ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਦਿੱਲੀ ਵਿੱਚ ਮੁੱਖਮੰਤਰੀ ਅਤੇ ਲੈਫਟੀਨੈਂਟ ਗਵਰਨਰ ਦਰਮਿਆਨ ਅਫਸਰਾਂ ਦੇ ਤਬਾਦਲਿਆਂ ਨੂੰ ਲੈ ਕੇ ਚੱਲ ਰਹੀ ਜੰਗ ਵਿੱਚ ਕੇਜਰੀਵਾਲ ਨੂੰ ਕਰਾਰਾ ਝਟਕਾ ਦਿੱਤਾ ਹੈ। ਬੀਜੇਪੀ ਸਰਕਾਰ ਨੇ ਐਲਜੀ ਦੇ ਫੈਂਸਲਿਆਂ ਤੇ ਮੋਹਰ ਲਗਾਉਂਦੇ ਹੋਏ ਦਿੱਲੀ ਸਰਕਾਰ ਨੂੰ ਇੱਕ ਨੋਟੀਫਿਕੇਸ਼ਨ ਭੇਜਿਆ ਹੈ।
ਗ੍ਰਹਿ ਵਿਭਾਗ ਨੇ ਨੋਟੀਫਿਕੇਸ਼ਨ ਵਿੱਚ ਦਿੱਲੀ ਦੇ ਮੁੱਖਮੰਤਰੀ ਅਤੇ ਐਲਜੀ ਦੇ ਅਧਿਕਾਰਾਂ ਸਬੰਧੀ ਸਪੱਸ਼ਟ ਤੌਰ ਤੇ ਦੱਸਿਆ ਗਿਆ ਹੈ। ਇਸ ਨੋਟੀਫਿਕੇਸ਼ਨ ਅਨੁਸਾਰ, ‘ ਕੇਂਦਰ ਸਰਕਾਰ ਨਾਲ ਜੁੜੇ ਅਫ਼ਸਰਾਂ ਦੀ ਪੋਸਟਿੰਗ ਅਤੇ ਟਰਾਂਸਫਰ ਦੇ ਮਾਮਲੇ ਵਿੱਚ ਪਹਿਲਾ ਅਧਿਕਾਰ ਐਲਜੀ ਦੇ ਕੋਲ ਹੈ।’ ਇਹ ਨੋਟੀਫਿਕੇਸ਼ਨ ਪ੍ਰਧਾਨਮੰਤਰੀ ਦੇ ਨਿਰਦੇਸ਼ ਤੋਂ ਬਾਅਦ ਹੀ ਭੇਜਿਆ ਗਿਆ ਹੈ। ਦਿੱਲੀ ਦੇ ਉਪ ਮੁੱਖਮੰਤਰੀ ਸਿਸੌਦੀਆ ਨੇ ਪਹਿਲਾਂ ਹੀ ਟਵੀਟ ਤੇ ਕੇਂਦਰ ਸਰਕਾਰ ਤੇ ਆਰੋਪ ਲਗਾਉਂਦੇ ਹੋਏ ਲਿਖਿਆ ਹੈ, ‘ਖ਼ਬਰ ਹੈ ਕਿ ਗ੍ਰਹਿਮੰਤਰੀ ਦੇ ਨਾਲ ਬੈਠ ਕੇ ਕੁਝ ਭ੍ਰਿੱਸ਼ਟ ਬਾਬੂ ਫਤਵਾ ਤਿਆਰ ਕਰਵਾ ਰਹੇ ਹਨ ਕਿ ਦਿੱਲੀ ਵਿੱਚ ਟਰਾਂਸਫਰ-ਪੋਸਟਿੰਗ ਐਲਜੀ ਦੇ ਹੱਥ ਵਿੱਚ ਹੀ ਰਹੇ।’ ਸਿਸੌਦੀਆ ਨੇ ਇਹ ਵੀ ਲਿਖਿਆ ਹੈ ਕਿ ਲੈਂਡ, ਲਾ ਐਂਡ ਆਰਡਰ ਅਤੇ ਪੁਲਿਸ ਨੂੰ ਛੱਡ ਕੇ ਸਾਰੇ ਅਧਿਕਾਰ ਸੰਵਿਧਾਨ ਨੇ ਦਿੱਲੀ ਸਰਕਾਰ ਨੂੰ ਹੀ ਦੇ ਰੱਖੇ ਹਨ।