵ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪੰਜਾਬੀ ਵਿਭਾਗ ਦੇ ਮੁਖੀ ਡਾ. ਜਗਵਿੰਦਰ ਸਿੰਘ ਜੋਧਾ ਨੇ ਮੁੱਖ ਬੁਲਾਰੇ ਸਮੇਤ ਸਮੁੱਚੇ ਹਾਜ਼ਰੀਨ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਪ੍ਰੋ. ਸੁੱਖਦਵਿੰਦਰ ਸਿੰਘ ਕੌੜਾ ਅਤੇ ਡਾ. ਸੁਖਜੀਤ ਕੌਰ ਨੇ ਕੀਤਾ।