ਨਵੀਂ ਦਿੱਲੀ : ਗੁਰਦੁਆਰਾ ਸ੍ਰੀ ਗੁਰੁੂ ਸਿੰਘ ਸਭਾ ਗ੍ਰੇਟਰ ਕੈਲਾਸ਼ ਪਾਰਟ-1 (ਪਹਾੜੀ ਵਾਲਾ) ਦੇ ਪ੍ਰਬੰਧਕਾਂ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੇਪਾਲ ‘ਚ ਆਏ ਜਲਜਲੇ ਦੇ ਪ੍ਰਭਾਵਿਤ ਲੋਕਾਂ ਤੱਕ ਮਦਦ ਪਹੁੰਚਾਉਣ ਵਾਸਤੇ ਲਗਭਗ 5 ਟਨ ਰਾਹਤ ਸਾਮਗ੍ਰੀ ਇਕ ਟ੍ਰਕ ਰਾਹੀਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਭੇਜੀ ਗਈ ਹੈ। ਇਸ ਸਾਮਗ੍ਰੀ ‘ਚ ਆਟਾ,ਚਾਵਲ, ਦਾਲ, ਅਚਾਰ, ਸੁੱਕਾ ਦੂਧ, ਦਵਾਈਆਂ ਅਤੇ ਹੋਰ ਲੰਗਰ ਵਾਸਤੇ ਜ਼ਰੂਰੀ ਸਮਾਨ ਸ਼ਾਮਿਲ ਹੈ। ਸਿੰਘ ਸਭਾ ਦੇ ਪ੍ਰਧਾਨ ਸਵਰਨ ਸਿੰਘ ਭੰਡਾਰੀ ਨੇ ਦਿੱਲੀ ਕਮੇਟੀ ਵੱਲੋਂ ਆਪਦਾ ਪੀੜਤਾਂ ਦੀ ਮਦਦ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਹਮੇਸ਼ਾ ਹੀ ਦੇਸ਼ ਅਤੇ ਕੌਮ ਤੇ ਆਈ ਵਿਪਦਾ ਦੌਰਾਨ ਆਪਣਾ ਸਭ ਕੁਝ ਵਾਰਨ ਨੂੰ ਹਮੇਸ਼ਾ ਤਿਆਰ ਰਹੀ ਹੈ ਅਤੇ ਸਿੱਖਾਂ ਨੇ ਦੇਸ਼ ਅਤੇ ਮਾਨਵਤਾ ਵਾਸਤੇ ਜਿਨ੍ਹੇ ਕਾਰਜ ਕੀਤੇ ਹਨ ਉਸ ਨੂੰ ਜ਼ਰੂਰੀ ਮਾਨਤਾ ਬੇਸ਼ਕ ਹਾਲੇ ਮਿਲਨੀ ਬਾਕੀ ਹੈ ਪਰ ਅਸੀ ਗੁਰੂੁ ਸਾਹਿਬ ਵੱਲੋਂ ਬਖਸ਼ੇ ਗਏ ਸਰਬਤ ਦੇ ਭਲੇ ਦੇ ਸਿਧਾਂਤ ‘ਤੇ ਪਹਿਰਾ ਦਿੰਦੇ ਹੋਏ ਬਿਨਾ ਕਿਸੇ ਵਿਤਕਰੇ ਦੇ ਲੋੜਵੰਦਾ ਦੀ ਮਦਦ ਨੂੰ ਹਮੇਸ਼ਾ ਤਿਆਰ ਰਹਾਂਗੇ।
ਇਸ ਮੌਕੇ ਉਨ੍ਹਾਂ ਦੇ ਨਾਲ ਹੋਰ ਪ੍ਰਬੰਧਕ ਅਮਰੀਕ ਸਿੰਘ ਭੰਡਾਰੀ ਕੁਲਦੀਪ ਸਿੰਘ ਖੁਰਾਨਾ, ਹਰਜੀਤ ਸਿੰਘ ਜੀ.ਕੇ., ਪਰਮਜੀਤ ਸਿੰਘ, ਵਿਕ੍ਰਮ ਸਿੰਘ ਸਣੇ ਸੰਗਤਾਂ ਵੀ ਬੜੀ ਤਦਾਤ ‘ਚ ਮੌਜੂਦ ਸਨ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਛੋਟੇ ਭਰਾਤਾ ਹਰਜੀਤ ਸਿੰਘ ਜੀ.ਕੇ. ਨੇ ਦਿੱਲੀ ਕਮੇਟੀ ਵੱਲੋਂ ਸਮੂਹ ਸੰਗਤਾ ਦਾ ਧੰਨਵਾਦ ਕਰਦੇ ਹੋਏ ਦਿੱਲੀ ਕਮੇਟੀ ਵੱਲੋਂ ਸਮਾਜਿਕ ਕਲਿਯਾਣ ਦੀਆਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਨੂੰ ਅੱਗੇ ਵੀ ਜਾਰੀ ਰੱਖਣ ਦਾ ਭਰੋਸਾ ਦਿੱਤਾ।