ਅੰਮ੍ਰਿਤਸਰ – ਗੁਰੂ ਸਾਹਿਬਾਨ ਦੇ ਸ਼ਸਤਰ ਬਸਤਰ ਤੇ ਨਿਸ਼ਾਨੀਆਂ ਵਾਲੀ ਦਰਸ਼ਨ ਦੀਦਾਰ ਯਾਤਰਾ ਦੇ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਪੁਰ ਸੰਗਤਾਂ ਨੂੰ ਦਰਸ਼ਨ ਕਰਾਉਣ ਲਈ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਜੈਕਾਰਿਆਂ ਦੀ ਗੂੰਜ ‘ਚ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਮੁੱਖ ਗਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਲੋਂ ਅਰਦਾਸ ਕਰਨ ਉਪਰੰਤ ਰਵਾਨਾ ਹੋਈ। ਦਰਸ਼ਨ ਦੀਦਾਰ ਯਾਤਰਾ ਦੇ ਨਾਲ ਚਲ ਰਹੇ ਨਿਸ਼ਾਨਚੀ ਸਾਹਿਬਾਨ, ਪੰਜ ਪਿਆਰੇ ਸਾਹਿਬਾਨ, ਗਰੰਥੀ ਸਿੰਘ ਅਤੇ ਪ੍ਰਬੰਧਕਾਂ ਨੂੰ ਸ. ਰਜਿੰਦਰ ਸਿੰਘ ਮਹਿਤਾ ਅੰਤਿ੍ੰਗ ਮੈਂਬਰ ਸ਼੍ਰੋਮਣੀ ਕਮੇਟੀ, ਸ. ਵੀਰ ਸਿੰਘ ਲੋਪੋਕੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਮੈਂਬਰ ਸ਼੍ਰੋਮਣੀ ਕਮੇਟੀ ਭਾਈ ਰਾਮ ਸਿੰਘ, ਭਾਈ ਮਨਜੀਤ ਸਿੰਘ, ਸ. ਬਾਵਾ ਸਿੰਘ ਗੁਮਾਨਪੁਰਾ, ਸ. ਸੁਰਜੀਤ ਸਿੰਘ ਭਿੱਟੇਵੱਢ, ਸ. ਮਗਵਿੰਦਰ ਸਿੰਘ ਖਾਪੜਖੇੜੀ ਨੇ ਸਿਰੋਪਾਓ ਨਾਲ ਸਨਮਾਨਤ ਕਰ ਕੇ ਰਵਾਨਾ ਕੀਤਾ।
ਇਹ ਦਰਸ਼ਨ ਦੀਦਾਰ ਯਾਤਰਾ ਕਚਹਿਰੀ ਚੌਂਕ, ਗੁੰਮਟਾਲਾ, ਰਾਜਾਸਾਂਸੀ, ਅਜਨਾਲਾ, ਚੋਗਾਵਾਂ, ਰਾਮਤੀਰਥ ਅਤੇ ਕਸਬਾ ਖਾਸਾ ਤੋਂ ਹੁੰਦੀ ਹੋਈ ਦੇਰ ਸ਼ਾਮ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਵਿਖੇ ਠਹਿਰਾਅ ਕਰੇਗੀ। ਇਸੇ ਤਰ੍ਹਾਂ ੨੩ ਮਈ ਨੂੰ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਤੋਂ ਚਲ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਖ਼ਾਲਸਾ ਕਾਲਜ ਦੇ ਸਾਹਮਣੇ ੨੨ ਨੰ: ਫਾਟਕ, ਇਸਲਾਮਾਬਾਦ ਵਾਲਾ ਪੁਲ, ਲਾਹੌਰੀ ਗੇਟ, ਖ਼ਜ਼ਾਨਾ ਗੇਟ, ਭਗਤਾਂ ਵਾਲਾ ਗੇਟ, ਚਾਟੀਵਿੰਡ ਗੇਟ ਤੋਂ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ, ਸੁਲਤਾਨਵਿੰਡ ਗੇਟ, ਘਿਓ ਮੰਡੀ ਚੌਂਕ, ਜਲ੍ਹਿਆਂ ਵਾਲਾ ਬਾਗ ਤੋਂ ਹੁੰਦੀ ਹੋਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਘੰਟਾ ਘਰ ਦੇ ਬਾਹਰ ਗੋਲਡਨ ਪਲਾਜਾ ਵਿਖੇ ਠਹਿਰਾਅ ਕਰੇਗੀ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਦਰਸ਼ਨ ਦੀਦਾਰ ਯਾਤਰਾ ਦੀ ਰਵਾਨਗੀ ਸਮੇਂ ਸ. ਮਹਿੰਦਰ ਸਿੰਘ ਆਹਲੀ ਅਤੇ ਸ. ਬਿਜੈ ਸਿੰਘ ਵਧੀਕ ਸਕੱਤਰ, ਸ. ਜਗਜੀਤ ਸਿੰਘ ਤੇ ਸ. ਭੁਪਿੰਦਰਪਾਲ ਸਿੰਘ ਮੀਤ ਸਕੱਤਰ, ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ. ਸੁਲੱਖਣ ਸਿੰਘ ਭੰਗਾਲੀ ਮੈਨੇਜਰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ, ਸ. ਸੁਖਰਾਜ ਸਿੰਘ ਤੇ ਲਖਬੀਰ ਸਿੰਘ ਡੋਗਰ ਵਧੀਕ ਮੈਨੇਜਰ, ਸ. ਸਤਨਾਮ ਸਿੰਘ ਸੁਪ੍ਰਿੰਟੈਂਡੈਂਟ ਸ਼੍ਰੋਮਣੀ ਕਮੇਟੀ, ਸ. ਮਲਕੀਤ ਸਿੰਘ ਸ/ਸੁਪ੍ਰਿੰਟੈਂਡੈਂਟ, ਸ. ਹਰਦਲਬੀਰ ਸਿੰਘ ਸ਼ਾਹ, ਗਿਆਨੀ ਇਕਬਾਲ ਸਿੰਘ ਮੀਰਾਂਕੋਟ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।