ਨਵੀ ਦਿੱਲੀ – ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਸ੍ਰ ਤਰਸੇਮ ਸਿੰਘ ਖਾਲਸਾ ਨੇ ਦਿੱਲੀ ਕਮੇਟੀ ਦੇ ਮੈਂਬਰ ਤੇ ਬਾਦਲ ਦਲ ਨਾਲ ਸਬੰਧਿਤ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਸ੍ਰ ਪਰਮਜੀਤ ਸਿੰਘ ਰਾਣਾ ਵੱਲੋ ਦਿੱਲੀ ਦੀ ਇੱਕ ਧਾਰਮਿਕ ਸਟੇਜ ਤੋ ਆਪਣੇ ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਸਫਾਈ ਦੇਣ ਦਾ ਨੋਟਿਸ ਲੈਦਿਆ ਕਿਹਾ ਕਿ ਇੱਕ ਪਾਸੇ ਤਾਂ ਦਿੱਲੀ ਕਮੇਟੀ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸ਼ਹੀਦੀ ਦਿਹਾੜਾ ਮਨਾ ਕੇ ਸੰਗਤਾਂ ਨੂੰ ਗੁਰ ਇਤਿਹਾਸ ਤੋ ਜਾਣੂ ਕਰਵਾਉਣਾ ਦਾ ਭਰਮ ਪਾਲ ਰਹੀ ਹੈ ਤੇ ਦੂਜੇ ਪਾਸੇ ਉਸੇ ਸਟੇਜ ਤੋ ਸ੍ਰ ਪਰਮਜੀਤ ਸਿੰਘ ਰਾਣਾ ਗੁਰੂ ਸਾਹਿਬ ਦੀ ਗੱਲ ਕਰਨ ਦੀ ਬਜਾਏ ਆਪਣੇ ਲੱਗੇ ਦੋਸ਼ਾਂ ਦੀ ਸਫਾਈ ਦੇ ਕੇ ਧਾਰਮਿਕ ਸਟੇਜ ਦੀ ਦੁਰਵਰਤੋ ਕਰ ਰਿਹਾ ਹੈ।
ਜਾਰੀ ਇੱਕ ਬਿਆਨ ਰਾਹੀ ਭਾਈ ਤਰਸੇਮ ਸਿੰਘ ਖਾਲਸਾ ਨੇ ਕਿਹਾ ਕਿ ਜਿਹੜੇ ਰਾਣੇ ਤੇ ਦੋਸ਼ ਲਗਾਏ ਹਨ ਉਹ ਕਿਸੇ ਹੋਰ ਨੇ ਨਹੀ ਸਗੋ ਉਸ ਦੇ ਇੱਕੋ ਆਕਾ(ਬਾਦਲ) ਦਿੱਲੀ ਕਮੇਟੀ ‘ਤੇ ਕਾਬਜ਼ ਧਿਰ ਬਾਦਲ ਦਲ ਨਾਲ ਸਬੰਧਿਤ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਲਗਾਏ ਹਨ ਇਸ ਲਈ ਰਾਣਾ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਧਾਰਮਿਕ ਸਟੇਜ ਤੋ ਲੱਗੇ ਦੋਸ਼ਾਂ ਦੀ ਸਫਾਈ ਦੇਣ ਦੀ ਬਜਾਏ ਪਹਿਲਾਂ ਆਪਣੇ ਜਨਰਲ ਸਕੱਤਰ ਨੂੰ ਸੰਤੁਸ਼ਟ ਕਰੇ ਤੇ ਫਿਰ ਖਰਚੇ ਦਾ ਵੇਰਵਾ ਸੰਗਤਾਂ ਦੀ ਕਚਿਹਰੀ ਵਿੱਚ ਰੱਖੇ। ਉਹਨਾਂ ਕਿਹਾ ਕਿ ਇਸ ਧਾਰਮਿਕ ਸਟੇਜ ਦੀ ਦੁਰਵਰਤੋ ਕਰਦਿਆ ਰਾਣਾ ਨੇ ਗੁਰੂ ਦੀ ਗੱਲ ਘੱਟ ਤੇ ਆਪਣੀ ਸਫਾਈ ਦੇਣ ਤੇ ਵੱਧ ਸਮਾਂ ਬਰਬਾਦ ਕਰਕੇ ਇੱਕ ਹੋਰ ਬੱਜਰ ਗਲਤੀ ਕੀਤੀ ਹੈ ਜਿਹੜੀ ਬਰਦਾਸ਼ਤ ਨਹੀ ਕੀਤੀ ਜਾ ਸਕਦੀ ਇਸ ਲਈ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੂੰ ਚਾਹੀਦਾ ਹੈ ਕਿ ਉਹ ਇਸ ਘਟਨਾ ਦਾ ਖੁਦ ਨੋਟਿਸ ਲੈ ਕੇ ਰਾਣਾ ਦੇ ਖਿਲਾਫ ਕਾਰਵਾਈ ਨੂੰ ਯਕੀਨੀ ਬਣਾਉਣ। ਉਹਨਾਂ ਕਿਹਾ ਕਿ ਉਹਨਾਂ ਨੇ ਕਰੀਬ 13 ਸਾਲਾ ਦਿੱਲੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੀ ਸੇਵਾ ਨਿਭਾਈ ਹੈ ਤੇ ਉਹਨਾਂ ਨੂੰ ਸੇਵਾ ਨਿਭਾਉਣ ਦੇ ਕਾਇਦੇ, ਮਰਿਆਦਾ ਤੋ ਪਰੰਪਰਾਵਾਂ ਦੀ ਭਲੀਭਾਂਤ ਜਾਣਕਾਰੀ ਹੈ । ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋ ਸ੍ਰ ਰਾਣਾ ‘ਤੇ ਚਾਰ ਕਰੋੜ ਦੇ ਲਗਾਏ ਗਏ ਦੋਸ਼ ਕੋਈ ਸਧਾਰਨ ਦੋਸ਼ ਨਹੀ ਹਨ ਇਸ ਲਈ ਇਹਨਾਂ ਦੋਸ਼ਾਂ ਦਾ ਰਾਣਾ ਵੱਲੋ ਲਿਖਤੀ ਤੌਰ ‘ਤੇ ਸੰਗਤਾਂ ਨੂੰ ਵੇਰਵਾ ਦੇਣਾ ਬਹੁਤ ਜਰੂਰੀ ਹੈ।