ਨਵੀਂ ਦਿੱਲੀ – ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਤੇ ਦੋਸ਼ ਲਾਉਦਿਆ ਕਿਹਾ ਕਿ ਸਿਰਸਾ ਸੰਗਤਾਂ ਨੂੰ ਗੰਮਰਾਹ ਕਰ ਰਿਹਾ ਹੈ ਅਤੇ ਉਹਨਾਂ (ਸਰਨਾ ਭਰਾਵਾਂ) ਤੇ ਜਿਹੜੇ ਭ੍ਰਿਸ਼ਟਾਚਾਰ ਦੇ ਝੂਠੇ ਦੋਸ਼ ਲਗਾਏ ਸਨ ਉਹਨਾਂ ਨੂੰ ਸਾਬਤ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਿਹਾ ਹੈ ਅਤੇ ਸੰਗਤਾਂ ਦਾ ਧਿਆਨ ਦੂਜੇ ਪਾਸੇ ਲਗਾਉਣ ਲਈ ਜਾਣ ਬੁੱਝ ਕੇ ਬਾਲਾ ਸਾਹਿਬ ਹਸਪਤਾਲ ਦੀ ਜ਼ਮੀਨ ਪ੍ਰਾਈਵੇਟ ਕੰਪਨੀ ਵੇਚ ਦੇਣ ਦਾ ਝੂਠਾ ਪ੍ਰਚਾਰ ਕਰ ਰਿਹਾ ਹੈ।
ਜਾਰੀ ਇੱਕ ਬਿਆਨ ਰਾਹੀ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਬਾਲਾ ਸਾਹਿਬ ਹਸਪਤਾਲ ਦੀ ਜ਼ਮੀਨ ਸਰਨਾ ਭਰਾਵਾਂ ਵੱਲੋ ਇੱਕ ਪ੍ਰਾਈਵੇਟ ਕੰਪਨੀ ਨੂੰ ਵੇਚਣ ਦੇ ਲਗਾਏ ਗਏ ਦੋਸ਼ਾਂ ਨੂੰ ਸਾਬਤ ਨਹੀ ਕਰ ਸਕਿਆ ਤੇ ਹੁਣ ਸਿੱਖ ਸੰਗਤਾਂ ਦਾ ਧਿਆਨ ਹੋਰ ਪਾਸੇ ਲਗਾਉਣ ਲਈ ਇੱਕ ਵੱਖਰਾ ਰਾਗ ਅਲਾਪ ਰਿਹਾ ਕਿ ਸਰਨਾ ਭਰਾਵਾਂ ਨੂੰ ਕੇਸ ਵਾਪਸ ਲੈ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਉਹ ਹਜ਼ਾਰ ਵਾਰੀ ਕਹਿ ਚੁੱਕੇ ਹਨ ਕਿ ਬਾਲਾ ਸਾਹਿਬ ਹਸਪਤਾਲ ਦੀ ਜ਼ਮੀਨ ਨੂੰ ਵੇਚਣ ਦੇ ਜਿਹੜੇ ਦਸਤਾਵੇਜ ਉਹਨਾਂ ਦੇ ਕੋਲ ਹਨ ਉਹਨਾਂ ਨੂੰ ਜਨਤਕ ਕੀਤਾ ਜਾਵੇ ਪਰ ਸਿਰਸਾ ਅੱਜ ਤੱਕ ਉਹਨਾਂ ਨੂੰ ਜਨਤਕ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਿਹਾ ਹੈ ਅਤੇ ਹਵਾਈ ਘੋੜਿਆ ਦੀ ਸਵਾਰੀ ਕਰਨੀ ਉਸ ਦੀ ਪੁਰਾਣੀ ਆਦਤ ਹੈ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਜਦੋ ਉਹ ਪ੍ਰਧਾਨ ਸਨ ਤਾਂ ਇੱਕ ਸਿਵਲ ਕੇਸ ਗੁਰੂ ਹਰਕ੍ਰਿਸ਼ਨ ਮੈਡੀਕਲ ਟਰੱਸਟ ਹੋਂਦ ਦੇ ਖਿਲਾਫ ਅਕਾਲੀ ਦਲ ਬਾਦਲ ਨਾਲ ਸਬੰਧਿਤ ਕੁਲਦੀਪ ਸਿੰਘ ਭੋਗਲ ਨੇ ਪਾਇਆ ਸੀ ਜਿਹੜਾ ਦਿੱਲੀ ਕਮੇਟੀ ਨੇ ਲੜਿਆ ਪਰ ਬਦਕਿਸਮਤੀ ਨਾਲ ਫਰਵਰੀ 2013 ਵਿੱਚ ਹੋਈਆ ਦਿੱਲੀ ਕਮੇਟੀ ਦੀਆ ਚੋਣਾਂ ਉਹ ਹਾਰ ਗਏ ਤੇ ਨਵੇ ਆਹੁਦੇਦਾਰਾਂ ਨੇ ਇਹ ਕੇਸ ਨਾ ਲੜਿਆ ਸਗੋ ਪਟੀਸ਼ਨ ਕਰਤਾ ਦੀ ਹਮਾਇਤ ਕਰ ਦਿੱਤੀ। ਉਹਨਾਂ ਕਿਹਾ ਕਿ ਨਵੇ ਆਹੁਦੇਦਾਰਾਂ ਦੀ ਅਣਗਹਿਲੀ ਕਾਰਨ ਕੇਸ ਭੋਗਲ ਦੇ ਹੱਕ ਵਿੱਚ ਹੋ ਗਿਆ ਜਿਸ ਨੂੰ ਲੈ ਕੇ ਉਹਨਾਂ ਨੇ ਇੱਕ ਅਪੀਲ ਹਾਈਕੋਰਟ ਵਿੱਚ ਪਾਈ ਕਿ ਗੁਰੂ ਹਰਕ੍ਰਿਸ਼ਨ ਮੈਡੀਕਲ ਟਰੱਸਟ ਨੂੰ ਭੰਗ ਨਾ ਕੀਤਾ ਜਾਵੇ ਪਰ ਟਰੱਸਟ ਦੇ ਕੰਮਕਾਰ ਤੇ ਕੋਈ ਰੋਕ ਲਾਉਣ ਲਈ ਕਿਸੇ ਕਿਸਮ ਦਾ ਸਟੇਅ ਆਰਡਰ ਨਹੀ ਲਿਆ। ਉਹਨਾਂ ਕਿਹਾ ਕਿ ਜੇਕਰ ਉਹ ਟਰੱਸਟ ਨੂੰ ਬਚਾ ਨਾ ਸਕੇ ਤਾਂ ਉਹਨਾਂ ਦੇ ਸਮੇਂ ਲੈ ਗਏ ਸਾਰੇ ਵਿਕਾਸ ਕਾਰਜਾਂ ਦੇ ਫੈਸਲੇ ਰੱਦ ਹੋ ਜਾਣੇ ਹਨ ਤੇ ਗੁਰੂ ਘਰ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ। ਉਹਨਾਂ ਕਿਹਾ ਕਿ ਪਤੇ ਦੀ ਗੱਲ ਕਰੀਏ ਤਾਂ ਸੱਚਾਈ ਇਹ ਹੈ ਕਿ ਸਿਰਸਾ ਨੇ ਸੰਗਤਾਂ ਦਾ ਸਾਹਮਣੇ ਸੱਚਾਈ ਨਹੀ ਲਿਆਦੀ ਸਗੋ ਭੰਬਲਭੂਸੇ ਪਾਏ ਹਨ। ਉਹਨਾਂ ਕਿਹਾ ਕਿ ਰੈਡੀਐੰਟ ਹੈਲਥ ਕੇਅਰ ਇੰਡੀਆ ਲਿਮਟਿਡ ਕੰਪਨੀ ਜਿਸ ਨਾਲ ਦਿੱਲੀ ਕਮੇਟੀ ਨੇ ਉਹਨਾਂ ਦੇ ਸਮੇਂ ਇੱਕ ਐਮ।ਓ।ਯੂ ਸਾਈਨ ਕੀਤਾ ਸੀ ਤਾਂ ਕਿ ਬਾਲਾ ਸਾਹਿਬ ਹਸਪਤਾਲ ਦਾ ਵਿਕਾਸ ਕੀਤਾ ਜਾ ਸਕੇ ਪਰ ਨਵੇ ਆਹੁਦੇਦਾਰਾਂ ਨੇ ਜਦੋ ਉਸ ਨੂੰ ਅੱਖੋ ਪਰੋਖੇ ਕਰ ਦਿੱਤਾ ਤਾਂ ਕੰਪਨੀ ਨੇ ਇੱਕ ਅਦਾਲਤ ਵਿੱਚ ਕੇਸ ਦਾਇਰ ਕਰ ਦਿੱਤਾ ਤੇ ਦਿੱਲੀ ਹਾਈਕੋਰਟ ਨੇ ਉਸ ਦੀ ਪਟੀਸ਼ਨ ਤੇ ਇੱਕ ਸਟੇਅ ਜਾਰੀ ਕਰ ਦਿੱਤਾ ਜਿਸ ਸਟੇਅ ਆਰਡਰ ਨੂੰ ਸਿਰਸਾ ਵੱਲੋ ਸੰਗਤਾਂ ਤੋ ਉਹਲਾ ਰੱਖ ਕੇ ਸਰਨਾ ਭਰਾਵਾਂ ਤੇ ਦੀ ਝੂਠੇ ਦੋਸ਼ ਲਗਾਏ ਜਾ ਰਹੇ ਹਨ।
