ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀਤੇ ਦਿਨੀ ਜੰਮੂ ਕਸ਼ਮੀਰ ਦੇ ਕਿਸ਼ਤਵਾੜ ਵਿਖੇ ਕੁਝ ਹਿੰਦੂ ਕਟੱੜਪੰਥੀਆਂ ਵੱਲੋਂ ਗੁਰਦੁਆਰਾ ਸਾਹਿਬ ਦੀ ਇਮਾਰਤ ‘ਤੇ ਕਬਜਾ ਕਰਨ ਦੀ ਘਟਨਾ ਨੂੰ ਮੰਦਭਾਗਾ ਦੱਸਦੇ ਹੋਏ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਮੁਫ਼ਤੀ ਮੁਹੰਮਦ ਸਇਅਦ ਨੂੰ ਲਿਖੇ ਆਪਣੇ ਪੱਤਰ ‘ਚ ਇਸ ਘਟਨਾ ਨੂੰ ਸਿੱਖਾਂ ਦੀ ਧਾਰਮਿਕ ਅਜ਼ਾਦੀ ਅਤੇ ਨਿਆ ਪਾਲਿਕਾ ਦੇ ਹੁਕਮਾਂ ‘ਤੇ ਹਮਲਾ ਕਰਾਰ ਦਿੱਤਾ ਹੈ।
ਸ੍ਰੀ ਗੁਰੁੂ ਨਾਨਕ ਦੇਵ ਜੀ ਨਾਲ ਸਬੰਧਿਤ ਇਸ ਇਤਿਹਾਸਿਕ ਗੁਰਦੁਆਰੇ ‘ਤੇ ਕੁਝ ਦੱਖਣਪੰਥੀ ਜਥੇਬੰਦੀਆਂ ਵੱਲੋਂ ਜ਼ਬਰਦਸਤੀ ਗੁਰਦੁਆਰਾ ਸਾਹਿਬ ਦੀ ਇਮਾਰਤ ‘ਚ ਸਥਾਪਿਤ ਲੰਗਰ ਹਾਲ ਅਤੇ ਸਰਾਂ ਤੇ ਕੀਤੀ ਗਈ ਕਬਜੇ ਦੀ ਕੋਸ਼ਿਸ਼ ਉਪਰੰਤ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਸਿੱਖਾਂ ਦੇ ਨਾਲ ਮਤਰਿਆ ਵਿਵਹਾਰ ਕਰਨ ਨੂੰ ਵੀ ਜੀ.ਕੇ. ਨੇ ਧਾਰਮਿਕ ਅਜ਼ਾਦੀ ਦੀ ਉਲਘਣਾ ਕਰਾਰ ਦਿੱਤਾ ਹੈ। ਇਸ ਜ਼ਮੀਨ ਦੇ ਪਿਛੋਕੜ ਬਾਰੇ ਦੱਸਦੇ ਹੋਏ ਜੀ.ਕੇ. ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਨਾਲ ਲਗਦੀ 1 ਕਨਾਲ 19 ਮਰਲੇ ਦੇ ਇਸ ਪਲਾਟ ਨੂੰ ਇਕ ਪ੍ਰੇਮੀ ਨੇ 116 ਸਾਲ ਪਹਿਲੇ ਗੁਰਦੁਆਰਾ ਸਾਹਿਬ ਦੇ ਨਾਂ ਕਾਨੂੰਨੀ ਤਰੀਕੇ ਨਾਲ ਕਰ ਦਿੱਤਾ ਸੀ ਪਰ ਸਿੱਖਾਂ ਦੀ ਘੱਟ ਵੱਸੋ ਦਾ ਫਾਇਦਾ ਚੁੱਕ ਕੇ ਕੁਝ ਲੋਕਾਂ ਵੱਲੋਂ ਬੀਤੇ ਦਿਨਾ ਦੌਰਾਨ ਇਸ ਸਥਾਨ ‘ਤੇ ਆਪਣੀ ਮਲਕਿਅਤ ਸਾਬਿਤ ਕਰਨ ਦੀ ਕੋਸ਼ਿਸ਼ਾਂ ਆਰੰਭੀਆਂ ਗਈਆਂ ਸੀ। ਜਿਸ ‘ਤੇ ਕਾਰਵਾਈ ਕਰਦੇ ਹੋਏ ਸਿੱਖਾਂ ਵੱਲੋਂ ਤੁਰੰਤ ਅਦਾਲਤ ਤੋਂ ਇਸ ਜ਼ਮੀਨ ਦੇ ਬਾਰੇ ਸਟੇਅ ਹਾਸਿਲ ਕਰ ਲਿਆ ਗਿਆ ਸੀ, ਪਰ ਇਸ ਸਬ ਦੇ ਬਾਵਜੂਦ ਇਨ੍ਹਾਂ ਕਬਜਾਵਾਦੀ ਵਿਵਹਾਰ ਦੇ ਲੋਕਾਂ ਨੇ ਪੂਰੀ ਦੰਬਗਈ ਵਿਖਾਉਂਦੇ ਹੋਏ ਸਿੱਖ ਪਰਿਵਾਰਾਂ ਦੀਆਂ ਬੀਬੀਆਂ ਅਤੇ ਬੱਚਿਆਂ ਨੂੰ ਕੁੱਟਮਾਰ ਕਰਕੇ ਇਕ ਕਮਰੇ ‘ਚ ਬੰਦ ਕਰ ਦਿੱਤਾ ਤੇ ਲੰਗਰ ਹਾਲ ‘ਚ ਰੱਖੇ ਸਮਾਨ ਨੂੰ ਬਾਹਰ ਸੁੱਟ ਕੇ ਆਪਣਾ ਸਮਾਨ ਅੰਦਰ ਰੱਖ ਲਿਆ।
ਪ੍ਰਸ਼ਾਸਨ ਨੂੰ ਨਕਾਰਾ ਦੱਸਦੇ ਹੋਏ ਜੀ.ਕੇ. ਨੇ ਇਸ ਮੰਦਭਾਗੀ ਘਟਨਾ ਉਪਰੰਤ ਸਥਾਨਿਕ ਪ੍ਰਸ਼ਾਸਨ ਤੇ ਸਿੱਖਾਂ ਦੀ ਮਦਦ ਕਰਨ ਦੀ ਬਜਾਏ ਅਦਾਲਤ ਦੇ ਹੁਕਮਾਂ ਦੀ ਪਰਵਾਹ ਕੀਤੇ ਬਿਨਾ ਗੁੰਡਾ ਅੰਸਰਾਂ ਦੇ ਤਾਲੇ ਦੇ ਉਪਰ ਆਪਣਾ ਤਾਲਾ ਲਗਾ ਕੇ ਸਿੱਖਾਂ ਦੇ ਹਕਾਂ ‘ਤੇ ਡਾਕਾ ਮਾਰਣ ਦੀ ਕੋਝੀ ਸ਼ਰਾਰਤ ਕਰਨ ਦਾ ਵੀ ਦੋਸ਼ ਲਗਾਇਆ ਹੈ। ਆਪਣੇ ਪੱਤਰ ‘ਚ ਜੀ.ਕੇ. ਨੇ ਜ਼ਮੀਨ ਤੁਰੰਤ ਸਿੱਖਾਂ ਦੇ ਹਵਾਲੇ ਕਰਨ ਅਤੇ ਗੁੰਡਾ ਅੰਸਰਾਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਵੀ ਕੀਤੀ ਹੈ। ਜੀ.ਕੇ. ਨੇ ਸਰਕਾਰ ਵੱਲੋਂ ਇਨ੍ਹਾਂ ਜਾਇਜ਼ ਮੰਗਾ ‘ਤੇ ਗੌਰ ਨਾ ਕਰਨ ਦੀ ਹਲਾਤ ‘ਚ ਕਾਨੂੰਨੀ ਅਤੇ ਜ਼ਮੁਹਰੀ ਲੜਾਈ ਸੜਕਾਂ ‘ਤੇ ਲੜਨ ਦੀ ਵੀ ਚੇਤਾਵਨੀ ਦਿੱਤੀ ਹੈ।