ਮੁੰਬਈ – ਬਾਲੀਵੁੱਡ ਦੇ ਪ੍ਰਸਿੱਧ ਐਕਟਰ ਸਲਮਾਨ ਖਾਨ ਨੂੰ ਸੈਸ਼ਨ ਕੋਰਟ ਤੋਂ ਪੰਜ ਸਾਲ ਦੀ ਜੇਲ੍ਹ ਦੀ ਸਜ਼ਾ ਹੋਣ ਤੋਂ ਬਾਅਦ ਉਨ੍ਹਾਂ ਦੇ ਵਕੀਲ ਨੇ ਬੰਬੇ ਹਾਈਕੋਰਟ ਪਹੁੰਚ ਕੇ ਜਮਾਨਤ ਦੀ ਦਰਖਾਸਤ ਦਿੱਤੀ। ਬੰਬੇ ਹਾਈਕੋਰਟ ਨੇ ਸਲਮਾਨ ਦੀ ਜਮਾਨਤ ਸਬੰਧੀ ਦਰਖਾਸਤ ਤੇ ਸੁਣਵਾਈ ਕਰਦੇ ਹੋਏ ਉਨ੍ਹਾਂ ਨੂੰ ਦੋ ਦਿਨ ਦੀ ਅਗਾਊਂ ਜਮਾਨਤ ਦੇ ਦਿੱਤੀ ਹੈ। ਇਸ ਮਾਮਲੇ ਵਿੱਚ ਅਗਲੀ ਸੁਣਵਾਈ ਸ਼ੁਕਰਵਾਰ ਨੂੰ ਹੋਵੇਗੀ।
ਹਾਈਕੋਰਟ ਵਿੱਚ ਸਲਮਾਨ ਖਾਨ ਦੇ ਕੇਸ ਦੀ ਪੈਰਵੀ ਪ੍ਰਸਿੱਧ ਵਕੀਲ ਹਰੀਸ਼ ਸਾਲਵੇ ਕਰ ਰਹੇ ਸਨ। ਵਕੀਲ ਦੇ ਨਾਲ ਸਲਮਾਨ ਦੀ ਭੈਣ ਅਲਵੀਰਾ ਵੀ ਹਾਈਕੋਰਟ ਵਿੱਚ ਮੌਜੂਦ ਸੀ। ਸਲਮਾਨ ਖਾਨ ਨੂੰ ਹਾਈਕੋਰਟ ਤੋਂ ਦੋ ਦਿਨ ਦੀ ਜਮਾਨਤ ਮਿਲ ਜਾਣ ਕਰਕੇ ਹੁਣ ਉਨ੍ਹਾਂ ਨੂੰ ਹਾਲ ਦੀ ਘੜੀ ਜੇਲ੍ਹ ਦੀ ਹਵਾ ਨਹੀਂ ਖਾਣੀ ਪਵੇਗੀ। ਸ਼ੁਕਰਵਾਰ ਨੂੰ ਸਲਮਾਨ ਦੀ ਜਮਾਨਤ ਸਬੰਧੀ ਹਾਈਕੋਰਟ ਆਪਣਾ ਅਗਲਾ ਫੈਂਸਲਾ ਸੁਣਾਵੇਗੀ।
ਵਰਨਣਯੋਗ ਹੈ ਕਿ ਹਿਟ ਐਂਡ ਰਨ ਮਾਮਲੇ ਵਿੱਚ ਸੁਣਵਾਈ ਕਰਦੇ ਹੋਏ ਮੁੰਬਈ ਸੈਸ਼ਨ ਕੋਰਟ ਨੇ ਸਲਮਾਨ ਖਾਨ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਸੀ। ਸਜ਼ਾ ਦੇ ਨਾਲ 25 ਹਜ਼ਾਰ ਰੁਪੈ ਦਾ ਜੁਰਮਾਨਾ ਵੀ ਲਗਾਇਆ ਸੀ। ਅਦਾਲਤ ਨੇ ਸਲਮਾਨ ਨੂੰ ਗੈਰ ਇਰਾਦਾ ਹੱਤਿਆ ਦਾ ਦੋਸ਼ੀ ਠਹਿਰਾਇਆ ਹੈ।