ਨਵੀਂ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਵੱਲੋ ਪਾਕਿਸਤਾਨ ਸਿੱਖ ਗੁਰੂਦਆਰਾ ਪ੍ਰਬੰਧਕ ਕਮੇਟੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮੱਰਪਿੱਤ ਹੋਣ ਦੀ ਦਿੱਤੀ ਸਲਾਹ ਤੇ ਕਟਾਸ਼ ਭਰੀ ਟਿੱਪਣੀ ਕਰਦਿਆ ਕਿਹਾ ਕਿ ਦੂਜੇ ਨੂੰ ਕੋਈ ਸਲਾਹ ਦੇਣ ਤੋ ਪਹਿਲਾਂ ਮੱਕੜ ਸਾਹਿਬ ਨੂੰ ਆਪਣੀ ਗਿਰੇਬਾਨ ‘ਚ ਝਾਤੀ ਮਾਰ ਕੇ ਵੇਖਣਾ ਚਾਹੀਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਨੂੰ ਪ੍ਰਵਾਨ ਕਰਨ ਤੋ ਆਕੀ ਕੌਣ ਹੈ?
ਜਾਰੀ ਇੱਕ ਬਿਆਨ ਰਾਹੀ ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਯਤਨਾਂ ਸਦਕਾ ਸਿੱਖ ਪੰਥ ਦੀ ਵਿਲੱਖਣ ਆਨ ਤੇ ਸ਼ਾਨ ਦਾ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਕਈ ਸਾਲਾ ਦੀ ਮਿਹਨਤ ਤੋਂ ਬਾਅਦ ਸੰਨ 2003 ਵਿੱਚ ਕੌਮ ਨੂੰ ਪਹਿਲਾਂ ਹੋਲੇ ਮਹੱਲੇ ਦੇ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੇ ਫਿਰ ਤੱਤਕਾਲੀ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਮੌਜੂਦਾ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਅਤੇ ਪੰਜ ਤਖਤਾਂ ਦੇ ਜਥੇਦਾਰਾਂ ਨੇ ਆਪਣੇ ਕਰ ਕਮਲਾਂ ਨਾਲ 14 ਅਪ੍ਰੈਲ 2003 ਨੂੰ ਤਲਵੰਡੀ ਸਾਬੋ ਤੋਂ ਵਿਸਾਖੀ ਵਾਲੇ ਦਿਨ ਸ਼੍ਰੋਮਣੀ ਕਮੇਟੀ , ਦਿੱਲੀ ਕਮੇਟੀ ਤੇ ਹੋਰ ਪੰਥਕ ਜਥੇਬੰਦੀਆ ਦੀ ਹਾਜ਼ਰੀ ਪੰਥਕ ਜੈਕਾਰਿਆ ਦੀ ਗੂੰਜ ਵਿੱਚ ਕੌਮ ਨੂੰ ਸਮੱਰਪਿੱਤ ਕੀਤਾ।2010 ਤੱਕ ਇਹ ਕੈਲੰਡਰ ਜਾਰੀ ਰਿਹਾ ਅਤੇ ਫਿਰ ਆਰ.ਐਸ.ਐਸ. ਦੇ ਦਬਾਅ ਥੱਲੇ ਬਾਦਲ ਦਲ ਲਈ ਸਾਧਾ ਲਾਣੇ ਦੀਆ ਵੋਟਾਂ ਹਾਸਲ ਕਰਨ ਲਈ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾ ਕੇ ਇਸ ਨੂੰ ਮੁੜ ਬਿਕਰਮੀ ਕੈਲੰਡਰ ਬਣਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਪਰ ਸੰਗਤਾਂ ਨੇ ਆਰ.ਐਸ.