ਇਸਲਾਮਾਬਾਦ – ਪਾਕਿਸਤਾਨ ਵਿੱਚਲੇ ਕਸ਼ਮੀਰ ਦੇ ਗਿਲਗਿਤ ਖੇਤਰ ਵਿੱਚ ਸ਼ੁਕਰਵਾਰ ਨੂੰ ਪਾਕਿਸਤਾਨੀ ਸੈਨਾ ਦਾ ਐਮਆਈ-17 ਹੈਲੀਕਾਪਟਰ ਹਾਦਸੇ ਦਾ ਸਿ਼ਕਾਰ ਹੋ ਗਿਆ ਸੀ। ਇਸ ਹਾਦਸੇ ਵਿੱਚ ਨਾਰਵੇ ਅਤੇ ਫਿਲੀਪੀਨਜ਼ ਦੇ ਰਾਜਦੂਤਾਂ ਦੀ ਮੌਤ ਹੋ ਗਈ। ਦੋਵਾਂ ਦੇਸ਼ਾਂ ਦੇ ਰਾਜਦੂਤਾਂ ਦੇ ਨਾਲ-ਨਾਲ ਉਨ੍ਹਾਂ ਦੀਆਂ ਪਤਨੀਆਂ ਵੀ ਮਾਰੀਆਂ ਗਈਆਂ ਹਨ। ਤਾਲਿਬਾਨ ਦੇ ਇੱਕ ਬੁਲਾਰੇ ਅਨੁਸਾਰ ਅਸਲ ਵਿੱਚ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੂੰ ਮਾਰਨ ਦੀ ਸਾਜਿਸ਼ ਰਚੀ ਗਈ ਸੀ ਪਰ ਉਹ ਦੂਸਰੇ ਜਹਾਜ਼ ਵਿੱਚ ਸਨ। ਇਸ ਲਈ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।
ਪ੍ਰਧਾਨਮੰਤਰੀ ਸ਼ਰੀਫ਼ ਵੀ ਦੋ ਪਰੋਜੈਕਟਾਂ ਦਾ ਉਦਘਾਟਨ ਕਰਨ ਲਈ ਵੱਖਰੇ ਜਹਾਜ਼ ਰਾਹੀਂ ਗੁਲਾਮ ਕਸ਼ਮੀਰ ਜਾ ਰਹੇ ਸਨ। ਹਾਦਸਾ ਵਾਪਰ ਜਾਣ ਤੇ ਉਹ ਵਾਪਿਸ ਇਸਲਾਮਾਬਾਦ ਪਰਤ ਗਏ। ਤਾਲਿਬਾਨ ਦ ਬੁਲਾਰੇ ਮੁਹੰਮਦ ਖੋਰਾਸਾਨੀ ਦਾ ਕਹਿਣਾ ਹੈ ਕਿ ਇਹ ਹਮਲਾ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਪ੍ਰਧਾਨਮੰਤਰੀ ਨੇ ਇਸ ਦੁਰਘਟਨਾ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਇਸ ਹੈਲੀਕਾਪਟਰ ਵਿੱਚ ਵਿਦੇਸ਼ੀ ਨਾਗਰਿਕਾਂ ਸਮੇਤ 17 ਲੋਕ ਸਵਾਰ ਸਨ। ਪੋਲੈਂਡ ਦੇ ਰਾਜਦੂਤ ਆਂਦਰਜੇਜ ਅਤੇ ਡਚ ਰਾਜਦੂਤ ਮਾਰਸਲ ਕਿੰਕ ਜਖਮੀ ਹੋ ਗਏ ਹਨ।
ਹਾਦਸੇ ਵਿੱਚ ਜਖਮੀ ਇੱਕ ਯਾਤਰੀ ਦਾ ਕਹਿਣਾ ਹੈ ਕਿ ਇਹ ਇੱਕ ਰਾਜਨਾਇਕ ਟੂਰ ਸੀ, ਜਿਸ ਵਿੱਚ 37 ਦੇਸ਼ਾਂ ਦੇ ਮੈਂਬਰ ਸ਼ਾਮਿਲ ਸਨ। ਹੈਲੀਕਾਪਟਰਾਂ ਦੁਆਰਾ 57 ਲੋਕ ( ਜਿਨ੍ਹਾਂ ਵਿੱਚ 32 ਆਦਮੀ, 20 ਔਰਤਾਂ ਅਤੇ ਪੰਜ ਬੱਚੇ) ਨਲਤਾਰ ਜਾ ਰਹੇ ਸਨ। ਹਾਦਸੇ ਦਾ ਸਿ਼ਕਾਰ ਹੋਏ ਹੈਲੀਕਾਪਟਰ ਨੇ ਰਾਵਲਪਿੰਡੀ ਦੇ ਨੂਰਖਾਨ ਹਵਾਈ ਅੱਡੇ ਤੋਂ ਉਡਾਣ ਭਰ ਕੇ ਸਵੇਰੇ 9:45 ਤੇ ਗਿਲਗਿਤ ਖੇਤਰ ਵਿੱਚ ਪਹੁੰਚਣਾ ਸੀ। ਵਿਦੇਸ਼ੀ ਰਾਜਨਾਇਕਾਂ ਦੀ ਗਿਲਗਿਤ-ਬਾਲਟੀਸਤਾਨ ਦੇ ਮੁੱਖਮੰਤਰੀ ਨਾਲ ਉਚਪੱਧਰ ਦੀ ਬੈਠਕ ਵੀ ਹੋਣੀ ਸੀ।
ਨਲਤਾਰ ਦੇ ਜਿਸ ਸਕੂਲ ਤੇ ਇਹ ਹੈਲੀਕਾਪਟਰ ਡਿੱਗਿਆ ਉਸ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇੱਕ ਚੰਗੀ ਗੱਲ ਇਹ ਵੀ ਸੀ ਕਿ ਹਾਦਸੇ ਦੇ ਸਮੇਂ ਵਿਦਿਆਰਥੀ ਸਕੂਲ ਵਿੱਚ ਨਹੀਂ ਸਨ।