ਬੀਜਿੰਗ – ਅਮਰੀਕਾ ਦੇ ਵਿਦੇਸ਼ ਮੰਤਰੀ ਜਾਨ ਕੇਰੀ ਨੇ ਦੱਖਣੀ ਚੀਨ ਸਾਗਰ ਵਿੱਚ ਚੀਨ ਦੀਆਂ ਨਿਰਮਾਣ ਗਤੀਵਿਧੀਆਂ ਅਤੇ ਸਮੁੰਦਰੀ ਭੂਮੀ ਨੂੰ ਗਲਤ ਢੰਗ ਨਾਲ ਆਪਣੇ ਅਧੀਨ ਕਰਨ ਤੇ ਚਿੰਤਾ ਪ੍ਰਗਟ ਕਰਦੇ ਹੋਏ ਇਸ ਖੇਤਰ ਵਿੱਚ ਤਣਾਅ ਘੱਟ ਕਰਨ ਦੀ ਅਪੀਲ ਕੀਤੀ ਹੈ। ਜਾਨ ਕੇਰੀ ਇਸ ਸਮੇਂ ਚੀਨ ਵਿੱਚ ਇਸ ਮੁੱਦੇ ਤੇ ਚੀਨੀ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਹਨ।
ਚੀਨ ਪੂਰੇ ਦੱਖਣੀ ਚੀਨ ਸਾਗਰ ਤੇ ਆਪਣਾ ਹੱਕ ਜਤਾ ਰਿਹਾ ਹੈ ਅਤੇ ਦੂਸਰੇ ਪਾਸੇ ਤਾਇਵਾਨ, ਬੁਰਨੇਈ, ਵੀਅਤਨਾਮ, ਫਿਲਪੀਨਜ਼ ਅਤੇ ਮਲੇਸ਼ੀਆ ਇਸ ਵਿਵਾਦਤ ਖੇਤਰ ਤੇ ਆਪਣੇ-ਆਪਣੇ ਦਾਅਵੇ ਕਰ ਰਹੇ ਹਨ। ਕੇਰੀ ਇਸ ਸਬੰਧੀ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਅਤੇ ਦੂਸਰੇ ਪ੍ਰਮੁੱਖ ਨੇਤਾਵਾਂ ਨਾਲ ਗੱਲਬਾਤ ਕਰਨਗੇ।
ਅਮਰੀਕਾ ਦਾ ਕਹਿਣਾ ਹੈ ਕਿ ਚੀਨ ਨੇ ਸਪਾਰਟਲੀ ਦੀਪ ਸਮੂਹ ਵਿੱਚ 810 ਹੈਕਟੇਅਰ ਜ਼ਮੀਨ ਰੀਕਲੇਮ ਕੀਤੀ ਹੈ। ਰੀਕਲੇਮ ਦਾ ਮਤਲੱਬ ਸਮੁੰਦਰ ਵਿੱਚ ਨਕਲੀ ਢੰਗ ਨਾਲ ਜ਼ਮੀਨ ਤਿਆਰ ਕਰਨਾ ਹੈ। ਚੀਨ ਦੀ ਇਸ ਮਾਮਲੇ ਵਿੱਚ ਨੀਅਤ ਸਾਫ਼ ਨਹੀਂ ਹੈ।
ਚੀਨ ਦੇ ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਆਪਣੀ ਆਜ਼ਾਦੀ, ਅਧਿਕਾਰਾਂ ਅਤੇ ਹਿੱਤਾਂ ਦੀ ਰੱਖਿਆ ਕਰਨ ਦਾ ਚੀਨ ਦਾ ਪੱਕਾ ਇਰਾਦਾ ਹੈ। ਚੀਨ ਦੇ ਖਿਲਾਫ਼ ਕਿਸੇ ਵੀ ਕਾਰਵਾਈ ਦਾ ਮੂੰਹਤੋੜ ਜਵਾਬ ਦਿੱਤਾ ਜਾਵੇਗਾ।