ਐਸ ਮਾਰਕਾ ਕੈਲੰਡਰ ਨੂੰ ਪ੍ਰ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ 22 ਮਈ ਨੂੰ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਨੇ ਗੁਰਪੁਰਬ ਮਨਾਉਣ ਦਾ ਦਾਅਵਾ ਕੀਤਾ ਤਾਂ ਸੰਗਤਾਂ ਨੇ ਇਸ ਨੂੰ ਪ੍ਰਵਾਨ ਨਹੀ ਕੀਤਾ। ਉਹਨਾਂ ਕਿਹਾ ਕਿ ਪਾਕਿਸਤਾਨ ਕਮੇਟੀ ਨੇ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਖਲੋ ਕੇ ਦੁਨੀਆਂ ਭਰ ਦੇ ਸਿੱਖਾਂ ਦੀ ਨੁਮਾਇੰਦਗੀ ਕੀਤੀ ਹੈ ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਕਮੇਟੀ ਨੂੰ ਅਕਾਲ ਤਖਤ ਸਾਹਿਬ ਦੇ ਆਦੇਸ਼ ਮੰਨਣ ਦੀ ਸਲਾਹ ਦੇਣ ਵਾਲੇ ਮੱਕੜ ਨੂੰ ਆਪਣੀ ਗਿਰੇਬਾਨ ਵਿੱਚ ਝਾਤੀ ਮਾਰਨੀ ਚਾਹੀਦੀ ਹੈ ਕਿਉਂਕਿ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੋ ਭਗੌੜੇ ਮੱਕੜ ਤੇ ਬਾਦਲ ਮਾਰਕਾ ਲੋਕ ਹਨ ਜਿਹੜੇ ਸਰਬ ਪ੍ਰਵਾਨਿਤ ਨਾਨਕਸ਼ਾਹੀ ਕੈਲੰਡਰ ਨੂੰ ਪ੍ਰਵਾਨ ਕਰਨ ਤੋਂ ਆਕੀ ਹਨ ਜਦ ਕਿ ਪਾਕਿਸਤਾਨ ਕਮੇਟੀ ਨੇ ਤਾਂ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੇ ਪਹਿਰਾ ਦੇ ਕੇ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਈ ਹੈ।ਉਹਨਾਂ ਕਿਹਾ ਕਿ ਜੇਕਰ ਮੱਕੜ ਨੂੰ ਹਾਲੇ ਵੀ ਨਾਨਕਸ਼ਾਹੀ ਕੈਲੰਡਰ ਬਾਰੇ ਕੋਈ ਸ਼ੰਕਾ ਹੈ ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਇੱਕ ਸਰਬੱਤ ਖਾਲਸਾ ਨਨਕਾਣਾ ਸਾਹਿਬ ਵਿਖੇ ਬੁਲਾ ਲੈਣ ਜਿਥੇ ਦੁਨੀਆਂ ਭਰ ਦੇ ਸਿੱਖਾਂ ਦੀਆ ਸਿੱਖ ਸੰਸਥਾਵਾਂ ਦੇ ਨੁੰਮਾਇਦੇ ਸ਼ਾਮਲ ਹੋਣਗੇ ਤੇ ਜੋ ਵੀ ਫੈਸਲਾ ਹੋਵੇਗਾ ਉਹ ਸਭ ਨੂੰ ਮਨਜੂਰ ਕਰਨਾ ਪਵੇਗਾ। ਉਹਨਾਂ ਕਿਹਾ ਕਿ ਪਾਕਿਸਤਾਨ ਵਿੱਚ ਗੁਰੂ ਸਾਹਿਬ ਦਾ ਸ਼ਹੀਦੀ ਦਿਹਾੜਾ 16 ਜੂਨ ਨੂੰ ਮਨਾਇਆ ਜਾ ਰਿਹਾ ਹੈ ਜਿਸ ਦਿਨ ਡੇਹਰਾ ਸਾਹਿਬ ਗੁਰੂਦੁਆਰੇ ਦੀ ਕਾਰ ਸੇਵਾ ਵੀ ਆਰੰਭ ਹੋਵੇਗੀ।
ਨਾਨਕਸ਼ਾਹੀ ਕੈਲੰਡਰ ਦੀ ਪ੍ਰਣਾਮਿਕਤਾ ਬਾਰੇ ਸਰਬੱਤ ਖਾਲਸਾ ਨਨਕਾਣਾ ਸਾਹਿਬ ਵਿਖੇ ਬੁਲਾਇਆ ਜਾਵੇ- ਸਰਨਾ
This entry was posted in ਭਾਰਤ.