ਲਾਹੌਰ – ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਗਿਲਾਨੀ ਦੇ ਅਗਵਾ ਹੋਏ ਪੁੱਤਰ ਹੈਦਰ ਨੇ ਦੋ ਸਾਲ ਬਾਅਦ ਆਪਣੇ ਪਿਤਾ ਨਾਲ ਗੱਲ ਕੀਤੀ। ਤਾਲਿਬਾਨ ਨੇ 11 ਮਈ 2013 ਦੀਆਂ ਆਮ ਚੋਣਾਂ ਤੋਂ ਦੋ ਦਿਨ ਪਹਿਲਾਂ ਮੁਲਤਾਨ ਵਿੱਚ ਯੂਸਫ਼ ਰਜ਼ਾ ਗਿਲਾਨੀ ਦੇ ਬੇਟੇ ਨੂੰ ਅਗਵਾ ਕਰ ਲਿਆ ਸੀ। ਹੈਦਰ ਨੂੰ ਅੱਤਵਾਦੀਆਂ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਅਫ਼ਗਾਨਿਸਤਾਨ ਵਿੱਚ ਬੰਦੀ ਬਣਾ ਕੇ ਰੱਖਿਆ ਹੋਇਆ ਹੈ।
ਯੂਸਫ਼ ਰਜ਼ਾ ਗਿਲਾਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ, ‘ਅੱਜ ਮੈਨੂੰ ਇੱਕ ਅਣਪਛਾਤੇ ਨੰਬਰ ਤੋਂ ਫੋਨ ਆਇਆ। ਇਸ ਫੋਨ ਤੇ ਮੇਰੇ ਦੋ ਸਾਲ ਪਹਿਲਾਂ ਅਗਵਾ ਹੋਏ ਪੁੱਤਰ ਹੈਦਰ ਦੀ ਆਵਾਜ਼ ਸੀ। ਉਸ ਨੇ ਮੈਨੂੰ ਦੱਸਿਆ ਕਿ ਮੈਂ ਠੀਕ ਹਾਂ। ਉਸ ਨੇ ਪਰੀਵਾਰ ਦੇ ਹੋਰ ਮੈਂਬਰਾਂ ਦਾ ਹਾਲ ਪੁੱਛਿਆ।’ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ 8 ਮਿੰਟ ਤੱਕ ਆਪਣੇ ਬੇਟੇ ਨਾਲ ਗੱਲ ਕੀਤੀ ਅਤੇ ਆਪਣੇ ਬੇਟੇ ਦੇ ਸੁਰੱਖਿਅਤ ਘਰ ਵਾਪਿਸ ਪਰਤਣ ਦੀ ਉਮੀਦ ਜਤਾਈ।