ਮੋਗਾ ਨੇੜੇ ਚਲਦੀ ਬੱਸ ਵਿਚੋਂ ਛੇੜ-ਛਾੜ ਦਾ ਵਿਰੋਧ ਕਰਨ ਕਰਕੇ ਪਿੰਡ ‘ਲੰਢੇ ਕਾ ’ਤੋਂ ‘ਕੋਠਾ ਗੁਰੂ ਕੇ ’ਆਪਣੇ ਨਾਨਕੇ ਪਿੰਡ ਜਾ ਰਹੀ ਦਲਿਤ ਨਾਬਾਲਗ ਲੜਕੀ ਅਰਸ਼ਦੀਪ ਕੌਰ ਅਤੇ ਉਸਦੀ ਮਾਂ ਛਿੰਦਰ ਕੌਰ ਨੂੰ ਬਾਘਾ ਪੁਰਾਣਾ ਨੇੜੇ ਗਿਲ ਕਲਾਂ ਪਿੰਡ ਕੋਲ ਬੱਸ ਦੇ ਕਰਿੰਦਿਆਂ ਵੱਲੋਂ ਧੱਕਾ ਦੇ ਕੇ ਚਲਦੀ ਬੱਸ ਵਿਚੋਂ ਮਾਮੂਲੀ ਝਗੜੇ ਕਰਕੇ ਬਾਹਰ ਸੁਟਣ ਦੀ ਘਟਨਾ ਨੇ ਸਮੁਚੇ ਪੰਜਾਬ ਨੂੰ ਸ਼ਰਮਸ਼ਾਰ ਕਰ ਦਿੱਤਾ ਹੈ। ਮਾਸੂਮ ਅਰਸ਼ਦੀਪ ਨੂੰ ਕੀ ਪਤਾ ਸੀ ਕਿ ਨਾਨਕੇ ਜਾਣਾ ਉਸਨੂੰ ਇਤਨਾ ਮਹਿੰਗਾ ਪਵੇਗਾ ਅਤੇ ਜ਼ਿੰਦਗੀ ਦਾ ਆਖ਼ਰੀ ਸਫ਼ਰ ਹੋਵੇਗਾ, ਜਿਸ ਕਰਕੇ ਉਸਨੂੰ ਆਪਣੀ ਜਾਨ ਤੋਂ ਵੀ ਹੱਥ ਧੋਣੇ ਪੈਣਗੇ। ਅਜਿਹਾ ਦਰਿੰਦਗੀ ਦਾ ਨੰਗਾ ਨਾਚ ਪਹਿਲਾਂ ਪੰਜਾਬ ਵਿਚ ਕਦੀਂ ਵੀ ਨਹੀਂ ਹੋਇਆ। ਧੀਆਂ ਧਿਆਣੀਆਂ ਮਰ ਜਾਣੀਆਂ ਕਿਧਰ ਨੂੰ ਜਾਣ ਜਿਹੜੀਆਂ ਪੰਜਾਬ ਵਿਚ ਕਿਤੇ ਵੀ ਸੁਰੱਖਿਅਤ ਨਹੀਂ, ਘਰ, ਨੌਕਰੀ ‘ਤੇ ਨਾ ਬਾਹਰ। ਉਹ ਆਦਮੀ ਨੂੰ ਜਨਮ ਦੇਣ ਦਾ ਸੰਤਾਪ ਆਦਮੀ ਹੱਥੋਂ ਹੀ ਭੁਗਤ ਰਹੀਆਂ ਹਨ। ਸੰਸਾਰ ਨੂੰ ਸਿਰਜਣਹਾਰੀਆਂ ਦਾ ਸੰਸਾਰ ਹੀ ਦੁਸ਼ਮਣ ਬਣ ਗਿਆ ਹੈ। ਪਤਾ ਚਲਿਆ ਹੈ ਕਿ ਇਹ ਔਰਬਿਟ ਕੰਪਨੀ ਦੀ ਪੀ.ਬੀ.ਸੀ.10 ਸੀ.ਪੀ.1813 ਨੰਬਰ ਦੀ ਬੱਸ ਰਾਜ ਪ੍ਰਬੰਧ ਚਲਾ ਰਹੀ ਪੰਜਾਬ ਸਰਕਾਰ ਦੇ ਮਾਲਕ ਬਾਦਲ ਪਰਿਵਾਰ ਦੀ ਕੰਪਨੀ ਦੀ ਹੈ। ਪੰਜਾਬ ਦੇ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਜੋ ਗ੍ਰਹਿ ਵਿਭਾਗ ਦੇ ਮੰਤਰੀ ਵੀ ਹਨ ਅਤੇ ਉਨ੍ਹਾਂ ਦੀ ਪਤਨੀ ਕੇਂਦਰੀ ਫੂਡ ਪ੍ਰਾਸੈਸਿੰਗ ਵਿਭਾਗ ਦੇ ਮੰਤਰੀ ਹਰਸਿਮਰਤ ਕੌਰ ਬਾਦਲ ਇਸ ਕੰਪਨੀ ਦੇ ਮਾਲਕ ਹਨ। ਇਸ ਘਟਨਾ ਤੋਂ ਸਾਬਤ ਹੋ ਗਿਆ ਹੈ ਕਿ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨ ਵਾਲੇ ਆਗੂ ਅਰਥਾਤ ਵਾੜ ਹੀ ਖੇਤ ਨੂੰ ਖਾਣ ਲੱਗ ਪਈ ਹੈ, ਇਸ ਲਈ ਖੇਤੀ ਰੂਪੀ ਪਰਜਾ ਦਾ ਉਜਾੜਾ ਸਰਕਾਰ ਆਪ ਹੀ ਕਰ ਰਹੀ ਹੈ। ਹੁਣ ਕਲਯੁਗ ਆ ਗਿਆ ਹੈ ਅਤੇ ਪੰਜਾਬ ਵਿਚ ਪੰਜਾਬ ਦੀਆਂ ਧੀਆਂ ਭੈਣਾ ਦੀ ਇੱਜ਼ਤ ਦਾ ਰੱਬ ਹੀ ਰਾਖਾ ਹੈ। ਰਾਜ ਚਲਾ ਰਹੀ ਪਾਰਟੀ ਦੇ ਆਗੂਆਂ ਵੱਲੋਂ ਇਸ ਤੋਂ ਪਹਿਲਾਂ ਵੀ ਪੰਜਾਬ ਦੀਆਂ ਧੀਆਂ ਨਾਲ ਜ਼ੋਰਜ਼ਬਰਦਸਤੀ ਦੀਆਂ ਅਨੇਕਾਂ ਘਟਨਾਵਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਹਨ। ਇਸ ਲੜਕੀ ਦੇ ਪਿਤਾ ਸੁਖਦੇਵ ਸਿੰਘ ਜਿਸ ਨੂੰ ਰੌਣਕੀ ਦੇ ਨਾਂ ਨਾਲ ਪਿੰਡ ਵਿਚ ਜਾਣਿਆਂ ਜਾਂਦਾ ਹੈ, ਗ਼ਰੀਬ ਦਲਿਤ ਪਰਿਵਾਰ ਹੈ, ਦਿਹਾੜੀ ਦੱਪਾ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ। ਸੁਖਦੇਵ ਸਿੰਘ ਨੂੰ ਰਸੂਖਵਾਨ ਲੋਕ ਧਮਕੀਆਂ ਦੇ ਰਹੇ ਸਨ ਕਿ ਜੇ ਉਸ ਨੇ ਰਿਪੋਰਟ ਲਿਖਾਈ ਤਾਂ ਇਸ ਦੇ ਨਤੀਜੇ ਭੁਗਤਣੇ ਪੈਣਗੇ। ਇਹ ਵੀ ਪਤਾ ਲੱਗਾ ਹੈ ਕਿ ਗ਼ਰੀਬ ਸੁਖਦੇਵ ਸਿੰਘ ਤੋਂ ਕੋਰੇ ਕਾਗਜ਼ਾਂ ਤੇ ਸਮਝੌਤੇ ਲਈ ਦਸਤਖਤ ਕਰਵਾ ਲਏ ਹਨ। ਘਟਨਾ ਤੋਂ 24 ਘੰਟੇ ਬਾਅਦ ਮੀਡੀਆ ਦੇ ਦਬਾਅ ਕਰਕੇ ਐਫ਼.ਆਈ.ਆਰ.ਲਿਖੀ ਗਈ। ਲੜਕੀ ਦੀ ਕੀਮਤ 20 ਲੱਖ ਰੁਪਿਆ ਅਤੇ ਨੌਕਰੀ ਦੇ ਰੂਪ ਵਿਚ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। ਪਰਿਵਾਰ ਤੇ ਸਮਝੌਤੇ ਲਈ ਦਬਾਅ ਪਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਦਾ ਇੱਕ ਮੰਤਰੀ ਸਮਝੌਤੇ ਲਈ ਵਿਚੋਲਗੀ ਕਰ ਰਿਹਾ ਹੈ, ਜਿਸ ਦਾ ਰਿਸ਼ਤੇਦਾਰ ਪਹਿਲਾਂ ਹੀ ਮੋਗਾ ਸੈਕਸ ਸਕੈਂਡਲ ਵਿਚ ਫਸਿਆ ਹੋਇਆ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਅਜਿਹੇ ਕੇਸਾਂ ਲਾਲਚ ਦੇ ਕੇ ਪ੍ਰਭਾਵਤ ਲੋਕਾਂ ਨੂੰ ਟਿਕਾ ਲੈਂਦੀ ਰਹੀ ਹੈ। ਪੰਜਾਬ ਪੁਲਿਸ ਦੇ ਫਰੀਦਕੋਟ ਤੋਂ ਦਿਨ ਦਿਹਾੜੇ ਰਾਜ ਚਲਾ ਰਹੀ ਪਾਰਟੀ ਦੇ ਆਗੂਆਂ ਵੱਲੋਂ ਉਸਦੇ ਘਰੋਂ ਮਾਂ ਬਾਪ ਦੇ ਸਾਮ੍ਹਣੇ ਕੁਟ ਮਾਰ ਕਰਕੇ ਇੱਕ ਨਾਬਾਲਗ ਲੜਕੀ ਨੂੰ ਅਗਵਾ ਕਰਨਾ, ਛੇਹਰਟਾ ਵਿਖੇ ਆਪਣੀ ਧੀ ਦੀ ਇੱਜ਼ਤ ਬਚਾਉਣ ਲਈ ਆਏ ਪੁਲਿਸ ਅਧਿਕਾਰੀ ਦਾ ਦਿਨ ਦਿਹਾੜੇ ਗੋਲੀਆਂ ਮਾਰਕੇ ਕਤਲ ਕਰਨਾ, ਮਾਰਚ 2013 ਵਿਚ ਤਰਨਤਾਰਨ ਵਿਖੇ ਇੱਕ ਵਿਆਹ ਵਿਚ ਟੈਕਸੀ ਡਰਾਇਵਰ ਵੱਲੋਂ ਲੜਕੀ ਨੂੰ ਛੇੜਨਾ ਤੇ ਉਲਟਾ ਲੜਕੀ ਵੱਲੋਂ ਵਿਰੋਧ ਕਰਨ ਤੇ ਉਸਨੂੰ ਸ਼ਰੇਆਮ ਚਪੇੜਾਂ ਮਾਰਨੀਆਂ, ਅੰਮ੍ਰਿਤਸਰ ਕਚਹਿਰੀ ਵਿਚ ਸਿਆਸਤਦਾਨਾ ਅਤੇ ਪੁਲਿਸ ਦੇ ਤੰਗ ਕਰਨ ਕਰਕੇ ਸੈਕਸ ਸਕੈਂਡਲ ਵਿਚ ਗਵਾਹ ਵੱਲੋਂ ਆਤਮ ਹੱਤਿਆ ਕਰਨਾ, ਪਟਿਆਲਾ ਜਿਲ੍ਹੇ ਦੇ ਸ਼ਤਰਣਾ ਨੇੜੇ ਇੱਕ ਪਿੰਡ ਵਿਚ ਇੱਕ ਦਲਿਤ ਲੜਕੀ ਦੇ ਬਲਾਤਕਾਰ ਦੀ ਰਿਪੋਰਟ ਨਾ ਲਿਖਣ ਕਰਕੇ ਲੜਕੀ ਵੱਲੋਂ ਆਤਮ ਹੱਤਿਆ ਕਰਨ ਤੋਂ ਬਾਅਦ ਪਰਿਵਾਰ ਨਾਲ ਸਮਝੌਤਾ ਕਰਨ ਆਦਿ ਘਟਨਾਵਾਂ ਦੇ ਜਖ਼ਮ ਅਜੇ ਅੱਲ੍ਹੇ ਹੀ ਸਨ ਅਤੇ ਉਨ੍ਹਾਂ ਦਾ ਸਹਿਮ ਲੋਕਾਂ ਦੇ ਮਨਾਂ ਤੋਂ ਉਤਰਿਆ ਨਹੀਂ ਸੀ ਕਿ ਇਹ ਸ਼ਰਮਨਾਕ,ਦਿਲ ਨੂੰ ਦਹਿਲਾਉਣ ਅਤੇ ਵਲੂੰਧਰਨ ਵਾਲੀ ਦੁਖਦਾਇਕ ਘਟਨਾ ਦਿਨ ਦਿਹਾੜੇ ਵਾਪਰ ਗਈ । ਸੈਕਸ ਸਕੈਂਡਲ ਦੇ ਗਵਾਹ ਦੀ ਪਤਨੀ ਅਤੇ ਬੱਚੇ ਪਹਿਲਾਂ ਬਿਆਨਾ ਤੋਂ ਦਬਾਅ ਪਾ ਕੇ ਮੁਕਰਾ ਦਿੱਤੇ ਗਏ ਅਤੇ ਫਿਰ ਉਨ੍ਹਾਂ ਨੂੰ ਘਰੋਂ ਹੀ ਗਾਇਬ ਕਰ ਦਿੱਤਾ। ਜ¦ਧਰ ਵਿਖੇ ਅਕਾਲੀ ਵਿਧਾਨਕਾਰ ਦੇ ਭਤੀਜੇ ਵੱਲੋਂ ਗੁਰਕੀਤਰ ਸੇਖੋਂ ਦਾ ਕਤਲ ਕਰਕੇ ਮਾਰਨਾ ਅਤੇ ਹੁਣ ਸਰਕਾਰੀ ਅਧਿਕਾਰੀ ਦਾ ਡਿਫੈਂਸ ਵਿਟਨੈਸ ਬਣਨਾ ਸਰਕਾਰ ਦੇ ਦਾਅਵਿਆਂ ਦਾ ਪਰਦਾ ਫਾਸ਼ ਕਰਦਾ ਹੈ। ਪੰਜਾਬ ਵਿਚ ਇਸਤਰੀਆਂ ਦੀ ਸੁਰੱਖਿਆ ਦਾ ਪਾਜ ਉਘੜ ਗਿਆ ਹੈ। ਇਹ ਠੀਕ ਹੈ ਕਿ ਬਸ ਦੇ ਮਾਲਕ ਦਾ ਇਸ ਘਟਨਾ ਨਾਲ ਕੋਈ ਸਿੱਧਾ ਸੰਬੰਧ ਨਹੀਂ ਪ੍ਰੰਤੂ ਬੱਸ ਦੇ ਕਰਿੰਦਿਆਂ ਸਿਰ ਹਕੂਮਤ ਦਾ ਫਤੂਰ ਸਿਰ ਚੜ੍ਹਕੇ ਬੋਲ ਰਿਹਾ ਸੀ,ਉਹ ਭੂਤਰੇ ਪਏ ਸਨ, ਸਿਆਸੀ ਪਾਰਟੀਆਂ ਨੇ ਮੰਦਭਾਗੀ ਘਟਨਾ ਤੇ ਵੀ ਸਿਆਸਤ ਕਰਨੀ ਸ਼ੁਰੂ ਕਰ ਦਿੱਤੀ ਹੈ। ਇਹ ਗੰਭੀਰ ਮਸਲਾ ਹੈ, ਸਾਰੀਆਂ ਸਿਆਸੀ ਪਾਰਟੀਆਂ ਨੂੰ ਮਿਲ ਕੇ ਸੰਜੀਦਗੀ ਨਾਲ ਵਿਚਾਰ ਵਟਾਂਦਰਾ ਕਰਕੇ ਕੋਈ ਸਾਰਥਕ ਕਦਮ ਚੁਕਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਇਹ ਤਾਂ ਸ਼ਪਸ਼ਟ ਹੈ ਕਿ ਸਮੁਚੇ ਪੰਜਾਬ ਵਿਚ ਔਰਬਿਟ ਕੰਪਨੀ ਦੀਆਂ ਬੱਸਾਂ ਦੇ ਡਰਾਇਵਰਾਂ ਅਤੇ ਕੰਡਕਟਰਾਂ ਨੇ ਦਹਿਸ਼ਤ ਫੈਲਾਈ ਹੋਈ ਸੀ। ਸਵਾਰੀਆਂ ਅਤੇ ਸੜਕੀ ਆਵਾਜਾਈ ਵਾਲੇ ਲੋਕਾਂ ਨਾਲ ਉਨ੍ਹਾਂ ਵੱਲੋਂ ਰੋਜ਼ਾਨਾ ਦੁਰਵਿਵਹਾਰ ਦੀਆਂ ਘਟਨਾਵਾਂ ਆਮ ਜਿਹੀ ਗੱਲ ਹੈ ਪ੍ਰੰਤੂ ਇਸ ਘਟਨਾ ਵਿਚ ਬਾਦਲ ਪਰਿਵਾਰ ਦਾ ਉਤਨਾ ਕਸੂਰ ਨਹੀਂ, ਪ੍ਰੰਤੂ ਇਹ ਘਟਨਾ ਰਾਜ ਸਰਕਾਰ ਦੇ ਅਸਰ ਰਸੂਖ ਦੇ ਹੋਣ ਕਰਕੇ ਜ਼ਰੂਰ ਹੋਈ ਹੈ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਸਰਕਾਰ ਨੇ ਊਨ੍ਹਾਂ ਨੂੰ ਬਚਾ ਲੈਣਾ ਹੈ ਤਾਂ ਹੀ ਤਾਂ ਪਹਿਲਾਂ ਲੜਕੀ ਨੂੰ ਉਨ੍ਹਾਂ ਦੀ ਬਦਤਮੀਜ਼ੀ ਦਾ ਵਿਰੋਧ ਕਰਨ ਕਰਕੇ ਬੇਖ਼ੌਫ਼ ਹੋ ਕੇ ਥੱਲੇ ਸੁਟਿਆ ਫਿਰ ਉਸਦੀ ਮਾਂ ਨੂੰ ਬਾਹਰ ਸੁੱਟ ਦਿੱਤਾ। ਮੌਕੇ ਦਾ ਗਵਾਹ ਉਨ੍ਹਾਂ ਦਾ ਲੜਕਾ ਅਕਾਸ਼ਦੀਪ ਸਿੰਘ ਉਨ੍ਹਾਂ ਦੇ ਕਹਿਰ ਤੋਂ ਬਚ ਗਿਆ ਹੈ। ਇਹ ਬਿਮਾਰ ਮਾਨਸਿਕਤਾ ਦਾ ਕਰੂਪ ਹੈ, ਜਦੋਂ ਕਿ ਹਰ ਆਦਮੀ ਦਾ ਘੱਟੋ ਘੱਟ ਇੱਕ ਰਿਸ਼ਤਾ ਤਾਂ ਔਰਤ ਨਾਲ ਮਾਂ ਦੇ ਰੂਪ ਵਿਚ ਹੁੰਦਾ ਹੀ ਹੈ ਕਿਉਂਕਿ ਆਦਮੀ ਔਰਤ ਤੋਂ ਹੀ ਪੈਦਾ ਹੁੰਦਾ ਹੈ। ਜਦੋਂ ਆਦਮੀ ਔਰਤ ਦੀ ਅਸਮਤ ਨੂੰ ਹੱਥ ਪਾਉਂਦਾ ਹੈ ਤਾਂ ਉਹ ਆਪਣੀ ਮਾਂ ਦੀ ਅਸਮਤ ਨੂੰ ਹੱਥ ਪਾ ਰਿਹਾ ਹੁੰਦਾ ਹੈ। ਇਸ ਤੋਂ ਵੱਡੀ ਸ਼ਰਮ ਦੀ ਗੱਲ ਆਦਮੀ ਲਈ ਕੀ ਹੋ ਸਕਦੀ ਹੈ। ਇਸ ਤੋਂ ਪਹਿਲਾਂ ਵੀ 2010 ਵਿਚ ਮੋਹਾਲੀ ਵਿਖੇ 3 ਫ਼ੇਜ਼ ਵਿਚ ਔਰਬਿਟ ਕੰਪਨੀ ਦੀਆਂ ਬੱਸਾਂ ਮਾਰਕੀਟ ਵਿਚ ਖੜ੍ਹਦੀਆਂ ਸਨ, ਡਰਾਈਵਰ ਕੰਡਕਟਰਾਂ ਵੱਲੋਂ ਲੜਕੀਆਂ ਤੇ ਭੱਦੇ ਮਜ਼ਾਕ ਕਰਨ ਦੀਆਂ ਸ਼ਿਕਾਇਤਾਂ ਉਸ ਸਮੇਂ ਦੇ ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਜਸਬੀਰ ਸਿੰਘ ਬੀਰ ਨੂੰ ਮਿਲੀਆਂ ਸਨ। ਲੋਕ ਹਾਈ ਕੋਰਟ ਵਿਚ ਵੀ ਗਏ ਸਨ , ਹਾਈ ਕੋਰਟ ਨੇ ਵੀ ਬੱਸਾਂ ਹਟਾਉਣ ਦੇ ਹੁਕਮ ਕੀਤੇ ਸਨ ਪ੍ਰੰਤੂ ਔਰਬਿਟ ਕੰਪਨੀ ਦੇ ਕੰਨਾ ਤੇ ਜੂੰ ਨਹੀਂ ਸਰਕੀ ਸੀ। ਸ਼੍ਰੀ ਬੀਰ ਨੇ ਮੁਖ ਮੰਤਰੀ ਅਤੇ ਉਪ ਮੁਖ ਮੰਤਰੀ ਨੂੰ ਉਥੇ ਬੱਸਾਂ ਨਾ ਖੜ੍ਹਾਉਣ ਦੀ ਬੇਨਤੀ ਕੀਤੀ ਸੀ, ਜਸਬੀਰ ਸਿੰਘ ਬੀਰ ਦੀ ਗੱਲ ਤਾਂ ਕੀ ਮੰਨਣੀ ਸੀ ਉਸਦੀ ਬਦਲੀ ਕਰਕੇ ਗੁਠੇ ਲਾਈਨ ਲਾ ਦਿੱਤਾ ਗਿਆ ਸੀ। ਜਸਬੀਰ ਸਿੰਘ ਬੀਰ ਨੇ ਵਿਰੋਧ ਵੱਜੋਂ ਪ੍ਰੀ ਮੈਚਿਊਰ ਰਿਟਾਇਰਮੈਂਟ ਲੈ ਲਈ ਸੀ। ਸ਼੍ਰੀ ਬੀਰ ਨੇ 13 ਅਪ੍ਰੈਲ 2010 ਨੂੰ ਅਗਾਊਂ ਸੇਵਾ ਮੁਕਤੀ ਦੀ ਅਰਜੀ ਦੇ ਦਿੱਤੀ ਸੀ, ਫਿਰ 14 ਅਪ੍ਰੈਲ ਤੋਂ ਬੱਸਾਂ ਉਥੋਂ ਹਟਾਈਆਂ ਗਈਆਂ ਸਨ।
ਇਸ ਘਟਨਾ ਤੋਂ ਬਾਦਲ ਪਰਿਵਾਰ ਇਤਨਾ ਬੁਖਲਾ ਗਿਆ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਜਿਸਨੇ ਲੋਕ ਸਭਾ ਦੀ ਚੋਣ ਵਿਚ ਹਲਫ਼ੀਆ ਬਿਆਨ ਵਿਚ ਔਰਬਿਟ ਟਰਾਂਸਪੋਰਟ ਵਿਚ ਆਪਣੇ ਸ਼ੇਅਰਾਂ ਦਾ ਜ਼ਿਕਰ ਕੀਤਾ ਸੀ, ਲੋਕ ਸਭਾ ਵਿਚ ਮੁਕਰ ਹੀ ਗਏ ਹਨ ਕਿ ਉਸਦਾ ਇਸ ਕੰਪਨੀ ਨਾਲ ਕੋਈ ਸੰਬੰਧ ਹੈ। ਇੱਕ ਪਾਸੇ ਤੇ ਹਰਸਿਮਰਤ ਕੌਰ ਬਾਦਲ ਸ਼ਰੋਮਣੀ ਪ੍ਰਬੰਧਕ ਕਮੇਟੀ ਦੀ ਸਹਾਇਤਾ ਨਾਲ ਧੀਆਂ ਭੈਣਾਂ ਦੀ ਰੱਖਿਆ ਲਈ ‘ਨੰਨ੍ਹੀ ਛਾਂ’ ਨਾਂ ਦੀ ਸੰਸਥਾ ਚਲਾਉਣ ਦਾ ਢੌਂਗ ਰਚ ਰਹੇ ਹਨ , ਜੋ ਲੜਕੀਆਂ ਦੀ ਹਿਫ਼ਾਜ਼ਤ ਦਾ ਦਾਅਵਾ ਕਰਦੀ ਹੈ। ਪ੍ਰੰਤੂ ਦੂਜੇ ਪਾਸੇ ਪੰਜਾਬ ਦੀ ਧੀ ਤੇ ਹੋਏ ਅਤਿਆਚਾਰ ਦਾ ਵਿਰੋਧ ਕਰਨ ਤੋਂ ਕੰਨੀ ਕਤਰਾਉਂਦੇ ਹਨ। ਘਾਗ ਸਿਆਸਤਦਾਨ ਪੰਜਾਬ ਦੇ ਮੁਖ ਮੰਤਰੀ ਪਰਕਾਸ਼ ਸਿੰਘ ਬਾਦਲ ਹਰਸਿਮਰਤ ਕੌਰ ਬਾਦਲ ਦੇ ਸਹੁਰਾ ਸਾਹਿਬ ਕਹਿੰਦੇ ਹਨ ਕਿ ਇਹ ਕੰਪਨੀ ਉਸਦੇ ਪਰਿਵਾਰ ਦੀ ਹੈ ਤੇ ਸੁਖਬੀਰ ਸਿੰਘ ਬਾਦਲ ਉਸਦਾ ਪ੍ਰਬੰਧ ਵੇਖਦੇ ਹਨ। ਘਟਨਾ ਸਮੇਂ ਬੱਸ ਵਿਚ ਹੋਰ ਸਵਾਰੀਆਂ ਵੀ ਮੌਜੂਦ ਸਨ ਪ੍ਰੰਤੂ ਬਾਦਲ ਪਰਿਵਾਰ ਦੀ ਬੱਸ ਹੋਣ ਕਾਰਨ ਡਰ ਦੇ ਮਾਰਿਆਂ ਕਿਸੇ ਸਵਾਰੀ ਨੇ ਵੀ ਉਸ ਪੰਜਾਬ ਦੀ ਅਬਲਾ ਧੀ ਦੀ ਇੱਜ਼ਤ ਬਚਾਉਣ ਲਈ ਹਿੰਮਤ ਨਹੀਂ ਕੀਤੀ ਕਿਉਂਕਿ ਪੁਲਿਸ ਹਮੇਸ਼ਾ ਔਰਬਿਟ ਕੰਪਨੀ ਦੇ ਮੁਲਾਜ਼ਮਾ ਦੀ ਸਹਾਇਤਾ ਤੇ ਆ ਜਾਂਦੀ ਹੈ। ਸਰਬੱਤ ਦਾ ਭਲਾ ਕਰਨ ਵਾਲੇ ਪੰਜਾਬੀ ਸੁਸਰੀ ਦੀ ਤਰ੍ਹਾਂ ਸੌਂ ਗਏ। ਉਨ੍ਹਾਂ ਦੀ ਜ਼ਮੀਰ ਮਰ ਚੁੱਕੀ ਹੈ, ਵੈਸੇ ਪੰਜਾਬੀਆਂ ਨੂੰ ਅਬਲਾਵਾਂ ਦੇ ਰਖਵਾਲਿਆਂ ਦੇ ਤੌਰ ਤੇ ਜਾਣਿਆਂ ਜਾਂਦਾ ਸੀ, ਬਸ ਵਿਚ ਬੈਠੀਆਂ ਹੋਰ ਪੰਜਾਬੀ ਸਵਾਰੀਆਂ ਦੀ ਅਣਖ਼ ਹੀ ਮਰ ਗਈ ਲਗਦੀ ਹੈ ਪ੍ਰੰਤੂ ਫਿਰ ਵੀ ਇੱਕ ਸਵਾਰੀ ਨੇ ਪੁਲਿਸ ਨੂੰ ਕੰਟਰੋਲ ਰੂਮ ਤੇ ਸੂਚਨਾ ਦਿੱਤੀ ਤਾਂ ਹੀ ਡਰਾਇਵਰ ਤੇ ਕੰਡਕਟਰ ਬੱਸ ਛੱਡ ਕੇ ਭੱਜ ਗਏ। ਲੋਕ ਸਭਾ ਵਿਚ ਲੁਧਿਆਣਾ ਤੋਂ ਲੋਕ ਸਭਾ ਦੇ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਮਸਲਾ ਉਠਾਇਆ ਅਤੇ ਮੰਗ ਕੀਤੀ ਕਿ ਦਿੱਲੀ ਵਿਚ ਇੱਕ ਲੜਕੀ ਨਾਲ ਉਬੇਰ ਕੰਪਨੀ ਦੀ ਟੈਕਸੀ ਵਿਚ ਹੋਈ ਘਟਨਾ ਤੋਂ ਬਾਅਦ ਇਸ ਕੰਪਨੀ ਦੀਆਂ ਟੈਕਸੀਆਂ ਤੇ ਪਾਬੰਦੀ ਲਾਉਣ ਦੀ ਤਰ੍ਹਾਂ ਪੰਜਾਬ ਵਿਚ ਵੀ ਔਰਬਿਟ ਕੰਪਨੀ ਤੇ ਪਾਬੰਦੀ ਲਾਈ ਜਾਵੇ, ਇਸ ਮੌਕੇ ਚੌਧਰੀ ਸੰਤੋਖ ਸਿੰਘ, ਆਮ ਆਦਮੀ ਪਾਰਟੀ ਦੇ ਡਾ.ਧਰਮਵੀਰ ਗਾਂਧੀ ਅਤੇ ਭਗਵੰਤ ਮਾਨ ਨੇ ਪੂਰਾ ਸਾਥ ਦਿੱਤਾ। ਹੈਰਾਨੀ ਦੀ ਗੱਲ ਹੈ ਕਿ ਐਨੇ ਸੰਜੀਦਾ ਵਿਸ਼ੇ ਤੇ ਮਾਣਯੋਗ ਸ਼੍ਰੀਮਤੀ ਸੁਮਿਤਰਾ ਮਹਾਜਨ ਸਪੀਕਰ ਲੋਕ ਸਭਾ ਨੇ ਇੱਕ ਔਰਤ ਹੁੰਦਿਆਂ ਵੀ ਰਵਨੀਤ ਸਿੰਘ ਬਿੱਟੂ ਵੱਲੋਂ ਪੇਸ਼ ਕੀਤਾ ਕੰਮ ਰੋਕੂ ਮਤਾ ਰੱਦ ਕਰ ਦਿੱਤਾ ਅਤੇ ਲੋਕ ਸਭਾ ਵਿਚ ਬਹਿਸ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਕੇਂਦਰ ਸਰਕਾਰ ਨੇ ਇਸ ਘਟਨਾ ਵਿਚ ਰਾਜ ਸਰਕਾਰ ਤੋਂ ਰਿਪੋਰਟ ਮੰਗਣ ਬਾਰੇ ਦੱਸ ਕੇ ਟਾਲਾ ਵੱਟ ਲਿਆ ਹੈ। ਇਸ ਤਰ੍ਹਾਂ ਲੱਗ ਰਿਹਾ ਹੈ ਕਿ ਰਾਜ ਭਾਗ ਵਿਚ ਭਾਈਵਾਲ ਹੋਣ ਕਰਕੇ ਕੇਂਦਰ ਸਰਕਾਰ ਜਾਣ ਬੁਝਕੇ ਅੱਖਾਂ ਮੀਟੀ ਬੈਠੀ ਹੈ। ਪੰਜਾਬ ਵਿਚ ਧੀਆਂ ਭੈਣਾ ਤੇ ਹੋ ਰਹੇ ਅਤਿਆਚਾਰਾਂ ਨੇ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਧੀਆਂ ਭੈਣਾ ਘਰੋਂ ਬਾਹਰ ਨਿਕਲਣ ਤੋਂ ਘਬਰਾਉਣ ਲੱਗ ਗਈਆਂ ਹਨ। ਪੰਜਾਬ ਵਿਚ ਤਾਲਬਾਨ ਦੀ ਤਰ੍ਹਾਂ ਡਰ ਪੈਦਾ ਹੋ ਗਿਆ ਹੈ। ਇਸ ਘਟਨਾ ਤੋਂ ਬਾਅਦ ਲਗਾਤਾਰ ਬਾਲੜੀਆਂ ਦੀਆਂ ਛੇੜਛਾੜ ਦੀਆਂ ਘਟਨਾਵਾਂ ਵੱਧ ਗਈਆਂ ਹਨ। ਮੋਗਾ ਜਿਲ੍ਹੇ ਦੇ ਪਿੰਡ ਮਾੜੀ ਮੁਸਤਫਾ ਵਿਖੇ ਉਸੇ ਰਾਤ ਸਮੂਹਕ ਜ਼ਬਰਜਨਾਹ ਦੀ ਘਟਨਾ ਵਾਪਰ ਗਈ, ਉਪ ਮੁਖ ਮੰਤਰੀ ਦੇ ਹਲਕੇ ਜਲਾਲਾਬਾਦ ਦੇ ਪਿੰਡ ਟਿਵਾਣਾ ਵਿਖੇ ਵੀ ਇੱਕ ਵਿਆਹੀ ਔਰਤ ਨੂੰ ਅਗਵਾ ਕਰਕੇ ਸਮੂਹਿਕ ਬਲਾਤਕਾਰ ਕੀਤਾ ਗਿਆ ਹੈ, ਤਰਨਤਾਰਨ ਵਿਚ 6 ਸਾਲ ਦੀ ਬੱਚੀ ਨਾਲ ਛੇੜ ਛਾੜ ਹੋਈ, ਜ¦ਧਰ ਵਿਖੇ ਪੁਲਿਸ ਦੇ ਇੱਕ ਹੈਡ ਕਨਸਟੇਬਲ ਵੱਲੋਂ ਆਪਣੀ ਲੜਕੀ ਨਾਲ ਹੋ ਰਹੀ ਛੇੜ ਛਾੜ ਦਾ ਵਿਰੋਧ ਕਰਨ ਕਰਕੇ 2 ਮਈ 2015 ਨੂੰ ਦਿਨ ਦਿਹਾੜੇ ਉਸਨੂੰ ਬੁਰੀ ਤਰ੍ਹਾਂ ਕੁਟ ਕੇ ਜਖ਼ਮੀ ਕੀਤਾ ਗਿਆ। ਪ੍ਰੰਤੂ ਸਰਕਾਰ ਅਨੁਸਾਰ ਪੰਜਾਬ ਵਿਚ ਹਾਲਾਤ ਕਾਬੂ ਵਿਚ ਹਨ।
ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਪਸੀ ਸਹਿਯੋਗ ਨਾਲ ਕੋਈ ਸਾਰਥਿਕ ਉਪਰਾਲੇ ਕਰਨ ਦੇ ਯਤਨ ਕਰਨੇ ਚਾਹੀਦੇ ਹਨ। ਅਜਿਹੀ ਸੰਜੀਦਾ ਵਾਰਦਾਤ ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਪੰਜਾਬੀਆਂ ਨੂੰ ਆਪੋ ਆਪਣੇ ਲੜਕਿਆਂ ਨੂੰ ਸਿਖਿਆ ਦੇਣੀ ਚਾਹੀਦੀ ਹੈ ਕਿ ਧੀ ਭੈਣ ਸਭ ਦੀ ਸਾਂਝੀ ਹੁੰਦੀ ਹੈ ਅਤੇ ਹਰ ਆਦਮੀ ਦੇ ਬਹੁਤੇ ਰਿਸ਼ਤੇ ਔਰਤ ਨਾਲ ਹੀ ਹੁੰਦੇ ਹਨ, ਇਸ ਲਈ ਔਰਤ ਦਾ ਸਤਿਕਾਰ ਕਰਨਾ ਜ਼ਰੂਰੀ ਹੈ। ਇਸ ਦਰਿੰਦਗੀ ਦੀ ਘਟਨਾ ਨੇ ਪੰਜਾਬੀਆਂ ਦੀ ਗ਼ੈਰਤ, ਅਣਖ਼ ਅਤੇ ਬਹਾਦਰੀ ਨੂੰ ਦਾਗ਼ਦਾਰ ਕੀਤਾ ਹੈ। ਪੰਜਾਬ ਵਿਚ ਇਸਤਰੀਆਂ ਨਾਲ ਜੋ ਵਿਵਹਾਰ ਹੋ ਰਿਹਾ ਹੈ, ਇਸਤਰੀ ਇਸ ਦੇ ਕਾਬਲ ਨਹੀਂ ਕਿਉਂਕਿ ਦੁਨੀਆਂ ਦੇ ਇਤਿਹਾਸ ਵਿਚ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਹੀ ਇਸਤਰੀ ਦੇ ਹੱਕ ਵਿਚ ਆਵਾਜ਼ ਬੁ¦ਦ ਕੀਤੀ ਸੀ। ਅੱਜ ਪੰਜਾਬੀ ਆਪਣੇ ਗੁਰੂਆਂ ਦੀ ਵਿਚਾਰਧਾਰਾ ਦੇ ਵਿਰੁਧ ਕਾਰਵਾਈਆਂ ਕਰਕੇ ਆਪਣੇ ਹੀ ਗੁਰੂਆਂ ਤੋਂ ਬੇਮੁਖ ਹੋ ਰਹੇ ਹਨ। ਇਸ ਘਟਨਾ ਨੇ ਪੰਜਾਬ ਵਿਚ ਔਰਤਾਂ ਦੀ ਸੁਰੱਖਿਆ ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ।
