ਨਵੀਂ ਦਿੱਲੀ :ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਦੋ ਦਿੰਨ ਦੇ ਪਾਕਿਸਤਾਨ ਦੌਰੇ ਨੂੰ ਸਫਲ ਦੱਸਦੇ ਹੋਏ ਇਸ ਬਾਰੇ ‘ਚ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਤੱਥਾਂ ਤੋਂ ਪਰ੍ਹੇ ਵੀ ਦੱਸਿਆ ਹੈ। ਜੀ.ਕੇ. ਨੇ ਇਸ ਦੌਰੇ ਦੌਰਾਨ ਪਾਕਿਸਤਾਨ ਓਕਬ ਬੋਰਡ ਦੇ ਚੇਅਰਮੈਨ ਸਦੀਕ ਉੂਲ ਫਾਰੂਕ, ਪਾਕਿਸਤਾਨ ਪੰਜਾਬ ਦੇ ਮੁੱਖਮੰਤਰੀ ਸ਼ਾਹਬਾਜ ਸ਼ਰੀਫ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ਾਮ ਸਿੰਘ ਨਾਲ ਪਾਕਿਸਤਾਨ ਦੇ ਗੁਰੂਧਾਮਾ ਦੀ ਸੇਵਾ ਸੰਭਾਲ ਅਤੇ ਹੋਰ ਪੰਥਕ ਮਸਲਿਆਂ ਬਾਰੇ ਗੱਲਬਾਤ ਕਰਨ ਦੀ ਵੀ ਜਾਣਕਾਰੀ ਦਿੱਤੀ। ਜੀ.ਕੇ. ਨੇ ਕਿਹਾ ਕਿ ਕੌਮੀ, ਪੰਥਕ ਅਤੇ ਵਿਦਿਅਕ ਮਸਲਿਆਂ ‘ਤੇ ਪਾਕਿਸਤਾਨ ਦੇ ਸਿੱਖਾਂ ਨੂੰ ਦਿੱਲੀ ਕਮੇਟੀ ਪੁਰਣ ਸਹਿਯੋਗ ਦੇਣ ਲਈ ਵਚਬੱਧ ਹੈ।
ਸ਼ਾਹਬਾਜ਼ ਸ਼ਰੀਫ ਨਾਲ ਹੋਈ ਮੁਲਾਕਾਤ ਬਾਰੇ ਖੁਲਾਸਾ ਕਰਦੇ ਹੋਏ ਜੀ.ਕੇ. ਨੇ ਦੱਸਿਆ ਕਿ ਉੱਚ ਪੱਧਰੀ ਵਫਦ ਵੱਲੋਂ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੁੂ ਨਾਨਕ ਦੇਵ ਕੌਮਾਂਤਰੀ ਯੁੂਨਿਵਰਸਿਟੀ ਦੇ ਕਾਰਜਾਂ ਨੂੰ ਸਿਰੇ ਚੜਾਉਣ ਅਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾ ਲਈ ਭਾਰਤ ਤੋਂ ਲਾਂਘਾ ਖੋਲਣ ਦੀ ਵੀ ਮੰਗ ਕੀਤੀ ਗਈ ਜਿਸ ਤੇ ਹਾਂ ਪੱਖੀ ਰਵੱਈਆ ਦਿਖਾਉਂਦੇ ਹੋਏ ਸ਼ਰੀਫ ਵੱਲੋਂ ਯੂਨਿਵਰਸਿਟੀ ਦੇ ਕਾਰਜ ਨੂੰ 6 ਮਹੀਨੇ ‘ਚ ਸ਼ੁਰੂ ਕਰਨ ਤੋਂ ਬਾਅਦ 3 ਸਾਲ ਦੇ ਅਰਸੇ ਦੌਰਾਨ ਕਾਰਜ ਮੁਕਮੱਲ ਹੋਣ ਦਾ ਵੀ ਭਰੋਸਾ ਦਿੱਤਾ ਗਿਆ। ਇਸ ਸਬੰਧ ‘ਚ ਸ਼ਰੀਫ ਵੱਲੋਂ ਮੁਲਕ ਦੇ ਪ੍ਰਧਾਨਮੰਤਰੀ ਨਵਾਜ਼ ਸ਼ਰੀਫ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਸਿੱਖਾਂ ਦੇ ਸਾਰੇ ਮਸਲਿਆਂ ਨੂੰ ਹੱਲ ਕਰਵਾਉਣ ਦੀ ਗੱਲ ਵੀ ਕਹੀ ਗਈ।
