ਨਵੀਂ ਦਿੱਲੀ : ਨੇਪਾਲ ‘ਚ ਆਈ ਕੁਦਰਤੀ ਕਰੋਪੀ ਦੇ ਪੀੜਤਾਂ ਲਈ 6 ਟ੍ਰਕ ਰਾਹਤ ਸਾਮਗ੍ਰੀ ਅਤੇ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈਕ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੇਪਾਲ ਦੇ ਸ਼ਫੀਰ ਦੀਪ ਕੁਮਾਰ ਉਪਾਧਏ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸੌਂਪਿਆਂ ਗਿਆ। ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ.ਅਤੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ ਵਿਖੇ ਨੇਪਾਲੀ ਸ਼ਫੀਰ ਨੂੰ ਸਿਰਪਾਓ ਵੀ ਭੇਂਟ ਕੀਤਾ। ਨੇਪਾਲ ‘ਚ ਆਈ ਆਪਦਾ ‘ਚ ਦਿੱਲੀ ਕਮੇਟੀ ਵੱਲੋਂ ਕੀਤੇ ਜਾ ਰਹੇ ਸਹਿਯੋਗ ਲਈ ਨੇਪਾਲੀ ਸ਼ਫੀਰ ਵੱਲੋਂ ਦਿੱਲੀ ਕਮੇਟੀ ਦਾ ਧੰਨਵਾਦ ਵੀ ਪ੍ਰਗਟਾਇਆ ਗਿਆ। ਦਿੱਲੀ ਕਮੇਟੀ ਵੱਲੋਂ ਲੰਗਰ ਦੇ ਪੇਕੈਟ ਭੇਜਣ ਦੇ ਨਾਲ ਆਪਦਾ ਪ੍ਰਭਾਵਿਤ ਦੋ ਪਿੰਡਾਂ ‘ਚ ਲਗਾਏ ਗਏ ਲੰਗਰਾਂ ਦੀ ਵੀ ਉਨ੍ਹਾਂ ਨੇ ਸ਼ਲਾਘਾ ਕੀਤੀ।
ਇਸ ਬਾਰੇ ਵਧੇਰੀ ਜਾਣਕਾਰੀ ਦਿੰਦੇ ਹੋਏ ਜੀ.ਕੇ. ਨੇ ਕਿਹਾ ਕਿ ਅੱਜ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਭੇਜੀ ਗਈ ਸਾਮਗ੍ਰੀ ‘ਚ ਬਿਸਕੁਟ, ਭੁੰਨੇ ਹੋਏ ਛੋਲੇ, ਫਰੂੁਟੀ, ਕੰਬਲ, ਮੈਗੀ, ਨਮਕੀਨ, ਚਾਵਲ, ਰਸ, ਲੁੂਣ, ਤਿਰਪਾਲ, ਮੋਮਬੱਤੀ, ਕੁਰਤੇ-ਪਜਾਮੇ, ਟੈਂਟ, ਪੋਹਾ ਅਤੇ ਸ਼ਕਰਪਾਰੇ ਆਦਿਕ ਲਗਭਗ 25 ਟਨ ਸਾਮਗ੍ਰੀ 6 ਟ੍ਰਕਾਂ ਰਾਹੀਂ ਭੇਜੀ ਗਈ ਹੈ। ਪੁਰਾਨੀ ਦਿੱਲੀ ਸਟੇਸ਼ਨ ਤੋਂ ਇਹ ਸਾਮਗ੍ਰੀ ਨੇਪਾਲ ਤੱਕ ਟ੍ਰੇਨ ਰਾਹੀਂ ਭੇਜੀ ਜਾਵੇਗੀ।ਨੇਪਾਲ ਰਾਹਤ ਕੋਸ਼ ‘ਚ ਦਿੱਲੀ ਕਮੇਟੀ ਵੱਲੋਂ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈਕ ਵੀ ਨੇਪਾਲੀ ਸ਼ਫੀਰ ਨੂੰ ਜੀ.ਕੇ. ਨੇ ਭੇਂਟ ਕੀਤਾ। ਸਿਰਸਾ ਨੇ ਨੇਪਾਲੀ ਲੋਕਾਂ ਦੇ ਦੁੱਖ-ਸੁਖ ‘ਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੰਦੇ ਹੋਏ ਲੋੜ ਪੈਣ ‘ਤੇ ਕਮੇਟੀ ਵੱਲੋਂ ਹੋਰ ਸਹਿਯੋਗ ਦੇਣ ਦਾ ਵੀ ਵਾਇਦਾ ਕੀਤਾ। ਇਸ ਮੌਕੇ ਭਾਜਪਾ ਆਗੂ ਵਿਜੈ ਜੌਲੀ, ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ, ਹਰਦੇਵ ਸਿੰਘ ਧਨੋਆ, ਰਵੇਲ ਸਿੰਘ, ਦਰਸ਼ਨ ਸਿੰਘ, ਗੁਰਦੇਵ ਸਿੰਘ ਭੋਲਾ ਅਤੇ ਬੀਬੀ ਧੀਰਜ ਕੌਰ ਮੌਜੂਦ ਸਨ।