ਚੰਡੀਗੜ੍ਹ “ਸ਼ਹੀਦ ਭਾਈ ਸਤਵੰਤ ਸਿੰਘ ਦੇ ਪਿਤਾ ਸ. ਤਰਲੋਕ ਸਿੰਘ ਆਗਵਾਨ ਦੇ ਅੱਜ ਹੋਏ ਅਕਾਲ ਚਲਾਣੇ ਉਤੇ ਡੂੰਘਾ ਦੁੱਖ ਜ਼ਾਹਰ ਕਰਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪਾਰਟੀ ਵੱਲੋਂ ਜਿਥੇ ਆਗਵਾਨ ਦੇ ਇਸ ਸ਼ਹੀਦ ਪਰਿਵਾਰ ਨਾਲ ਡੂੰਘੀ ਹਮਦਰਦੀ ਜ਼ਾਹਰ ਕੀਤੀ ਗਈ, ਉਥੇ ਖ਼ਾਲਸਾ ਪੰਥ ਵੱਲੋਂ ਇਕ ਸਖਸ਼ੀਅਤ ਦੇ ਚਲੇ ਜਾਣ ਨੂੰ ਅਸਹਿ ਘਾਟਾ ਕਰਾਰ ਦਿੱਤਾ ਗਿਆ । ਸ. ਮਾਨ ਨੇ ਕਿਹਾ ਕਿ ਸ਼ਹੀਦ ਭਾਈ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਬੇਅੰਤ ਸਿੰਘ ਅਤੇ ਸ਼ਹੀਦ ਭਾਈ ਕੇਹਰ ਸਿੰਘ ਉਹਨਾਂ ਮਹਾਨ ਸ਼ਹੀਦਾਂ ਵਿਚੋਂ ਹਨ ਜਿਨ੍ਹਾਂ ਨੇ ਗੁਰੂ ਸਾਹਿਬਾਨ ਵੱਲੋਂ ਕਾਇਮ ਕੀਤੀਆਂ ਗਈਆਂ ਸਿੱਖੀ ਰਵਾਇਤਾਂ ਉਤੇ ਦ੍ਰਿੜਤਾ ਨਾਲ ਪਹਿਰਾ ਦਿੰਦੇ ਹੋਏ ਜਿਥੇ ਉਹਨਾਂ ਰਵਾਇਤਾਂ ਨੂੰ ਮੌਜੂਦਾ ਸਮੇਂ ਵਿਚ ਵੀ ਜਿਊਂਦਾ ਰੱਖਿਆ, ਉਥੇ ਸਿੱਖ ਕੌਮ ਦੀ ਕਾਤਲ ਅਤੇ ਦੁਸ਼ਮਣ ਮਰਹੂਮ ਇੰਦਰਾ ਗਾਂਧੀ ਨੂੰ ਸਜ਼ਾ ਦੇਣ ਕੇ ਕੌਮਾਂਤਰੀ ਪੱਧਰ ਉਤੇ ਸਿੱਖ ਕੌਮ ਦੀ ਆਨ-ਸਾਨ ਅਤੇ ਇੱਜ਼ਤ ਆਬਰੂ ਨੂੰ ਹੋਰ ਬੁਲੰਦ ਕੀਤਾ । ਸਾਨੂੰ ਅਜਿਹੇ ਸ਼ਹੀਦ ਪਰਿਵਾਰਾਂ ਉਤੇ ਸਦਾ ਫਖ਼ਰ ਰਹੇਗਾ । ਬੇਸ਼ੱਕ ਅੱਜ ਉਪਰੋਕਤ ਸ਼ਹੀਦ ਅਤੇ ਸ. ਤਰਲੋਕ ਸਿੰਘ ਸਾਡੇ ਵਿਚ ਸਰੀਰਕ ਤੌਰ ਤੇ ਨਹੀਂ ਰਹੇ, ਪਰ ਇਸ ਗੁਰਸਿੱਖ ਪਰਿਵਾਰ ਵੱਲੋਂ ਕੌਮੀ ਸੰਘਰਸ਼ ਵਿਚ ਪਾਏ ਵੱਡਮੁੱਲੇ ਅਤੇ ਫਖ਼ਰ ਵਾਲੇ ਯੋਗਦਾਨ ਨੂੰ ਸਿੱਖ ਕੌਮ ਕਦੀ ਵੀ ਨਹੀਂ ਭੁੱਲੇਗੀ, ਬਲਕਿ ਹਮੇਸ਼ਾਂ ਆਪਣੇ ਮਨਾਂ ਅਤੇ ਆਤਮਾਂ ਵਿਚ ਉਹਨਾਂ ਨੂੰ ਯਾਦ ਕਰਦੀ ਹੋਈ ਨਿਰੰਤਰ ਸਤਿਕਾਰ ਵੀ ਦਿੰਦੀ ਰਹੇਗੀ ਅਤੇ ਉਹਨਾਂ ਵੱਲੋਂ ਪਾਏ ਪੂਰਨਿਆਂ ਉਤੇ ਪਹਿਰਾ ਦੇਣ ਦਾ ਹਰ ਸੰਭਵ ਯਤਨ ਵੀ ਕਰਦੀ ਰਹੇਗੀ ।”
ਸ. ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਐਸ.ਜੀ.ਪੀ.ਸੀ. ਦੇ ਮੌਜੂਦਾ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਬਾਦਲ ਦੀ ਵਿਜ਼ਾਰਤ ਵਿਚ ਸ਼ਾਮਿਲ ਕੈਬਨਿਟ ਵਜ਼ੀਰ, ਸਮੁੱਚੇ ਐਸ.ਜੀ.ਪੀ.ਸੀ. ਮੈਬਰ ਅਤੇ ਹੋਰ ਸਿੱਖ ਸਖਸ਼ੀਅਤਾਂ ਨੂੰ ਜੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਉਹ ਸ. ਤਰਲੋਕ ਸਿੰਘ ਜੀ ਦੇ ਸੰਸਕਾਰ ਦੀ ਰਸਮ ਸਮੇ 10 ਮਈ 2015 ਨੂੰ ਪਿੰਡ ਆਗਵਾਨ ਵਿਖੇ ਪਹੁੰਚਕੇ ਜਿਥੇ ਉਸ ਸ਼ਹੀਦ ਪਰਿਵਾਰ ਦੇ ਬਜੁਰਗ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਨ, ਉਥੇ ਇਸ ਮਹਾਨ ਸ਼ਹੀਦ ਪਰਿਵਾਰ ਦੇ ਬਜ਼ੁਰਗ ਦੇ ਚਲੇ ਜਾਣ ਤੇ ਸਰਕਾਰੀ ਤੌਰ ਤੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਉਹਨਾਂ ਦੀ ਅਰਥੀ ਨੂੰ ਮੋਢਾ ਦੇਣ ਦੇ ਨਾਲ ਸਲਿਊਟ ਵੀ ਕਰਨ ਦੀ ਰਸਮ ਅਦਾ ਕਰਨ ਤਾਂ ਕਿ ਸਿੱਖ ਕੌਮ ਦੀਆਂ ਪੁਰਾਤਨ ਰਵਾਇਤਾ ਅਤੇ ਸਿੱਖੀ ਸੋਚ ਨੂੰ ਬਿਨ੍ਹਾਂ ਕਿਸੇ ਡਰ-ਭੈ ਤੋਂ ਕੌਮਾਂਤਰੀ ਪੱਧਰ ਉਤੇ ਉਜਾਗਰ ਕਰਨ ਦੇ ਜਿਥੇ ਫਰਜ ਅਦਾ ਹੋ ਸਕਣ, ਉਥੇ ਅਮਲੀ ਰੂਪ ਵਿਚ ਉਪਰੋਕਤ ਸ਼ਹੀਦ ਪਰਿਵਾਰ ਦੇ ਦੁੱਖ ਵਿਚ ਸਮੂਲੀਅਤ ਹੋ ਸਕੇ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ ਸ਼ਹੀਦ ਪਰਿਵਾਰ ਦੇ ਬਜ਼ੁਰਗ ਸ. ਤਰਲੋਕ ਸਿੰਘ ਦੇ ਸੰਸਕਾਰ ਸਮੇਂ ਹਾਜ਼ਰ ਹੋ ਕੇ ਉਸ ਸ਼ਹੀਦ ਪਰਿਵਾਰ ਨੂੰ ਸਲਿਊਟ ਅਵੱਸ ਕਰਨਗੇ ।