ਤਲਵੰਡੀ ਸਾਬੋ : ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਬੀਤੇ ਦਿਨੀਂ ਰਾਜ-ਪੱਧਰੀ ਰੁਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ। ਇਹ ਰੁਜ਼ਗਾਰ ਮੇਲਾ ਇਲਾਕੇ ਦੀਆਂ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਯੋਗਤਾਵਾਂ ਅਨੁਸਾਰ ਰੁਜ਼ਗਾਰ ਪ੍ਰਾਪਤ ਕਰਨ ਦਾ ਮੌਕਾ ਮੁਹੱਈਆ ਕਰਾਉਣ ਦੇ ਉਦੇਸ਼ ਨਾਲ ਲੱਗਿਆ।ਗੁਰੂ ਕਾਸ਼ੀ ਯੂਨੀਵਰਸਿਟੀ ਦੇ ਟਰੇਨਿੰਗ ਅਤੇ ਪਲੇਸਮੈਂਟ ਅਧਿਕਾਰੀ, ਅਰਸ਼ਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੇਲੇ ਵਿਚ ਪੂਰੇ ਇਲਾਕੇ ਭਰ ਤੋਂ 500 ਦੇ ਲਗਪਗ ਵਿਦਿਆਰਥੀਆਂ ਨੇ ਹੁੰਮ-ਹੁੰਮਾ ਕੇ ਹਿੱਸਾ ਲਿਆ। ਇਸ ਮੇਲੇ ਵਿਚ ਕੁੱਲ 7 ਕੰਪਨੀਆਂ ਦੇ ਪ੍ਰਤੀਨਿਧ ਸ਼ਾਮਿਲ ਹੋਏ। ਇਨ੍ਹਾਂ ਕੰਪਨੀਆਂ ਵਿਚ ਐਕਮੇ, ਐੱਚ. ਐੱਸ. ਗਰੁੱਪਜ਼, ਪੈਰਾਮਾਊਂਟ ਇੰਜੀਨੀਅਰਿੰਗ, ਜੀ. ਐੱਨ. ਐੱਸ. ਆਈ. ਟੀ., ਟੈਕਨੋ ਟਰੌਨਿਕਸ, ਟੱਫ ਗੀਕਰਜ਼ ਅਤੇ ਪੀ. ਐੱਚ. ਵਾਈ. ਲਿਮਿਟਡ ਆਦਿ ਪ੍ਰਮੁੱਖ ਹਨ। ਇਨ੍ਹਾਂ ਕੰਪਨੀਆਂ ਨੇ 101 ਵਿਦਿਆਰਥੀਆਂ ਦੀ ਪਲੇਸਮੈਂਟ ਮੌਕੇ ਤੇ ਹੀ ਕੀਤੀ। ਜਿਨ੍ਹਾਂ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਰੁਜ਼ਗਾਰ ਪ੍ਰਾਪਤ ਹੋਇਆ, ਉਨ੍ਹਾਂ ਵਿਚ ਗੁਰੂ ਗੋਬਿੰਦ ਸਿੰਘ ਪੌਲੀਟੈਕਨਿਕ ਕਾਲਜ, ਸੰਤ ਕਬੀਰ ਪੌਲੀਟੈਕਨਿਕ ਕਾਲਜ ਫਾਜ਼ਿਲਕਾ, ਗੁਰੂ ਗੋਬਿੰਦ ਸਿੰਘ ਇੰਜੀਨੀਅਰਿੰਗ ਕਾਲਜ ਅਤੇ ਰੀਜ਼ਨਲ ਪੌਲੀਟੈਕਨਿਕ ਕਾਲਜ ਬਠਿੰਡਾ ਦੇ ਵਿਦਿਆਰਥੀ ਸ਼ਾਮਿਲ ਹਨ। ਵਿਦਿਆਰਥੀਆਂ ਦੀ ਚੋਣ 4 ਪੜਾਵਾਂ ਵਿਚ ਕੀਤੀ ਗਈ ਜਿਸਦੇ ਅੰਤਰਗਤ ਲਿਖਤੀ ਪਰਚਾ, ਤਕਨੀਕੀ ਪਰਚਾ, ਸਮੂਹਿਕ ਚਰਚਾ ਅਤੇ ਅਖੀਰ ਵਿਚ ਨਿੱਜੀ ਇੰਟਰਵਿਊ ਆਯੋਜਿਤ ਕੀਤੀ ਗਈ।
ਇਸ ਮੌਕੇ ਤੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ, ਡਾ. ਨਛੱਤਰ ਸਿੰਘ ਮੱਲ੍ਹੀ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦੇਂਦਿਆਂ ਉਨ੍ਹਾਂ ਨੂੰ ਹੋਰ ਮਿਹਨਤ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਨਵੇਂ ਯੁੱਗ ਦੀਆਂ ਲੋੜਾਂ ਅਨੁਸਾਰ ਨਵੀਆਂ ਸਿੱਖਿਆ ਅਤੇ ਰੁਜ਼ਗਾਰ ਯੋਜਨਾਵਾਂ ਲਾਗੂ ਕਰਨ ਪ੍ਰਤੀ ਯੂਨੀਵਰਸਿਟੀ ਦੀ ਪ੍ਰਤੀਬੱਧਤਾ ਦਰਸਾਈ।
ਮੈਨੇਜਿੰਗ ਡਾਇਰੈਕਟਰ ਸ੍ਰ. ਸੁਖਰਾਜ ਸਿੰਘ ਸਿੱਧੂ ਨੇ ਕਿੱਤਾਮੁਖੀ ਸਿੱਖਿਆ ਨੂੰ ਨਵੇਂ ਯੁੱਗ ਦੀਆਂ ਵਿੱਦਿਅਕ ਲੋੜਾਂ ਦੇ ਹਿਸਾਬ ਨਾਲ ਵਿਦਿਆਰਥੀਆਂ ਤੱਕ ਪਹੁੰਚਾਉਣ ਨੂੰ ਸਮੇਂ ਦੀ ਲੋੜ ਕਿਹਾ ਅਤੇ ਇਸ ਸੰਬੰਧੀ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੀ ਤਤਪਰਤਾ ਨੂੰ ਪ੍ਰਗਟ ਕੀਤਾ। ਵਿਦਿਆਰਥੀਆਂ ਨੂੰ ਵਧਾਈ ਦੇਣ ਮੌਕੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ, ਡਾਇਰੈਕਟਰ, ਡਿਪਟੀ ਰਜਿਸਟਰਾਰ ਅਤੇ ਟ੍ਰੇਨਿੰਗ ਅਤੇ ਪਲੇਸਮੈਂਟ ਅਧਿਕਾਰੀ ਹਾਜ਼ਰ ਸਨ।