ਨਵੀਂ ਦਿੱਲੀ : ਨੇਪਾਲ ਦੇ ਖੋਖਣਾ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਏ ਗਏ ਲੰਗਰ ਕੈਂਪ ਦਾ ਜਾਇਜ਼ਾ ਅੱਜ ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਨੇਪਾਲ ਦੀ ਯੂਨਾਇਟਿਡ ਕਮਿਯੂਨਿਸਟ ਪਾਰਟੀ ਦੇ ਸੀਨੀਅਰ ਆਗੂ ਪੁਸ਼ਪ ਕੁਮਾਰ ਦਹਿਲ (ਪ੍ਰਚੰਡ) ਨੇ ਲੈਂਦੇ ਹੋਏ ਸਿੱਖਾਂ ਵੱਲੋਂ ਜਲਜਲੇ ਦੇ ਸ਼ਿਕਾਰ ਨੇਪਾਲੀ ਲੋਕਾਂ ਦੀ ਕੀਤੀ ਜਾ ਰਹੀ ਮਦਦ ਦੀ ਸ਼ਲਾਘਾ ਵੀ ਕੀਤੀ। ਕਮੇਟੀ ਦੇ ਮੈਂਬਰ ਚਮਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਬੋਰਡ ਦੇ ਮੈਂਬਰ ਰਜਿੰਦਰ ਸਿੰਘ ਮੇਹਤਾ ਦੀ ਮੌਜੂਦਗੀ ‘ਚ ਦਿੱਲੀ ਕਮੇਟੀ, ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਵੱਲੋਂ ਖੁੱਲੇ ਦਿਲ ਨਾਲ ਆਪਦਾ ਪੀੜਤਾਂ ਦੀ ਕੀਤੀ ਜਾ ਰਹੀ ਮਦਦ ਤੇ ਪ੍ਰਚੰਡ ਵੱਲੋਂ ਸੂਬੇ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਵੀ ਕੀਤਾ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਚੰਡ ਨੇ ਜਲਜਲਾ ਪ੍ਰਭਾਵਿਤ ਇਸ ਪਿੰਡ ਦੇ ਲੋਕਾਂ ਤੱਕ ਦਿੱਲੀ ਕਮੇਟੀ ਵੱਲੋਂ ਤਾਜਾ ਲੰਗਰ ਪਕਾਕੇ ਪਹਾੜੀ ਇਲਾਕੇ ਦੇ ਲੋਕਾਂ ਨੂੰ ਘਰੋ-ਘਰੀ ਦਿੱਤੀ ਜਾ ਰਹੀ ਰਾਹਤ ਦਾ ਵੀ ਧੰਨਵਾਦ ਕੀਤਾ। ਭਾਰਤ ਤੇ ਨੇਪਾਲ ਦੇ ਪੜੋਸੀ ਦੇਸ਼ਾਂ ਚੋਂ ਸਭ ਤੋਂ ਵਧੀਆ ਸਬੰਧ ਹੋਣ ਦੀ ਗੱਲ ਕਰਦੇ ਹੋਏ ਪ੍ਰਚੰਡ ਨੇ ਇਸ ਔਖੀ ਘੜੀ ‘ਚ ਸਿੱਖਾਂ ਵੱਲੋਂ ਕੀਤੀ ਜਾ ਰਹੀ ਸੇਵਾ ਦੀ ਦੇਵਦੁੂਤਾ ਨਾਲ ਵੀ ਤੁਲਨਾ ਕੀਤੀ। ਚਮਨ ਸਿੰਘ ਵੱਲੋਂ ਪ੍ਰਚੰਡ ਨੂੰ ਦਿੱਲੀ ਕਮੇਟੀ ਵੱਲੋਂ ਸੰਖੂ ਵਿਖੇ ਚਲਾਏ ਜਾ ਰਹੇ ਲੰਗਰ ਕੈਂਪ ਬਾਰੇ ਦੱਸਦੇ ਹੋਏ ਦੋਨਾ ਕਮੇਟੀਆਂ ਵੱਲੋਂ ਲੰਗਰ ਤੋਂ ਇਲਾਵਾ ਖਾਣ-ਪੀਣ ਦੇ ਹੋਰ ਸਮਾਨ ਦੀ ਸਰਕਾਰ ਤੱਕ ਕਰਵਾਈ ਜਾ ਰਹੀ ਪਹੁੰਚ ਬਾਰੇ ਵੀ ਜਾਣੂੰ ਕਰਵਾਇਆ ਗਿਆ।