ਉਹਨਾਂ ਕਿਹਾ ਕਿ ਸਿਰਸੇ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਰੈਡੀਐੰਟ ਹੈਲਥ ਕੇਅਰ ਲਿਮਟਿਡ ਕੰਪਨੀ ਨਾਲ ਬੈਠ ਕੇ ਗੱਲਬਾਤ ਕਰਕੇ ਉਹਨਾਂ ਨੂੰ ਕੇਸ ਵਾਪਸ ਲੈਣ ਦੀ ਅਪੀਲ ਕਰਦਾ ਪਰ ਉਲਟਾ ਉਹ ਸਰਨਾ ਭਰਾਵਾਂ ਨੂੰ ਹੀ ਦੋਸ਼ੀ ਠਹਿਰਾ ਰਿਹਾ ਹੈ ਜੋ ਸਰਾਸਰ ਨਾਵਾਜਬ ਤੇ ਗਲਤ ਹੈ।
ਉਹਨਾਂ ਕਿਹਾ ਕਿ ਚਰਚਾ ਹੈ ਕਿ ਇਸ ਵੇਲੇ ਦਿੱਲੀ ਕਮੇਟੀ ਵਿੱਚ ਜਿਹੜੇ ਆਪਸੀ ਦੂਸ਼ਣਬਾਜੀ ਦੇ ਮੰਡੇ ਪੱਕ ਰਹੇ ਹਨ ਉਹ ਵੀ ਕੁਝ ਦਿਨਾਂ ਤੱਕ ਬਾਹਰ ਆ ਜਾਣਗੇ ਕਿਉਕਿ ਮਨਜੀਤ ਸਿੰਘ ਜੀ.ਕੇ. ਤੇ ਮਨਜਿੰਦਰ ਸਿੰਘ ਸਿਰਸਾ ਦੋਵੇ ਇਸ ਕਦਰ ਆਹਮੋ ਸਾਹਮਣੇ ਹੋ ਗਏ ਹਨ ਕਿ ਮਨਜੀਤ ਸਿੰਘ ਜੀ ਕੇ ਆਪਣੇ ਪ੍ਰਧਾਨਗੀ ਦੇ ਅਧਿਕਾਰ ਸੀਨੀਅਰ ਮੀਤ ਪ੍ਰਧਾਨ ਸੋਂਪ ਕੇ ਆਪ ਘਰ ਨੂੰ ਚਲਾ ਗਿਆ ਹੈ। ਉਹਨਾਂ ਕਿਹਾ ਕਿ ਸਿਰਸਾ ਨੂੰ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ ਤੇ ਫਿਰ ਦੂਸਰਿਆ ਤੇ ਉਗਲ ਉਠਾਉਣੀ ਚਾਹੀਦੀ ਹੈ। ਉਹਨਾਂ ਸਿਰਸੇ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਸਰਨੇ ਕੋਈ ਠਠਿਆਰਾ ਦੇ ਕਬੂਤਰ ਨਹੀ ਜਿਹੜੇ ਸਿਰਸੇ ਦੇ ਚੀਕ ਚਿਹਾੜਾ ਸੁਣ ਕੇ ਉਡ ਜਾਣਗੇ ਸਗੋ ਸਿਰਸੇ ਦੇ ਹਰ ਸਵਾਲ ਦਾ ਜਵਾਬ ਦੇਣ ਦੀ ਸਮੱਰਥਾ ਰੱਖਦੇ ਹਨ। ਸਿਰਸਾ ਨੂੰ ਇਹ ਚੰਗੀ ਤਰ੍ਹਾਂ ਯਾਦ ਰੱਖਣਾ ਚਾਹੀਦਾ ਹੈ। ਉਹਨਾਂ ਬਾਦਲਾਂ ਨੂੰ ਵੀ ਚਿਤਵਾਨੀ ਦਿੱਤੀ ਕਿ ਝੂਠੀਆ ਤੋਹਮਤਾਂ ਉਹ ਆਪਣੀ ਆਦਤ ਅਨੁਸਾਰ ਆਪਣੇ ਜ਼ਰ ਖਰੀਦਾਂ ਕੋਲੋ ਨਾ ਲਗਵਾਉਣ, ਹਿੰਮਤ ਹੈ ਤਾਂ ਖੁਦ ਸਾਹਮਣੇ ਆ ਕੇ ਮੁਕਾਬਲਾ ਕਰਨ।