ਓਕਬ ਬੋਰਡ ਦੇ ਚੇਅਰਮੈਨ ਸਦੀਕ ਉੂਲ ਫਾਰੂੁਕ ਨਾਲ ਹੋਈ ਮੁਲਾਕਾਤ ਦਾ ਜ਼ਿਕਰ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਵਫਦ ਵੱਲੋਂ ਭਾਰਤ ਤੋਂ ਪਾਕਿਸਤਾਨ ਦੀ ਯਾਤਰਾ ਲਈ ਜਾਉਣ ਵਾਲੇ ਯਾਤਰੂਆਂ ਦੀ ਸਲਾਨਾ 3,000 ਵੀਜ਼ਿਆਂ ਦੇ ਕੋਟੇ ਨੂੰ 5,000 ਕਰਨ ਦੀ ਵੀ ਮੰਗ ਕੀਤੀ ਗਈ ਸੀ, ਜਿਸ ਤੇ ਚੇਅਰਮੈਨ ਵੱਲੋਂ ਯੋਗ ਸਲਾਹ ਕਮੇਟੀ ਪ੍ਰਬੰਧਕਾਂ ਨੂੰ ਉਕਤ ਕੋਟੇ ਨੂੰ ਵਧਾਉਣ ਵਾਸਤੇ ਦਿੱਤੀਆਂ ਗਈਆਂ ਹਨ। ਜੀ.ਕੇ. ਨੇ ਪਾਕਿਸਤਾਨ ਕਮੇਟੀ ਦੇ ਪ੍ਰਧਾਨ ਸ਼ਾਮ ਸਿੰਘ, ਸਾਬਕਾ ਪ੍ਰਧਾਨ ਬਿਸ਼ਨ ਸਿੰਘ ਅਤੇ ਹੋਰ ਮੈਂਬਰਾ ਨਾਲ ਹੋਈ ਮੁਲਾਕਾਤਾਂ ਨੂੰ ਉਸਾਰੂ ਅਤੇ ਸਿੱਖਾਂ ਦੀ ਆਪਸੀ ਖਾਨਾਜੰਗੀ ਨੂੰ ਰੋਕਣ ਦੀ ਦਿਸ਼ਾ ‘ਚ ਚੰਗੀ ਮੁਲਾਕਾਤਾਂ ਵੀ ਕਰਾਰ ਦਿੱਤਾ।ਸ਼ਾਮ ਸਿੰਘ ਦੇ 1984 ਤੋਂ ਬਾਅਦ ਭਾਰਤ ਆਉਣ ਤੇ ਲਗੀ ਰੋਕ ਨੂੰ ਮੰਦਭਾਗਾ ਦੱਸਦੇ ਹੋਏ ਜੀ.ਕੇ. ਨੇ ਇਸ ਸਬੰਧ ‘ਚ ਭਾਰਤ ਸਰਕਾਰ ਨਾਲ ਗੱਲਬਾਤ ਕਰਨ ਦਾ ਵੀ ਦਾਅਵਾ ਕੀਤਾ।
ਦਿੱਲੀ ਕਮੇਟੀ ਦੇ ਜਰਨਲ ਸਕੱਤਰ ਸਿਰਸਾ ਨੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਵੱਲੋਂ ਕਮੇਟੀ ਪ੍ਰਬੰਧਕਾ ਦੇ ਪਾਕਿਸਤਾਨ ਦੌਰੇ ਨੂੰ ਗੁਰਦੁਆਰਾ ਡੇਰਾ ਸਾਹਿਬ ਦੀ ਕਾਰ ਸੇਵਾ ਨਾਲ ਜੋੜਨ ਨੂੰ ਗਲਤ ਦੱਸਦੇ ਹੋਏ ਸਰਨਾ ਨੂੰ ਬਿਨਾ ਤੱਥਾਂ ਦੀ ਪੜਤਾਲ ਕੀਤੇ ਫੋਕੀ ਸ਼ੋਹਰਤ ਲਈ ਬਿਆਨਬਾਜ਼ੀ ਨਾ ਕਰਨ ਦੀ ਵੀ ਸਲਾਹ ਦਿੱਤੀ। ਸਿਰਸਾ ਨੇ ਸਾਫ ਕੀਤਾ ਕਿ ਬਾਬਾ ਜਗਤਾਰ ਸਿੰਘ ਕਾਰਸੇਵਾ ਵਾਲਿਆਂ ਨੂੰ ਸਰਨਾ ਦੇ ਨਾਂ ਤੇ ਮਿਲੀ ਕਾਰਸੇਵਾ ਦਾ ਉਹ ਸਵਾਗਤ ਕਰਦੇ ਨੇ ਅਤੇ ਉਨ੍ਹਾਂ ਦਾ ਇਹ ਦੌਰਾ ਕਿਸੇ ਦੀ ਸੇਵਾ ਖੋਹਣ ਦੇ ਖਦਸੇ ਨੂੰ ਹਕੀਕਤ ‘ਚ ਨਾ ਬਦਲਣ ਦਾ ਹੋਕੇ ਸਗੋਂ ਬੀਤੇ ਦਿਨਾਂ ‘ਚ ਸਰਨਾ ਭਰਾਵਾਂ ਵੱਲੋਂ ਪਾਕਿਸਤਾਨ ਦੇ ਗੁਰੂਧਾਮਾਂ ਦੇ ਨਾਂ ਤੇ ਦਿੱਲੀ ਦੀ ਸੰਗਤ ਦੀ ਜੇਬ ‘ਚ ਪਾਏ ਗਏ ਡਾਕੇ ਦਾ ਹਿਸਾਬ-ਕਿਤਾਬ ਇਕੱਠਾ ਕਰਨ ਦਾ ਸੀ।
