ਚੰਡੀਗੜ੍ਹ – “ਪਾਵਰ ਗਰਿੱਡ ਕਾਰਪੋਰੇਸ਼ਨ ਵੱਲੋਂ ਜਦੋਂ ਵੀ ਕਿਸੇ ਜਿੰਮੀਦਾਰ ਦੀ ਮਲਕੀਅਤ ਜ਼ਮੀਨ ਵਿਚ ਹਾਈ ਪਾਵਰ ਟੈਨਸ਼ਨ ਟਾਵਰ ਅਤੇ ਵੱਡੇ ਲੋਡ ਵਾਲੀਆਂ ਤਾਰਾਂ ਪਾਈਆਂ ਜਾਂਦੀਆਂ ਹਨ ਤਾਂ ਉਸ ਜਿੰਮੀਦਾਰ ਦੀ ਤਾਰਾਂ ਤੋਂ ਪ੍ਰਭਾਵਿਤ ਜਮੀਨ ਦੀ ਕੀਮਤ ਤੀਜਾ ਹਿੱਸਾ ਰਹਿ ਜਾਂਦੀ ਹੈ। ਇਸ ਲਈ ਪਾਵਰ ਗਰਿੱਡ ਕਾਰਪੋਰੇਸ਼ਨ ਜਿਸ ਦਾ ਸਾਲਾਨਾ ਲਾਭ ਇਕ ਲੱਖ ਕਰੋੜ ਤੋਂ ਵੱਧ ਹੈ, ਉਸ ਨੂੰ ਸੰਬੰਧਤ ਜਿੰਮੀਦਾਰ ਦੀ ਜ਼ਮੀਨ ਅਤੇ ਫ਼ਸਲ ਦੇ ਹੋਣ ਵਾਲੇ ਵੱਡੇ ਨੁਕਸਾਨ ਦਾ ਮੁਆਵਜਾ ਭੁਗਤਾਨ ਕਰਕੇ ਹੀ ਇਹ ਟਾਵਰ ਲਾਉਣੇ ਅਤੇ ਤਾਰਾਂ ਪਾਉਣ ਦਾ ਪ੍ਰਬੰਧ ਹੋਣਾ ਜਰੂਰੀ ਹੈ। ਤਾਂ ਕਿ ਜਿੰਮੀਦਾਰ ਦੀ ਮਾਲੀ ਹਾਲਤ ਉਤੇ ਕੋਈ ਪ੍ਰਭਾਵ ਨਾਂ ਪਵੇ। ਪਰ ਦੁੱਖ ਅਤੇ ਅਫ਼ਸੋਸ ਹੈ ਕਿ ਪਾਵਰ ਗਰਿੱਡ ਕਾਰਪੋਰੇਸ਼ਨ ਜਿੰਮੀਦਾਰ ਦੇ ਹੋਣ ਵਾਲੇ ਮਾਲੀ ਨੁਕਸਾਨ ਦਾ ਇਬਜਾਨਾ ਦੇਣ ਤੋਂ ਬਿਨ੍ਹਾਂ ਹੀ ਹਕੂਮਤੀ, ਕਾਨੂੰਨੀ ਅਤੇ ਪੁਲਿਸ ਦੇ ਡੰਡੇ ਦੇ ਜੋਰ ਨਾਲ ਜਬਰੀ ਕਬਜ਼ੇ ਕਰਕੇ ਹਾਈ ਟੈਨਸ਼ਨ ਟਾਵਰ ਅਤੇ ਤਾਰਾਂ ਪਾਈਆਂ ਜਾ ਰਹੀਆਂ ਹਨ। ਜੋ ਗੈਰ ਕਾਨੂੰਨੀਂ ਅਮਲ ਹਨ, ਜਿਸ ਨੂੰ ਪੰਜਾਬ ਦੇ ਜਿੰਮੀਦਾਰ, ਜਿੰਮੀਦਾਰ ਯੂਨੀਅਨਾਂ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬਿਲਕੁਲ ਵੀ ਸਹਿਨ ਨਹੀਂ ਕਰੇਗਾ ਅਤੇ ਇਸ ਧੱਕੇ ਵਿਰੁੱਧ ਲੋਕ ਲਹਿਰ ਖੜ੍ਹੀ ਕਰਨ ਤੋਂ ਬਿਲਕੁਲ ਨਹੀਂ ਹਿਚਕਿਚਾਹੇਗਾ।”
ਇਸ ਵਿਚਾਰ ਸ. ਇਮਾਨ ਸਿੰਘ ਮਾਨ,ਸਰਪ੍ਰਸਤ ਯੂਥ ਅਕਾਲੀ ਦਲ ਅੰਮ੍ਰਿਤਸਰ ਨੇ ਅੱਜ ਇਥੇ ਆਪਣੇ ਪਾਰਟੀ ਦੇ ਸੀਨੀਅਰ ਆਗੂਆਂ ਜਿਹਨਾਂ ਵਿਚ ਸ. ਜਸਵੰਤ ਸਿੰਘ ਮਾਨ ਸਕੱਤਰ ਜਰਨਲ, ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ: ਮਹਿੰਦਰਪਾਲ ਸਿੰਘ (ਦੋਵੇਂ ਜਰਨਲ ਸਕੱਤਰ) ਅਤੇ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਅਤੇ ਮੀਡੀਆ ਸਲਾਹਕਾਰ ਦੀ ਹਾਜਰੀ ਵਿਚ ਪ੍ਰੈਸ ਕਲੱਬ ਵਿਖੇ ਚੰਡੀਗੜ੍ਹ ਦੇ ਸਤਿਕਾਰਯੋਗ ਪ੍ਰੈਸ ਨਾਲ ਸੰਬੰਧਤ ਪ੍ਰਤੀਨਿਧਾਂ ਦੀ ਪ੍ਰੈਸ ਕਾਨ੍ਹਫ਼ਰੰਸ ਨੁੰ ਸੰਬੋਧਿਤ ਹੁੰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹ ਕਿ ਪੰਜਾਬ ਦਾ ਜਿੰਮੀਦਾਰ ਅਤੇ ਅਸੀਂ ਪਾਵਰ ਗਰਿੱਡ ਕਾਰਪੋਰੇਸ਼ਨ ਦੇ ਕੰਮ ਵਿਚ ਬਿਲਕੁਲ ਵਿਘਨ ਨਹੀਂ ਪਾਉਣਾ ਚਾਹੁੰਦੇ ਪਰ ਜੋ ਜਿੰਮੀਦਾਰ ਦਾ ਮਾਲੀ ਨੁਕਸਾਨ ਕੀਤਾ ਜਾ ਰਿਹਾ ਹੈ , ਉਸ ਦਾ ਭੁਗਤਾਨ ਤੁਰੰਤ ਜਿੰਮੀਦਾਰ ਨੂੰ ਪ੍ਰਾਪਤ ਹੋਣਾ ਚਾਹੀਦਾ ਹੈ। ਉਹਨਾਂ ਵੇਰਵਾ ਦਿੰਦੇ ਹੋਏ ਕਿਹਾ ਕਿ ਜੋ ਸਾਡੀ ਜੱਦੀ ਜ਼ਮੀਨ ਤਲਾਣੀਆਂ (ਫਤਿਹਗੜ੍ਹ ਸਾਹਿਬ) ਵਿਖੇ ਹੈ, ਉਥੇ ਬੀਤੇ ਚਾਰ ਦਿਨਾਂ ਤੋਂ ਭਾਰੀ ਪੁਲਿਸ ਫੋਰਸ ਅਤੇ ਪ੍ਰਸ਼ਾਸਨ ਦੀ ਮਦਦ ਨਾਲ ਸਾਡੇ ਖੇਤਾਂ ਵਿਚ ਜਬਰੀ ਖੰਭੇ ਲਗਵਾਏ ਜਾ ਰਹੇ ਹਨ, ਇਸ ਵਿਚ ਮੌਜੂਦਾ ਬਾਦਲ-ਬੀਜੇਪੀ ਹਕੂਮਤ ਦੀ ਵੀ ਸੋਚੀ ਸਮਝੀ ਸਾਜਿਸ਼ ਹੈ, ਤਾਂ ਕਿ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜੋ ਕੌਮੀ ਸੋਚ ਖਾਲਿਸਤਾਨ ਕਾਇਮ ਕਰਨ ਉਤੇ ਡਟੇ ਹੋਏ ਹਨ ਅਤੇ ਜੋ ਇਸ ਸਮੇਂ ਪੀਜੀਆਈ ਵਿਖੇ ਜੇਰੇ ਇਲਾਜ ਅਧੀਨ ਹਨ, ਉਹਨਾਂ ਨੂੰ ਡਰਾਇਆ ਧਮਕਾਇਆ ਜਾ ਸਕੇ। ਜਿਸ ਵਿਚ ਹੁਕਮਰਾਨ ਕਤਈ ਕਾਮਯਾਬ ਨਹੀਂ ਹੋ ਸਕਣਗੇ। ਕਿਊਂਕਿ ਸਿੱਖ ਕੌਮ ਆਪਣਾ ਘਰ ਬਣਾਉਣ ਅਤੇ ਆਜਾਦ ਹੋਣ ਦਾ ਤਹੱਈਆ ਕਰ ਚੁੱਕੀ ਹੈ। ਇਸ ਮਿਸ਼ਨ ਦੀ ਅਗਵਾਈ ਸ. ਮਾਨ ਅਡੋਲ ਕਰਦੇ ਰਹਿਣਗੇ ਅਤੇ ਸਰਕਾਰੀ ਸਾਜਿਸ਼ਾਂ ਅੱਗੇ ਬਿਲਕੁਲ ਨਹੀਂ ਝੁਕਣਗੇ।
ਸ. ਇਮਾਨ ਸਿੰਘ ਮਾਨ ਅੱਗੇ ਚਲ ਕੇ ਕਿਹਾ ਕਿ ਜਦੋਂ ਇਸ ਤਾਰਾਂ ਅਤੇ ਟਾਵਰ ਜੰਮੂ ਕਸ਼ਮੀਰ ਸੂਬੇ ਵਿਚ ਲਗਾਏ ਜਾਂਦੇ ਹਨ ਤਾਂ ਪਾਵਰ ਗਰਿੱਡ ਕਾਰਪੋਰੇਸ਼ਨ ਉਥੋਂ ਦੇ ਜਿੰਮੀਦਾਰ ਦੀ ਪ੍ਰਭਾਵਿਤ ਹੋਣ ਵਾਲੀ ਜਮੀਨ ਦੀ ਪੂਰੀ ਕੀਮਤ ਅਦਾ ਕਰਦੀ ਹੈ। ਫਿਰ ਪੰਜਾਬ ਦੇ ਜਿੰਮੀਦਾਰ ਜੋ ਪਹਿਲੋਂ ਹੀ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦਾ ਸਾਹਮਣਾ ਕਰ ਰਹੇ ਹਨ ਅਤੇ ਜਿਸ ਨਾਲ ਹਰ ਪੱਖੋਂ ਬੇਇਨਸਾਫੀ ਹੋ ਰਹੀ ਹੈ, ਉਸ ਨੂੰ ਪਾਵਰ ਗਰਿੱਡ ਕਾਰਪੋਰੇਸ਼ਨ ਹੋਣ ਵਾਲੇ ਨੁਕਸਾਨ ਦਾ ਮੁਆਵਜ਼ਾ ਦੇਣ ਤੋਂ ਕਿਸ ਸਾਜਿਸ਼ ਅਧੀਨ ਮੁਨਕਰ ਹੋ ਰਹੀ ਹੈ? ਸ. ਮਾਨ ਨੇ ਕਿਹਾ ਕਿ ਮੇਰੀ ਜਿਸ ਜਮੀਨ ਵਿਚ ਇਹ ਟਾਵਰ ਲਗਾਏ ਜਾ ਰਹੇ ਹਨ , ਉਸ ਦੀ ਮਾਰਕਿਟ ਕੀਮਤ ਇਸ ਸਮੇਂ ਕੋਈ 60 ਲੱਖ ਪ੍ਰਤੀ ਏਕੜ ਦੀ ਕੀਮਤ ਹੈ। ਜਦੋਂ ਇਹ ਟਾਵਰ ਅਤੇ ਤਾਰਾਂ ਪੈ ਜਾਣਗੀਆਂ ਤਾਂ ਇਸ ਦੀ ਕੀਮਤ ਘੱਟ ਕੇ ਨੁਕਸਾਨ ਹੋਣ ਦੀ ਬਦੌਲਤ 20 ਲੱਖ ਪ੍ਰਤੀ ਏਕੜ ਰਹਿ ਜਾਵੇਗੀ। ਜਦੋਂ ਕਿ ਇਹਨਾਂ ਤਾਰਾਂ ਅਤੇ ਟਾਵਰਾ ਨਾਲ ਮੇਰੀ ਰਹਾਇਸ਼ੀ, ਕਲੋਨੀ ਬਣਨ ਵਾਲੀ ਜਮੀਨ ਦੇ ਅੱਠ ਏਕੜ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ। ਇਸ ਦਲੀਲ ਦੇਣ ਦੇ ਬਾਵਜੂਦ ਵੀ ਪਾਵਰ ਗਰਿੱਡ ਕਾਰਪੋਰੇਸ਼ਨ ਸਾਨੂੰ ਕੋਈ ਵੀ ਇਬਜਾਨਾ ਦੇਣ ਲਈ ਤਿਆਰ ਨਹੀਂ ਹਨ। ਸਾਡੀ ਜ਼ਮੀਨ ਉਤੇ ਜਬਰੀ ਕਬਜ਼ਾ ਕਰਕੇ ਖੁਦਾਈ ਕਰਦੇ ਹੋਏ ਖੰਭੇ ਲਗਵਾ ਰਹੇ ਹਨ। ਇਸੇ ਤਰ੍ਹਾਂ ਪੰਜਾਬ ਦੇ ਸੈਂਕੜਿਆਂ ਦੀ ਗਿਣਤੀ ਵਿਚ ਜਿੰਮੀਦਾਰਾਂ ਨਾਲ ਧੱਕਾ ਹੋ ਰਿਹਾ ਹੈ। ਇਸ ਲਈ ਜਿੰਮੀਦਾਰਾਂ ਨਾਲ ਹੋ ਰਹੀ ਬੇਇਨਸਾਫੀ ਵਿਰੁੱਧ ਪੰਜਾਬ ਪੱਧਰ ਦਾ ਰੋਸ ਪ੍ਰਗਟ ਕਰਨ ਲਈ 21 ਮਈ ਨੂੰ ਤਲਾਣੀਆਂ ਸਾਡੇ ਫਾਰਮ ਵਿਖੇ ਸਮੁੱਚੇ ਪੰਜਾਬ ਦੇ ਜਿੰਮੀਦਾਰਾਂ , ਕਿਸਾਨ ਯੂਨੀਅਨਾਂ, ਸਮਾਜਿਕ , ਰਾਜਨੀਤਿਕ ਅਤੇ ਹੋਰ ਜਥੇਬੰਦੀਆਂ ਵੱਲੋਂ ਸਾਂਝੇ ਤੋਰ ‘ਤੇ ਪਾਵਰ ਗਰਿੱਡ ਕਾਰਪੋਰੇਸ਼ਨ ਅਤੇ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਦੀਆਂ ਜਿੰਮੀਦਾਰਾਂ ਵਿਰੋਧੀ ਸਾਜਿਸ਼ਾਂ ਵਿਰੁੱਧ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਵੱਲੋਂ ਅਤੇ ਉਪਰੋਕਤ ਮੌਜੂਦ ਪਾਰਟੀ ਸੀਨੀਅਰ ਆਗੂਆਂ ਵੱਲੋਂ ਪੰਂਜਾਬ ਦੀਆਂ ਸਮੁੱਚੀਆਂ ਇਨਸਾਫ਼ ਪਸੰਦ ਜਥੇਬੰਦੀਆਂ ਅਤੇ ਜਿੰਮੀਦਾਰ ਭਰਾਵਾਂ ਨੂੰ ਆਉਣ ਵਾਲੇ ਕੱਲ੍ਹ ਤਲਾਣੀਆਂ (ਫਤਿਹਗੜ੍ਹ ਸਾਹਿਬ) ਵਿਖੇ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੰਦੇ ਹੋਏ ਅਪੀਲ ਕੀਤੀ ਜਾਂਦੀ ਹੈ। ਤਾਂ ਜੋ ਸਮੁੱਚੇ ਜਿੰਮੀਦਾਰ ਭਰਾਵਾਂ ਨਾਲ ਹੋ ਰਹੇ ਧੱਕੇ ਨੂੰ ਖਤਮ ਕਰਵਾਇਆ ਜਾ ਸਕੇ ਅਤੇ ਸਰਕਾਰੀ ਸਾਜਿਸ਼ਾਂ ਦਾ ਮੂੰਹ ਭੰਨਿਆ ਜਾ ਸਕੇ।