ਨਵੀਂ ਦਿੱਲੀ- ਬੀਜੇਪੀ ਦੀ ਆਪਣੀ ਹੀ ਪਾਰਟੀ ਦੀ ਕੇਂਦਰੀ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਆਪਣੀ ਹੀ ਸਰਕਾਰ ਦੀਆਂ ਨੀਤੀਆਂ ਤੇ ਸਵਾਲ ਉਠਾਏ ਹਨ। ਇਹ ਸਵਾਲ ਉਨ੍ਹਾਂ ਨੇ 2015-16 ਦੇ ਬੱਜਟ ਵਿੱਚ ਸਮਾਜ ਕਲਿਆਣ ਦੀਆਂ ਯੋਜਨਾਵਾਂ ਦੇ ਫੰਡ ਵਿੱਚ ਕਟੌਤੀਆਂ ਨੂੰ ਲੈ ਕੇ ਉਠਾਏ ਹਨ।
ਵਿੱਤ ਮੰਤਰੀ ਅਰੁਣ ਜੇਟਲੀ ਨੂੰ ਲਿਖੇ ਪੱਤਰ ਵਿੱਚ ਮੇਨਕਾ ਗਾਂਧੀ ਨੇ ਊਨ੍ਹਾਂ ਸਮਸਿਆਵਾਂ ਦਾ ਜਿਕਰ ਕੀਤਾ ਹੈ ਜਿੰਨ੍ਹਾਂ ਦੇ ਚੱਲਦੇ ਗਰੀਬਾਂ ਦੇ ਕਲਿਆਣ ਦੀਆਂ ਯੋਜਨਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਕੇਂਦਰੀ ਬਾਲ ਅਤੇ ਮਹਿਲਾ ਵਿਕਾਸ ਮੰਤਰੀ ਨੇ ਵਿੱਤ ਮੰਤਰੀ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਸਰਕਾਰ ਦੀਆਂ ਨੀਤੀਆਂ ਦੀ ਦੇਸ਼ ਦੇ 3 ਕਰੋੜ ਦੇ ਕਰੀਬ ਗਰੀਬ ਲੋਕਾਂ ਤੇ ਮਾਰ ਪਵੇਗੀ।
ਮੇਨਕਾ ਗਾਂਧੀ ਅਨੁਸਾਰ ਸਰਕਾਰ ਦੀਆਂ ਨੀਤੀਆਂ ਨਾਲ ਅਜਿਹੀ ਸਥਿਤੀ ਪੈਦਾ ਹੋ ਜਾਵੇਗੀ, ਜਿਸ ਨਾਲ ਬੱਚਿਆਂ ਦੇ ਕੁਪੋਸ਼ਣ, ਗੱਰਭਵਤੀ ਔਰਤਾਂ ਅਤੇ ਦੁੱਧ ਪਿਆਉਣ ਵਾਲੀਆਂ ਮਾਵਾਂ ਦੇ ਲਈ ਨਿਯੂਟ੍ਰੇਸ਼ਨ ਨਾਲ ਸਬੰਧਤ ਅਹਿਮ ਪ੍ਰੋਗਰਾਮਾਂ ਤੇ ਧਿਆਨ ਕੇਂਦਰਿਤ ਕਰਨਾ ਅਸੰਭਵ ਹੋਵੇਗਾ। ਇਸ ਸਮੇਂ ਦੇਸ਼ ਵਿੱਚ 10 ਕਰੋੜ ਦੇ ਕਰੀਬ ਮਹਿਲਾਵਾਂ ਅਤੇ ਬੱਚਿਆਂ ਨੂੰ ਨਿਯੂਟ੍ਰੇਸ਼ਨ ਦੀ ਲੋੜ ਹੈ। ਪੀਲੀਭੀਤ ਤੋਂ ਸੰਸਦ ਮੇਨਕਾ ਗਾਂਧੀ ਨੇ ਲਿਖਿਆ ਹੈ ਕਿ ਉਨ੍ਹਾਂ ਨੂੰ ਡਰ ਹੈ ਕਿ ਅਜਿਹੀ ਸਥਿਤੀ ਨਾਲ ਰਾਜਨੀਤਕ ਹਾਲਾਤ ਗੰਭੀਰ ਹੋ ਸਕਦੇ ਹਨ।