ਏਦਾਂ ਕਿੱਥੇ ਵਿਛੜ ਹੋਣਾ ਤੈਥੋਂ
ਤਾਰਿਆਂ ਵਾਂਗ ਟੁੱਟਿਆ ਵੀ ਕਿੱਥੇ ਜਾਂਦਾ ਹੈ
ਅਸਮਾਨ ਤੋਂ
ਕਿਹਦਾ ਦਿੱਲ ਕਰਦਾ ਹੈ ਕਿ
ਡਾਲੀਆਂ ਪੱਤਿਆਂ ਨੂੰ ਛੱਡ
ਕਿਰ ਜਾਵੇ ਪਿਆਸੀ ਭੁੱਖੀ ਧਰਤ ‘ਤੇ-
ਤੇ ਮੁਕਤੀ ਦਾ ਰਾਹ ਦੱਸਦਾ ਫਿਰੇ
ਰਾਹੀਆਂ ਨੂੰ
ਨਹੀਂ ਇਹ ਮੈਥੋਂ ਨਹੀਂ ਹੋਣਾ-
ਤੈਨੂੰ ਕੀ ਪਤਾ
ਇਕ ਦੂਜੇ ਤੋਂ ਵਿਛੜਨ ਲੱਗਿਆਂ
ਕਿੰਨੇ ਪਰਬਤ ਪਾਟਦੇ ਨੇ-
ਸੁੱਕਦੇ ਨੇ ਕਿੰਨੇ ਸਮੁੰਦਰ
ਬਲਦੇ ਨੇ ਕਿੰਨੇ ਅਸਮਾਨ-
ਇਹ ਤੂੰ ਨਹੀਂ ਅਜੇ ਜਾਣਦੀ-
ਮੈਂ ਤਾਂ ਚਾਹੁੰਦਾ ਹਾਂ
ਆਪਾਂ ਹਰਫ਼ 2 ਸਤਰ ਬਣੀਏ ਤੇ ਫਿਰ ਵਾਕ
ਜੇ ਉਹੀ ਸਤਰਾਂ ਕਿਤੇ ਗੀਤ ਬਣ ਗਈਆਂ
ਤਾਂ ਕਈਆਂ ਦੀਆਂ ਰਾਤਾਂ ਦੇ ਹੰਝੂ ਚੁਗਣਗੀਆਂ
ਖਬਰੇ ਕਿੰਨੇ ਮਾਹੀ ਯਾਦਾਂ ‘ਚ ਆ ਵਿਛਣ
ਤੂੰ ਬਣ ਮੇਰੇ ਚੀਰੇ ਦਾ ਰੰਗ ਸਿੰਗਾਰ
ਤੇ ਮੈਂ ਤੇਰੀ ਚੁੰਨੀ ‘ਤੇ
ਚਮਕਾਂਗਾ- ਸਿਤਾਰਿਆਂ ਵਾਂਗ
ਤੇਰੇ ਮੱਥੇ ਤੇ ਟਿੱਕਾ ਬਣ ਸਜਾਂਗਾ-
ਲਹਿਰਾਵਾਂਗਾ ਕੰਨਾਂ ਤੋਂ- ਝੁੰਮਕੇ ਬਣ
ਤੇਰੀਆਂ ਪੰਜੇਬਾਂ ਦੀ ਛਣਕਾਰ ਬਣਾਂਗਾ ਮੈਂ
ਮਹਿੰਦੀ ‘ਚ ਲਿਸ਼ਕਾਂਗਾ- ਤੇਰੀਆਂ ਤਲੀਆਂ ਤੇ
ਵਟਣੇ ਦੀ ਮਹਿਕ ‘ਚ ਜਗਾਂਗਾ- ਤੇਰੇ ਅੰਗ 2 ਚ
ਨਹੀਂ ਏਦਾਂ ਨਹੀਂ ਵਿਛੜ ਹੋਣਾ ਤੈਥੋਂ
ਤੇ ਨਾ ਹੀ ਅਜੇ ਤੀਕ
ਏਦਾਂ ਦੀ ਮੌਤ ਕੋਈ ਮਰਿਆ ਹੈ
ਨਾ ਹੀ ਏਦਾਂ ਕਿਸੇ ਨੇ ਤਲੀ ਚੰਨ ਧਰਿਆ ਹੈ
ਨਾ ਹੀ ਮੁਹੱਬਤੇ-ਏ-ਝਨ੍ਹਾਂ ਕਿਸੇ ਨੇ ਅਜੇ ਇੰਜ਼ ਤਰਿਆ ਹੈ