ਅਜਿਹੀਆਂ ਘਟਨਾਵਾਂ ਨੂੰ ਰੋਕਣ ਦੀ ਜ਼ਿੰਮੇਵਾਰੀ ਇਕੱਲੀ ਸਰਕਾਰ ਜਾਂ ਪੁਲਿਸ ਦੇ ਗਲ ਪਾ ਕੇ ਅਸੀਂ ਬਰੀ ਨਹੀਂ ਹੋ ਸਕਦੇ, ਇਸ ਵਿਚ ਸਾਡੀ ਸਮਾਜ ਦੀ ਵੀ ਜ਼ਿੰਮੇਵਾਰੀ ਬਣਦੀ ਹੈ। ਸਾਨੂੰ ਆਪਣੀ ਪੀੜ੍ਹੀ ਹੇਠ ਵੀ ਸੋਟਾ ਫੇਰਨਾ ਚਾਹੀਦਾ ਹੈ। ਸਰਕਾਰ ਜਾਂ ਪੁਲਿਸ ਹਰ ਥਾਂ ਹਾਜ਼ਰ ਨਹੀਂ ਹੋ ਸਕਦੀ ਪ੍ਰੰਤੂ ਸਰਕਾਰ ਨੂੰ ਆਪਣਾ ਡਰ ਜ਼ਰੂਰ ਰੱਖਣਾ ਚਾਹੀਦਾ ਹੈ। ਜੇ ਅਜਿਹੇ ਲੋਕਾਂ ਨੂੰ ਡਰ ਹੋਵੇ ਕਿ ਸਰਕਾਰ ਸਾਡਾ ਬਚਾਅ ਨਹੀਂ ਕਰੇਗੀ ਤਾਂ ਅਜਿਹੀਆਂ ਘਟਨਾਵਾਂ ਤੋਂ ਬਚਾਅ ਹੋ ਸਕਦਾ ਹੈ। ਸਿਆਸੀ ਰੋਟੀਆਂ ਸੇਕਣ ਨਾਲ ਇਸਤਰੀਆਂ ਨੂੰ ਕੋਈ ਲਾਭ ਹੋਣ ਵਾਲਾ ਨਹੀਂ, ਜਿੰਨੀ ਦੇਰ ਸਮਾਜ ਆਪਣੀ ਮਾਨਸਿਕਤਾ ਨੂੰ ਬਦਲਦਾ ਨਹੀਂ। ਇਸਤਰੀਆਂ ਪ੍ਰਤੀ ਸਾਨੂੰ ਆਪਣੀ ਪਹੁੰਚ ਬਦਲਣੀ ਚਾਹੀਦੀ ਹੈ। ਇਸਤਰੀ ਇੱਕ ਭੈਣ, ਪਤਨੀ, ਭੂਆ, ਮਾਸੀ, ਚਾਚੀ, ਤਾਈ ਅਤੇ ਮਾਂ ਵੀ ਹੈ। ਰਿਸ਼ਤਿਆਂ ਨੂੰ ਦਾਗ਼ਦਾਰ ਤੇ ਬਦਨਾਮ ਨਹੀਂ ਕਰਨਾ ਚਾਹੀਦਾ। ਅਜਿਹੀਆਂ ਘਟਨਾਵਾਂ ਨਾਲ ਪੰਜਾਬੀਆਂ ਦੀ ਦੁਨੀਆਂ ਵਿਚ ਬਦਨਾਮੀ ਵੀ ਹੁੰਦੀ ਹੈ। ਔਰਬਿਟ ਕੰਪਨੀ ਵੱਲੋਂ ਲੋਕਾਂ ਦੇ ਦਬਾਅ ਕਰਕੇ ਕੁਝ ਸਮੇਂ ਲਈ ਕੰਪਨੀ ਦੀਆਂ ਬੱਸਾਂ ਕਰਮਚਾਰੀਆਂ ਨੂੰ ਸਿਖਿਆ ਦੇਣ ਦੇ ਨਾਂ ਤੇ ਬੰਦ ਕਰਨ ਦਾ ਨਾਟਕ ਰਚਿਆ ਗਿਆ ਹੈ ਤਾਂ ਜੋ ਮਾਮਲਾ ਠੰਡਾ ਪੈ ਜਾਵੇ ਅਤੇ ਸਮਝੌਤਾ ਕੀਤਾ ਜਾ ਸਕੇ। ਹੁਣ ਪੁਲਿਸ ਕਹਿ ਰਹੀ ਹੈ ਕਿ ਬੱਸ ਦੇ ਮਾਲਕ ਵਿਰੁਧ ਮੁਕੱਦਮਾ ਦਰਜ ਨਹੀਂ ਹੋ ਸਕਦਾ ਇਸ ਤੋਂ ਪਹਿਲਾਂ 2012 ਵਿਚ ਤਰਨਤਾਰਨ ਵਿਖੇ ਸ਼ਕਰੀ ਟਰਾਂਸਪੋਰਟ ਕੰਪਨੀ ਦੀ ਬੱਸ ਦੇ ਸਹਿ ਮਾਲਕ ਰੁਪਿੰਦਰਜੀਤ ਸਿੰਘ ਵਿਰੁਧ ਮੁਕੱਦਮਾ ਉਸ ਕੰਪਨੀ ਦੇ ਡਰਾਇਵਰ ਵੱਲੋ ਐਕਸੀਡੈਂਟ ਕਰਨ ਕਰਕੇ ਦਰਜ ਕਰ ਦਿੱਤਾ ਸੀ ਫਿਰ ਹੁਣ ਮੁਕੱਦਮਾ ਦਰਜ ਕਿਉਂ ਨਹੀਂ ਹੋ ਸਕਦਾ? ਉਸ ਕੰਪਨੀ ਦਾ ਮਾਲਕ ਕਾਂਗਰਸੀ ਸੀ ਤੇ ਇਸ ਕੰਪਨੀ ਦਾ ਮਾਲਕ ਰਾਜ ਦਾ ਉਪ ਮੁਖ ਮੰਤਰੀ ਹੈ। ਕਾਨੂੰਨ ਸਾਰਿਆਂ ਲਈ ਬਰਾਬਰ ਹੋਣਾ ਚਾਹੀਦਾ ਹੈ।