ਮੁੰਬਈ – ਐਨਡੀਏ ਦੇ ਸਹਿਯੋਗੀ ਦਲ ਸ਼ਿਵਸੈਨਾ ਨੇ ਮੰਗੋਲੀਆ ਨੂੰ ਆਰਥਿਕ ਮੱਦਦ ਦੇਣ ਤੇ ਮੋਦੀ ਸਰਕਾਰ ਦੀ ਸਖਤ ਆਲੋਚਨਾ ਕੀਤੀ ਹੈ। ਸ਼ਿਵਸੈਨਾ ਨੇ ਆਪਣੇ ਮੁੱਖਪੱਤਰ ਸਾਹਮਣਾ ਦੇ ਐਡੀਟੋਰੀਅਲ ਵਿੱਚ ਮੋਦੀ ਵੱਲੋਂ ਮੰਗੋਲੀਆ ਨੂੰ ਇੱਕ ਅਰਬ ਡਾਲਰ ਦੀ ਆਰਥਿਕ ਮੱਦਦ ਦੇਣ ਤੇ ਸਵਾਲ ਖੜ੍ਹੇ ਕੀਤੇ ਹਨ।
ਸ਼ਿਵਸੈਨਾ ਨੇ ਕਿਹਾ ਹੈ ਕਿ ਮਹਾਂਰਾਸ਼ਟਰ ਆਪਣੇ ਉਨ੍ਹਾਂ ਕਿਸਾਨਾਂ ਦੇ ਲਈ ਆਰਥਿਕ ਮੱਦਦ ਚਾਹੁੰਦਾ ਹੈ,ਜੋ ਬੇਮੌਸਮੀ ਬਰਸਾਤ ਅਤੇ ਗੜਿਆਂ ਦੀ ਮਾਰ ਕਾਰਣ ਫਸਲ ਖਰਾਬ ਹੋ ਜਾਣ ਤੇ ਆਤਮਹੱਤਿਆ ਕਰ ਰਹੇ ਹਨ। ਸਾਹਮਣਾ ਵਿੱਚ ਲਿਖਿਆ ਗਿਆ ਹੈ ਕਿ ਮੰਗੋਲੀਆ ਨੂੰ ਇੱਕ ਅਰਬ ਡਾਲਰ ਦੀ ਸਹਾਇਤਾ ਕੋਈ ਛੋਟਾ ਅੰਕੜਾ ਨਹੀਂ ਹੈ। ਇਸ ਨੂੰ ਭਾਰਤੀ ਕਰੰਸੀ ਵਿੱਚ ਬਦਲਿਆ ਜਾਵੇ ਤਾਂ ਇਹ ਬਹੁਤ ਜਿਆਦਾ ਹੋਵੇਗੀ। ਸ਼ਿਵਸੈਨਾ ਨੇ ਕਿਹਾ ਕਿ ਮਹਾਂਰਾਸ਼ਟਰ ਦੀ ਤੁਲਣਾ ਵਿੱਚ ਮੰਗੋਲੀਆ ਦੀ ਜਨਤਾ ਬਹੁਤ ਕਿਸਮਤ ਵਾਲੀ ਹੈ। ਸਿ਼ਵਸੈਨਾ ਅਨਸਾਰ ਜੇ ਮੋਦੀ ਸਰਕਾਰ ਨੇ ਅਜਿਹੀ ਉਦਾਰਤਾ ਮਹਾਂਰਾਸ਼ਟਰ ਦੇ ਕਿਸਾਨਾਂ ਪ੍ਰਤੀ ਵਿਖਾਈ ਹੁੰਦੀ, ਤਾਂ ਬਹੁਤ ਚੰਗਾ ਹੁੰਦਾ।