ਕਾਫ਼ੀ ਹਫ਼ਤਿਆਂ ਤੋਂ ਇੰਤਜ਼ਾਰ ਕਰ ਰਿਹਾ ਸੀ, ਅਮਿਤਾਭ ਬੱਚਨ, ਦੀਪਿਕਾ ਪਾਦੁਕੋਣ ਤੇ ਇਰਫ਼ਾਨ ਖਾਨ ਸਟਾਰਰ ਹਿੰਦੀ ਫਿਲਮ ਪੀਕੂ ਦੀ ਤੇ ਆਖਿ਼ਰ ਅੱਠ ਮਈ ਨੂੰ ਰਿਲੀਜ਼ ਹੋਣ ਦੇ ਇੱਕ ਦਿਨ ਬਾਅਦ ਇਸ ਨੂੰ ਦੇਖਣ ਦਾ ਸਬੱਬ ਬਣ ਹੀ ਗਿਆ । ਜਿਵੇਂ ਕਿ ਬਚਪਨ ਵਿਚ ਬੱਚਿਆਂ ਦੇ ਛੋਟੇ ਨਾਮ ਰੱਖ ਦਿੱਤੇ ਜਾਂਦੇ ਹਨ, ਬੰਟੀ, ਚਿੰਟੂ, ਕਾਕਾ ਆਦਿ, ਸ਼ਾਇਦ ਉਸੇ ਤਰ੍ਹਾਂ ਹੀ ਪੀਕੂ ਨਾਮ ਰੱਖਿਆ ਗਿਆ ਹੋਵੇ । ਫਿਲਮ ਦੀ ਕਹਾਣੀ ਇੱਕ ਬੰਗਾਲੀ ਪਰਿਵਾਰ ਵਿਚ ਹੀ ਘੁੰਮਦੀ ਰਹਿੰਦੀ ਹੈ, ਜਿਸ ਵਿਚ ਇੱਕ ਪਿਉ (ਅਮਿਤਾਭ ਬੱਚਨ) ਹੈ, ਧੀ ਪੀਕੂ (ਦੀਪਿਕਾ ਪਾਦੁਕੋਣ) ਹੇ ਤੇ ਇੱਕ ਨੌਕਰ ਤੋਂ ਇਲਾਵਾ ਇੱਕ ਟੈਕਸੀ ਮਾਲਕ / ਡਰਾਈਵਰ (ਇਰਫ਼ਾਨ ਖ਼ਾਨ) ਵੀ ਇਸ ਕਹਾਣੀ ਦਾ ਅਹਿਮ ਹਿੱਸਾ ਹੈ । ਅਮਿਤਾਭ ਬੱਚਨ ਨੇ ਇੱਕ ਵਾਰ ਫੇਰ ਸਾਬਿਤ ਕਰ ਦਿੱਤਾ ਹੈ ਕਿ ਉਮਰ ਦੇ ਇਸ ਪੜਾਅ ‘ਚ ਵੀ ਉਹ ਇਤਨਾ ਦਮ ਰੱਖਦਾ ਹੈ ਕਿ ਉਸਦੇ ਮੋਢਿਆਂ ‘ਤੇ ਰਵਾਇਤੀ ਫਿਲਮੀ ਪਿਉਆਂ ਨੂੰ ਛੱਡ ਕੇ ਗੱਡੇ ਦੇ ਬਲਦ ਵਾਂਗ ਬਰਾਬਰ ਦਾ ਬੋਝ ਪਾਇਆ ਜਾ ਸਕਦਾ ਹੈ । “ਬਾਗ਼ਬਾਨ” ਹੋਵੇ “ਪਾ” ਹੋਵੇ, “ਸ਼ਮਿਤਾਬ” ਜਾਂ ਹੁਣ “ਪੀਕੂ”, ਅਮਿਤਾਭ ਬੱਚਨ ਨੇ ਵਾਕਿਆ ਹੀ ਮਨਵਾਇਆ ਹੈ ਕਿ ਉਸਨੂੰ ਮਹਾਂਨਾਇਕ ਉਂਝ ਹੀ ਨਹੀਂ ਕਿਹਾ ਜਾਂਦਾ । ਇਸ ਫਿਲਮ ‘ਚ ਅਮਿਤਾਭ ਨੇ ਇੱਕ ਅਜਿਹੇ ਬੰਗਾਲੀ ਪਿਉ ਦਾ ਰੋਲ ਅਦਾ ਕੀਤਾ ਹੈ, ਜੋ ਕਿ ਹਮੇਸ਼ਾ ਹੀ ਕਬਜ਼ ਦਾ ਸਿ਼ਕਾਰ ਰਹਿੰਦਾ ਹੈ ਜਾਂ ਉਸਨੂੰ ਕਬਜ਼ ਹੋਣ ਦਾ ਵਹਿਮ ਰਹਿੰਦਾ ਹੈ । ਸੱਤਰ ਸਾਲਾਂ ਦੀ ਉਮਰ ਵਿਚ ਉਹ ਆਪਣੀ ਸਿਹਤ ਪ੍ਰਤੀ ਬਹੁਤ ਚਿੰਤਤ ਰਹਿੰਦਾ ਹੈ ਤੇ ਉਮਰ ਦੇ ਤਕਾਜ਼ੇ ਨੂੰ ਛੱਡ ਕੇ ਸਰੀਰ ਤਕਰੀਬਨ ਚੰਗਾ ਭਲਾ ਹੈ ਪਰ ਉਸਨੂੰ ਹਰ ਵੇਲੇ ਵਹਿਮ ਰਹਿੰਦਾ ਹੈ ਕਿ ਕਿਤੇ ਉਸਦਾ ਬਲੱਡ ਪ੍ਰੈਸ਼ਰ ਤਾਂ ਨਹੀਂ ਵਧ ਘੱਟ ਗਿਆ, ਕਿਤੇ ਬੁਖ਼ਾਰ ਤਾਂ ਨਹੀਂ ਹੋ ਗਿਆ ਜਾਂ ਕੋਈ ਹੋਰ ਬਿਮਾਰੀ ਤਾਂ ਨਹੀਂ ਚਿੰਬੜ ਗਈ । ਅਸਲ ‘ਚ ਉਹ ਤੁਰਦਿਆਂ ਫਿਰਦਿਆਂ ਹੀ ਸ਼ਾਂਤੀ ਨਾਲ਼ ਇਸ ਦੁਨੀਆਂ ਤੋਂ ਵਿਦਾ ਹੋਣਾ ਚਾਹੁੰਦਾ ਹੈ । ਬੇਸ਼ੱਕ ਉਹ ਆਪਣੇ ਆਪ ਨੂੰ ਕਦੇ ਵੀ ਠੀਕ ਮਹਿਸੂਸ ਨਹੀਂ ਕਰਦਾ ਤੇ ਦੂਜਿਆਂ ‘ਤੇ ਨਿਰਭਰ ਹੈ ਪਰ ਖੁੱਦ-ਦਾਰ ਹੈ ਤੇ ਕਿਸੇ ‘ਤੇ ਨਿਰਭਰ ਨਹੀਂ ਹੋਣਾ ਚਾਹੁੰਦਾ । ਇਹ ਜਿਹਾ ਢਿੱਡਲ ਪਾਤਰ ਸਵਾਰਥੀ ਹੈ, ਸਨਕੀ ਹੈ ਤੇ ਸਠਿਆਇਆ ਹੋਇਆ ਵੀ ਹੈ । ਕੁੱਲ ਮਿਲਾ ਕੇ ਸਾਨੂੰ ਆਪਣੇ ਆਲੇ ਦੁਆਲੇ ਅਜਿਹੇ ਜਿਉਂਦੇ ਜਾਗਦੇ ਪਾਤਰ ਆਮ ਹੀ ਮਿਲ ਜਾਂਦੇ ਹਨ, ਜਿੰਨ੍ਹਾਂ ਦੀਆਂ ਅਜਿਹੀਆਂ ਹਰਕਤਾਂ ‘ਤੇ ਖਿਝ ਚੜ੍ਹਦੀ ਹੈ । ਇਸ ਕਿਰਦਾਰ ਦਾ ਗੱਲ ਗੱਲ ‘ਤੇ ਬਹਿਸਣਾ ਆਪਣੇ ਆਲੇ ਦੁਆਲੇ ਦੇ ਬਜ਼ੁਰਗਾਂ ਦਾ ਚੇਤਾ ਤਾਜ਼ਾ ਕਰਵਾ ਦਿੰਦਾ ਹੈ । ਇਸ ਫਿਲਮ ਨੂੰ ਦੇਖਦਿਆਂ ਜਿੱਥੇ ਹਾਸਾ ਉਪਜਦਾ ਹੈ, ਦਰਸ਼ਕ ਨੂੰ ਖਿਝ ਵੀ ਚੜ੍ਹਦੀ ਹੈ ਕਿ ਯਾਰ ਚੰਗਾ ਬੰਦਾ ਹੈ, ਐਵੇਂ ਹੀ ਠਿੱਠ ਕਰੀ ਜਾਂਦਾ ਹੈ ਅਤੇ ਅਮਿਤਾਭ ਬੱਚਨ ਦੇ ਕਿਰਦਾਰ ਦੀ ਇਹੀ ਖੂਬਸੂਰਤੀ ਹੈ । ਸਹੀ ਸ਼ਬਦਾਂ ‘ਚ ਇਹ ਕਿਰਦਾਰ ਵਾਕਿਆ ਹੀ ਸੱਤਰਿਆ-ਬਹੱਤਰਿਆ ਹੋਇਆ ਹੈ । ਇਸ ਕਿਰਦਾਰ ਦੀ ਕਬਜ਼ ਦੀ ਪ੍ਰੇਸ਼ਾਨੀ ਉਸਦੇ ਚਿਹਰੇ ਦੇ ਹਾਵਭਾਵਾਂ ਤੋਂ ਸਪੱਸ਼ਟ ਝਲਕਦੀ ਹੈ । ਉਹ ਇਸ ਬਿਮਾਰੀ ਤੋਂ ਇਸ ਕਦਰ ਪ੍ਰੇਸ਼ਾਨ ਹੈ ਕਿ ਗੱਲ ਚਾਹੇ ਕੋਈ ਵੀ ਚੱਲਦੀ ਹੋਵੇ, ਉਹ ਗੱਲ ਮੋੜ-ਘੋੜ ਕੇ ਕਬਜ਼ ਜਾਂ “ਹਲਕੇ ਹੋਣ” ‘ਤੇ ਹੀ ਲੈ ਆਉਂਦਾ ਹੈ, ਚਾਹੇ ਗੱਲਬਾਤ ਖਾਣੇ ਦੀ ਟੇਬਲ ‘ਤੇ ਵੀ ਕਿਉਂ ਨਾਂ ਹੋ ਰਹੀ ਹੋਵੇ । ਆਖਿਰ ਬੜੀ ਜੱਦੋ ਜਹਿਦ ਦੇ ਬਾਅਦ ਉਸਦੀ ਕਬਜ਼ ਟੁੱਟਦੀ ਹੈ ਤੇ ਊਹ ਇੰਝ ਮਹਿਸੂਸ ਕਰਦਾ ਹੈ ਜਿਵੇਂ ਟਾਇਰ ‘ਚੋਂ ਹਵਾ ਨਿੱਕਲ ਗਈ ਹੋਵੇ ।
ਇਹ ਕਿਰਦਾਰ ਆਪਣੀ ਤੀਹਾਂ ਨੂੰ ਢੁੱਕੀ ਧੀ ਦਾ ਵਿਆਹ ਹੋਣ ਬਾਅਦ ਅਲੱਗ ਹੋਣ ਦੇ ਡਰ ਤੋਂ ਮੁੰਡਿਆਂ ਸਿੱਧਾ ਹੀ ਕਹਿ ਦਿੰਦਾ ਹੈ ਕਿ ਉਹ “ਕੁਆਰੀ” ਨਹੀਂ ਹੈ ਭਾਵ ਨਾ ਹੋਵੇਗਾ ਬਾਂਸ ਤੇ ਨਾ ਵੱਜੇਗੀ ਬੰਸਰੀ । ਉਸਦੀ ਧੀ ਪੀਕੂ ਵੀ ੳਸਨੂੰ ਬਹੁਤ ਪਿਆਰ ਕਰਦੀ ਹੈ, ਹਾਲਾਂਕਿ ਪਿਉ ਦੇ ਸਨਕੀਪਣ ਕਰਕੇ ਉਸਦੀ ਜਿੰਦਗੀ ਵੀ ਪ੍ਰੇਸ਼ਾਨੀਆਂ ਨਾਲ਼ ਭਰੀ ਹੋਈ ਹੈ । ਉਹ ਹਰ ਵੇਲੇ ਖਿੱਝੀ ਰਹਿੰਦੀ ਹੈ, ਆਪਣੇ ਕੰਮ-ਕਾਰ ਤੇ ਘਰ ‘ਚ ਸੰਤੁਲਨ ਬਨਾਉਣ ਦਾ ਯਤਨ ਕਰਦੀ ਰਹਿੰਦੀ ਹੈ ਤੇ ਆਪਣੀਆਂ ਖੁਸ਼ੀਆਂ ਨੂੰ ਵੀ ਉਸ ਦਰ-ਕਿਨਾਰ ਕੀਤਾ ਹੋਇਆ ਹੈ ਪਰ ਫਿਰ ਵੀ ਉਹ ਆਪਣੇ ਪਿਤਾ ਦਾ ਬਹੁਤ ਧਿਆਨ ਰੱਖਦੀ ਹੈ ਤੇ ਬਹੁਤ ਸਾਰੇ ਕੰਮ ਉਸਨੂੰ ਨਾ ਚਾਹੁੰਦਿਆਂ ਹੋਇਆਂ ਵੀ ਕਰਨੇ ਪੈਂਦੇ ਹਨ ।
ਇਰਫ਼ਾਨ ਖ਼ਾਨ ਆਪਣੇ ਹਰ ਕਿਰਦਾਰ ‘ਚ ਹਮੇਸ਼ਾ ਖੁੱਭਿਆ ਹੋਇਆ ਨਜ਼ਰ ਆਉਂਦਾ ਹੈ । ਉਸਦੀ ਗੰਭੀਰ ਅਦਾਕਾਰੀ ਦਾ ਆਪਣਾ ਹੀ ਸਟਾਇਲ ਹੈ । ਗੰਭੀਰ ਰਹਿੰਦਿਆਂ ਵੀ ਉਹ ਬੜੇ ਪਤੇ ਦੀ ਗੱਲ ਕਰ ਜਾਂਦਾ ਹੈ । ਕਈ ਵਾਰ ਤਾਂ ਜਾਪਦਾ ਹੈ ਕਿ ਇਹ ਡਾਇਲਾਗ ਬਣਿਆ ਹੀ ਇਰਫ਼ਾਨ ਖ਼ਾਨ ਦੇ ਲਈ ਸੀ । ਫਿਲਮ ਚਾਹੇ ਬਿੱਲੂ ਬਾਰਬਰ ਹੋਵੇ, ਕਿੱਸਾ ਹੋਵੇ ਜਾਂ ਹੁਣ ਪੀਕੂ, ਉਹ ਬਹੁਤ ਵੱਡੀਆਂ ਗੱਲਾਂ ਸਹਿਜੇ ਹੀ ਕਰ ਜਾਂਦਾ ਹੈ ।
ਡਾਇਰੈਕਟਰ ਸੁਜਿਤ ਸਰਕਾਰ ਨੇ ਆਪਣੀਆਂ ਜਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ ਹੈ । ਦਰਸ਼ਕਾਂ ਦੀਆਂ ਉਮੀਦਾਂ ਸੁਜਿਤ ਤੋਂ ਵਿੱਕੀ ਡੋਨਰ ਤੇ ਮਦਰਾਸ ਕੈਫ਼ੇ ਤੋਂ ਬਾਅਦ ਹੋਰ ਜਿ਼ਆਦਾ ਵਧ ਗਈਆਂ ਸਨ । ਇਸ ਫਿਲਮ ਵਿਚ ਬੰਗਾਲੀ ਪਰਿਵਾਰ ਦਾ ਰਹਿਣ ਸਹਿਣ ਬਹੁਤ ਨਜ਼ਦੀਕ ਤੋਂ ਦੇਖਣ ਨੂੰ ਮਿਲਦਾ ਹੈ । ਗੀਤ ਬੈਕਗਰਾਊਂਡ ਵਿਚ ਚੱਲਦੇ ਹਨ । ਗੱਲਾਂ-ਬਾਤਾਂ ਵਿਚ ਅੰਗ੍ਰੇਜ਼ੀ ਦੀ ਬਹੁਤ ਖਿਚੜੀ ਕੀਤੀ ਗਈ ਹੈ ਤੇ ਕਹਾਣੀ ਵੀ ਹੌਲੀ ਚੱਲਦੀ ਹੈ ਪਰ ਕੁੱਲ ਮਿਲਾ ਕੇ ਫਿਲਮ ਦੇਖਣ ਯੋਗ ਹੈ ।