ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੇ ਅੱਜ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੂੰ ਬਾਲਾ ਸਾਹਿਬ ਹਸਪਤਾਲ ਦੇ ਟ੍ਰਸਟ ਨੂੰ ਦਿੱਲੀ ਦੀ ਪਟਿਆਲਾ ਹਾਉਸ ਕੋਰਟ ਵੱਲੋਂ 18 ਅਪ੍ਰੈਲ 2014 ਨੂੰ ਗੈਰ ਕਾਨੂੰਨੀ ਘੋਸ਼ਿਤ ਕਰਣ ਦੇ ਖਿਲਾਫ ਦਿੱਲੀ ਹਾਈ ਕੋਰਟ ‘ਚ ਦਾਖਿਲ ਕੀਤੀ ਗਈ ਪਟੀਸ਼ਨ ਨੂੰ ਤੁੂਰੰਤ ਵਾਪਿਸ ਲੈਣ ਦੀ ਮੰਗ ਕਰਦੇ ਹੋਏ ਹਸਪਤਾਲ ਦੇ ਕਾਰਜਾਂ ‘ਚ ਆ ਰਹੀ ਰੁਕਾਵਟ ਨੂੰ ਦੂਰ ਕਰਨ ਦੀ ਗੱਲ ਕਹੀ ਹੈ। ਸਰਨਾ ਨੂੰ ਅੱਜ ਕਮੇਟੀ ਵੱਲੋਂ ਪਟੀਸ਼ਨ ਵਾਪਿਸ ਲੈਣ ਲਈ ਭੇਜੇ ਗਏ ਕਾਨੂੰਨੀ ਮਸੌਦੇ ਦਾ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜ਼ਿਕਰ ਕਰਦੇ ਹੋਏ ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਅੱਜ ਕਮੇਟੀ ਵੱਲੋਂ ਅਧਿਕਾਰਕ ਤੌਰ ਤੇ ਸਰਨਾ ਨੂੰ ਪਟਿਸ਼ਨ ਵਾਪਿਸ ਲੈਣ ਲਈ ਅਪੀਲ ਕੀਤੀ ਗਈ ਹੈ।
ਇਸ ਪਟੀਸ਼ਨ ਦੇ ਕਾਰਣ ਹਸਪਤਾਲ ਦੇ ਹੋਂਦ ‘ਚ ਆਉਣ ‘ਚ ਆ ਰਹੀਆਂ ਰੁਕਾਵਟਾਂ ਦਾ ਜ਼ਿਕਰ ਕਰਦੇ ਹੋਏ ਸਿਰਸਾ ਨੇ ਕਿਹਾ ਕਿ ਹਸਪਤਾਲ ਗੁਰਦੁਆਰਾ ਕਮੇਟੀ ਦੀ ਜਾਇਦਾਦ ਹੈ ਅਤੇ ਗੁਰਦੁਆਰਾ ਕਮੇਟੀ ਹਸਪਤਾਲ ਦੇ ਬਾਰੇ ‘ਚ ਕੋਈ ਫੈਸਲਾ ਲੈਣ ਲਈ ਇਕੋ ਇਕ ਨਿਤੀ ਨਿਰਧਾਰਿਕ ਸੰਸਥਾ ਗੁਰਦੁਆਰਾ ਐਕਟ ਅਤੇ ਸੰਸਦ ਵੱਲੋਂ ਪਾਸ ਕੀਤੇ ਗਏ ਕਾਨੂੰਨ ਸਦਕਾ ਹੈ, ਪਰ ਕੌਮ ਦੀ ਜਾਇਦਾਦ ਨੂੰ ਨਿਜੀ ਟ੍ਰਸਟ ਦੀ ਮਲਕੀਅਤ ਦੱਸਕੇ ਅਤੇ ਹਸਪਤਾਲ ਨੂੰ ਚਾਲੂ ਕਰਨ ਦਾ ਨਿਜੀ ਕੰਪਨੀਆਂ ਨਾਲ ਕਰਾਰ ਕਰਕੇ ਗਰੀਬ ਲੋਕਾਂ ਨੂੰ ਹਸਪਤਾਲ ਤੋਂ ਆਪਣਾ ਇਲਾਜ ਕਰਵਾਉਣ ਤੋਂ ਵਾਂਝਾ ਕੀਤਾ ਹੈ। ਇਸ ਕਰਕੇ ਚਲ ਰਹੀ ਕਾਨੂੰਨੀ ਚਾਰਾਜੋਈ ਸਦਕਾ ਲਗਾਤਾਰ ਹਸਪਤਾਲ ਦੇ ਸ਼ੁਰੂ ਹੋਣ ‘ਚ ਹੋ ਰਹੀ ਦੇਰੀ ਨੂੰ ਦੂਰ ਕਰਨ ਲਈ ਸਰਨਾ ਨੂੰ ਕਮੇਟੀ ਵੱਲੋਂ ਆਪਣੀ ਪਟਿਸ਼ਨ ਨੂੰ ਵਾਪਿਸ ਲੈਣ ਲਈ ਕਾਨੂੰਨੀ ਮਸੌਦਾ ਭੇਜਿਆ ਗਿਆ ਹੈ।
ਸਿਰਸਾ ਨੇ ਸਮੂਹ ਪੱਤਰਕਾਰਾਂ ਨੂੰ ਇਸ ਮਸੌਦੇ ਦੀ ਕਾਪੀ ਦਿੰਦੇ ਹੋਏ ਸਰਨਾ ਤੋਂ ਕੇਸ ਦੀ ਅਗਲੀ ਸੁਨਵਾਈ ਦੀ ਤਾਰੀਖ 21 ਮਈ ਤੋਂ ਪਹਿਲੇ ਦਸਤਖਤ ਕਰਵਾਕੇ ਕਮੇਟੀ ਨੂੰ ਦੇਣ ਦੀ ਵੀ ਪੇਸ਼ਕਸ਼ ਕੀਤੀ। ਸਿਰਸਾ ਨੇ ਇਸ ਪੇਸ਼ਕਸ਼ ਨੂੰ ਕੌਮ ਦੀ ਭਲਾਈ ‘ਤੇ ਵਡੇਰੇ ਪੰਥਕ ਹਿੱਤਾਂ ਲਈ ਜ਼ਰੁੂਰੀ ਵੀ ਦੱਸਿਆ। ਹਸਪਤਾਲ ਸ਼ੁਰੂ ਕਰਨ ਦੀ ਕਮੇਟੀ ਦੀ ਵਚਨਬੱਧਤਾ ਨੂੰ ਦੋਹਰਾਉਂਦੇ ਹੋਏ ਸਿਰਸਾ ਨੇ ਸਰਨਾ ਵੱਲੋਂ ਪੇਸ਼ਕਸ਼ ਮੰਜ਼ੂਰ ਕਰਨ ਤੋਂ ਬਾਅਦ 3 ਮਹੀਨੇ ਦੇ ਅੰਦਰ ਹਸਪਤਾਲ ਦੀ ਓ.ਪੀ.ਡੀ. ਅਤੇ ਬਾਕੀ ਜਰਨਲ ਵਾਰਡ ਆਦਿ ਨੂੰ ਇਕ ਸਾਲ ਦੇ ਸਮੇਂ ਦੌਰਾਨ ਕਮੇਟੀ ਵੱਲੋਂ ਸ਼ੁਰੂ ਕਰਨ ਦਾ ਵੀ ਦਾਅਵਾ ਕੀਤਾ। ਬੀ.ਐਲ. ਕਪੂਰ ਵੱਲੋਂ ਹਸਪਤਾਲ ਕੰਪਲੈਕਸ ਦੀ ਨਿਗਰਾਨੀ ‘ਚ ਲੱਗੇ ਸੁੱਰਖਿਆ ਦਸਤੇ ਨੂੰ ਕਪੂਰ ਵੱਲੋਂ ਹਟਾਉਣ ਦੀ ਜਾਣਕਾਰੀ ਦਿੰਦੇ ਹੋਏ ਸਿਰਸਾ ਨੇ ਇਸ ਕਰਕੇ ਕੰਪਲੈਕਸ ਦੇ ਗੁਨਾਹ ਸੰਭਾਵੀ ਖੇਤਰ ਬਣਨ ਦਾ ਵੀ ਖਦਸਾ ਜਤਾਇਆ।
ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਡਾ, ਕਮੇਟੀ ਮੈਂਬਰ ਜਤਿੰਦਰ ਪਾਲ ਸਿੰਘ ਗੋਲਡੀ, ਕੁਲਮੋਹਨ ਸਿੰਘ, ਰਵਿੰਦਰ ਸਿੰਘ ਲਵਲੀ, ਦਰਸ਼ਨ ਸਿੰਘ, ਚਮਨ ਸਿੰਘ, ਕੈਪਟਨ ਇੰਦਰਪ੍ਰੀਤ ਸਿੰਘ ਅਤੇ ਯੂਥ ਅਕਾਲੀ ਦਲ ਦਿੱਲੀ ਇਕਾਈ ਦੇ ਸਕੱਤਰ ਜਰਨਲ ਜਸਪ੍ਰੀਤ ਸਿੰਘ ਵਿੱਕੀਮਾਨ ਵੀ ਮੋੌਜੂਦ ਸਨ।