2005 ‘ਚ ਦਿੱਲੀ ਤੋਂ ਸ੍ਰੀ ਨਨਕਾਣਾ ਸਾਹਿਬ ਤੱਕ ਸਰਨਾ ਦੀ ਪ੍ਰਧਾਨਗੀ ਕਾਲ ‘ਚ ਦਿੱਲੀ ਕਮੇਟੀ ਵੱਲੋਂ ਸਜਾਏ ਗਏ ਨਗਰ ਕੀਰਤਨ ਦੇ ਨਾਂ ‘ਤੇ ਸਰਨਾ ਭਰਾਵਾਂ ਵੱਲੋਂ ਕਥਿਤ ਘਪਲੇ ਕਰਨ ਦਾ ਦੋਸ਼ ਲਗਾਉਂਦੇ ਹੋਏ ਸਿਰਸਾ ਨੇ ਕਿਹਾ ਕਿ ਉਕਤ ਨਗਰ ਕੀਰਤਨ ਦੌਰਾਨ ਸਰਨਾ ਵੱਲੋਂ ਸ੍ਰੀ ਨਨਕਾਣਾ ਸਾਹਿਬ ਗਈ ਸੋਨੇ ਦੀ ਪਾਲਕੀ ‘ਚ 15 ਕਿਲੋ ਸੋਨਾ ਲਗਾਉਣ ਅਤੇ ਇਸ ਦੌਰਾਨ ਆਈ ਲਗਭਗ 3.5 ਕਰੋੜ ਦੀ ਚੜਤ ਪਾਕਿਸਤਾਨ ਕਮੇਟੀ ਨੂੰ ਦੇਣ ਦਾ ਜੋ ਦਾਅਵਾ ਕੀਤਾ ਗਿਆ ਸੀ ਉਹ ਝੂਠਾ ਸਾਬਿਤ ਹੋਇਆ ਹੈ। ਪਾਕਿਸਤਾਨ ਕਮੇਟੀ ਦੇ ਪ੍ਰਬੰਧਕਾਂ ਅਤੇ ਕਸਟਮ ਵਿਭਾਗ ਵੱਲੋਂ ਦਿੱਤੀ ਗਈ ਰਿਪੋਰਟ ਦੇ ਦੇ ਹਵਾਲੇ ਸਿਰਸਾ ਨੇ ਪਾਲਕੀ ਸਾਹਿਬ ‘ਚ 1.25 ਕਿਲੋ ਸੋਨਾ ਹੋਣ ਅਤੇ ਚੜਤ ਦੇ ਨਾਂ ਤੇ ਕੋਈ ਪੈਸਾ ਵੀ ਪਾਕਿਸਤਾਨ ਕਮੇਟੀ ਕੋਲ ਨਾ ਜਮ੍ਹਾ ਹੋਣ ਦਾ ਵੀ ਦਾਅਵਾ ਕੀਤਾ। ਸਿਰਸਾ ਨੇ ਸਵਾਲ ਕੀਤਾ ਕਿ ਸਰਨਾ ਭਰਾਂ ਦੱਸਣਗੇ ਕਿ ਲਗਭਗ 13 ਕਿਲੋ ਸੋਨਾ ਅਤੇ 3.5 ਕਰੋੜ ਦੀ ਚੜਤ ਕਿਥੇ ਹੈ ? ਪਾਕਿਸਤਾਨ ਦੇ ਗੁਰੂਧਾਮਾਂ ਦੀ ਸਰਨਾ ਭਰਾਵਾਂ ਨੂੰ ਸੇਵਾ ਕਰਨ ਦਾ ਚਾਅ ਨਾ ਹੋਣ ਦੀ ਥਾਂ ਆਪਣੇ ਕੀਤੇ ਗਏ ਬਜੱਰ ਗੁਨਾਹਾਂ ਨੂੰ ਛੁਪਾਉਣ ਦੀ ਢਾਲ ਵੱਜੋਂ ਵਰਤਨ ਦਾ ਵੀ ਸਿਰਸਾ ਨੇ ਸਰਨਾ ਭਰਾਵਾਂ ਤੇ ਦੋਸ਼ ਲਗਾਇਆ। ਇਸ ਵਫਦ ‘ਚ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਮਹੇਸ਼ ਇੰਦਰ ਸਿੰਘ ਗਰੇਵਾਲ, ਬਲਵੰਤ ਸਿੰਘ ਰਾਮੂਵਾਲੀਆਂ ਅਤੇ ਕੌਮੀ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਹਿੱਤ ਵੀ ਸ਼ਾਮਿਲ ਸਨ।