ਸਰੀ – ਇੰਡੋ-ਕੈਨੇਡੀਅਨ ਸੀਨੀਅਰਜ਼ ਸੁਸਾਇਟੀ ਸਰੀ-ਡੈਲਟਾ (ਬ੍ਰਿਟਿਸ਼ ਕੁਲੰਬੀਆ) ਵਲੋਂ ਦੱਖਣੀ ਏਸ਼ੀਆਈ ਭਾਈਚਾਰੇ ਦੀਆਂ ਉਘੀਆਂ ਤੇ ਮਾਣਯੋਗ ਸ਼ਖਸੀਅਤਾਂ ਦੀ ਭਰਵੀਂ ਹਾਜ਼ਰੀ ਵਿਚ ਵਿਸ਼ਵ ਪ੍ਰਸਿੱਧੀ ਖੱਟਣ ਵਾਲੇ ਵਿਦਵਾਨ ਤੇ ਸਮਾਜਿਕ ਕਾਰਕੁੰਨ ਡਾ ਰਘਬੀਰ ਸਿੰਘ ਬੈਂਸ ਨੂੰ ਉਨ੍ਹਾਂ ਦੀਆਂ ਉਮਰ ਭਰ ਦੀਆਂ ਪ੍ਰਾਪਤੀਆਂ ਤੇ ਲੁਕਾਈ ਦੀ ਸੇਵਾ ਵਿਚ ਪਾਏ ਜ਼ਿਕਰਯੋਗ ਯੋਗਦਾਨ ਲਈ ਵੱਕਾਰੀ ‘ਸਿਲਵਰ ਜੁਬਲੀ ਸੀਨੀਅਰਜ਼ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸੇ ਸਾਲ ਮਾਰਚ ਦੇ ਮਹੀਨੇ ਡਾ ਬੈਂਸ ਨੂੰ ਕਨੇਡਾ ਦੇ ‘ਪ੍ਰਾਈਮ ਮਨਿਸਟਰ ਵਲੰਟੀਅਰ ਐਵਾਰਡ-2015’ ਨਾਲ ਮਾਣਯੋਗ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਵਲੋਂ ਸਨਮਾਨਿਤ ਕਰਦਿਆਂ ਜਿਹੜੀ ਪੰਜ ਹਜ਼ਾਰ ਡਾਲਰਾਂ ਦੀ ਰਾਸ਼ੀ ਰਾਖਵੀਂ ਰੱਖੀ ਗਈ ਸੀ, ਉਹ ਰਾਸ਼ੀ ਡਾ ਬੈਂਸ ਵਲੋਂ ਸੀਨੀਅਰ ਸੈਂਟਰ ਦੇ ਮੈਂਬਰਾਂ ਦੀ ਭਲਾਈ ਵਾਸਤੇ ਭੇਂਟ ਕਰ ਦਿੱਤੀ ਗਈ ਸੀ। ਇਸ ਮੌਕੇ ਪ੍ਰਧਾਨ ਹਰਪਾਲ ਸਿੰਘ ਬਰਾੜ ਅਤੇ ਮੱਘਰ ਸਿੰਘ ਸਾਂਘੇ ਹੁਰਾਂ ਨੇ ਰਘਬੀਰ ਸਿੰਘ ਬੈਂਸ ਦੀਆਂ ਪ੍ਰਾਪਤੀਆਂ ਦੀ ਜਾਣਕਾਰੀ ਹਾਜ਼ਰੀਨ ਨਾਲ ਸਾਂਝੀ ਕੀਤੀ।
ਇਸ ਮਹੱਤਵਪੂਰਨ ਮੌਕੇ ਡਾ. ਬੈਂਸ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਨੌਜਵਾਨ ਪੀੜ੍ਹੀ, ਮਾਪਿਆਂ, ਸਮਾਜਿਕ ਆਗੂਆਂ, ਧਾਰਮਿਕ ਪਤਵੰਤਿਆਂ, ਅਧਿਆਪਕਾਂ, ਪ੍ਰਚਾਰਕਾਂ ਤੇ ਖਾਸ ਤੌਰ ’ਤੇ ਬਜ਼ੁਰਗਾਂ ਨੂੰ ਸਨਿਮਰ ਬੇਨਤੀ ਕੀਤੀ ਕਿ ਸਾਡੇ ਪੁਰਖਿਆਂ ਵਲੋਂ ਮਿੱਥੀਆਂ ਗਈਆਂ ਸਭਿਆਚਾਰਕ ਕਦਰਾਂ-ਕੀਮਤਾਂ, ਨੈਤਿਕਤਾ, ਸਚਿਆਰੀ ਤਰਜ਼ੇ-ਜ਼ਿੰਦਗੀ, ਵਿਰਾਸਤੀ ਮੁੱਲਾਂ ਅਤੇ ਮਨੁੱਖਤਾ ਪੱਖੀ ਵਿਚਾਰਧਾਰਾ ਦੀ ਪ੍ਰਫੁੱਲਤਾ ਵਾਸਤੇ ਸਾਨੂੰ ਸਭ ਨੂੰ ਆਪੋ ਆਪਣਾ ਬਣਦਾ ਯੋਗਦਾਨ ਪਾਉੁਣਾ ਚਾਹੀਦਾ ਹੈ। ਉਹਨਾਂ ਨੇ ਭਵਿੱਖੀ ਪੀੜ੍ਹੀਆਂ ਲਈ ਸਮਾਜਿਕ ਆਗੂਆਂ ਨੂੰ ਚੰਗੇ ਰਾਹ ਦਸੇਰਿਆਂ ਵਜੋਂ ਭੂਮਿਕਾ ਨਿਭਾਉਣ ਦਾ ਵੀ ਸੱਦਾ ਦਿੱਤਾ। ਡਾ ਬੈਂਸ ਨੇ ਬੋਲਦਿਆਂ ਅੱਗੇ ਕਿਹਾ ਕਿ ਇਸ ਮੌਕੇ ਨਸ਼ਿਆਂ ਦੇ ਕੋਹੜ, ਪਰਿਵਾਰਕ ਰਿਸ਼ਤਿਆਂ ਵਿਚਲੀਆਂ ਤਰੇੜਾਂ, ਘਰੇਲੂ ਹਿੰਸਾ, ਧੜੇਬੰਦੀਆਂ, ਜਿਣਸੀ ਸ਼ੋਸ਼ਣ, ਵੇਸਵਾ ਗ਼ਮਨੀ, ਲੜਾਈ-ਝਗੜਿਆਂ, ਕਤਲੋ-ਗਾਰਤ, ਸਮਾਜਿਕ ਬੁਰਾਈਆਂ ਤੇ ਏਡਜ਼ ਵਰਗੀਆਂ ਕਲੰਕਤ ਬੀਮਾਰੀਆਂ ਦੇ ਰੂਪ ਵਿਚ ਸੰਸਾਰ ’ਤੇ ਗੰਭੀਰ ਸੰਕਟ ਮੰਡਲਾ ਰਿਹਾ ਹੈ, ਅਤੇ ਇਹਨਾਂ ਅਲਾਮਤਾਂ ਨੂੰ ਠੱਲ੍ਹ ਪਾਉਣ ਨਾਲ ਹੀ ਸਮਾਜ ਦੀ ਚੜ੍ਹਦੀ ਕਲਾ ਹੋ ਸਕਦੀ ਹੈ, ਜਿਸ ਲਈ ਸਾਰਿਆਂ ਨੂੰ ਯਤਨਸ਼ੀਲ ਹੋਣ ਦੀ ਲੋੜ ਹੈ।
ਇਸ ਮੌਕੇ ਤੇ ਸੀਨੀਅਰ ਸੁਸਾਇਟੀ ਦਾ ਮੇਨ ਹਾਲ ਖਚਾ ਖੱਚ ਭਰਿਆ ਪਿਆ ਸੀ ਜਿਨ੍ਹਾਂ ਵਿੱਚ ਪ੍ਰਧਾਨ ਸ. ਹਰਪਾਲ ਸਿੰਘ ਬਰਾੜ, ਸਕੱਤਰ ਹਰਚੰਦ ਸਿੰਘ ਗਿੱਲ, ਮੱਘਰ ਸਿੰਘ ਸਾਂਘੇ ਸਾਬਕਾ ਪ੍ਰਧਾਨ, ਹਰੀ ਸਿੰਘ ਛੋਕਰ ਖਜ਼ਾਨਚੀ, ਬੀਬੀ ਰਾਵਿੰਦਰ ਕੌਰ ਬੈਂਸ ਉਪ ਪ੍ਰਧਾਨ, ਬੀਬੀ ਗੁਲਸ਼ਨ ਕੌਰ, ਡਾ ਸੋਹਣ ਸਿੰਘ ਢਿੱਲੋਂ, ਕੁਲਵੰਤ ਸਿੰਘ ਕੁਲਾਰ, ਰੇਸ਼ਮ ਸਿੰਘ ਨਰਵਾਲ, ਮੋਤਾ ਸਿੰਘ ਝੀਤਾ, ਗੁਰਲਾਲ ਸਿੰਘ ਬੁੱਟਰ, ਗੁਰਦੀਪ ਸਿੰਘ ਅਟਵਾਲ, ਪਿੰ੍ਰਸੀਪਲ ਗਿਆਨ ਸਿੰਘ ਕੋਟਲੀ, ਗਿੱਲ ਮੋਰਾਂਵਾਲੀ, ਸੁਰਜੀਤ ਸਿੰਘ ਮਾਧੋਪੁਰੀ, ਸ. ਭਾਈ ਭਗਤਾ, ਬੀਬੀ ਮੀਰਾਂ ਗਿੱਲ, ਪ੍ਰਿਤਪਾਲ ਸਿੰਘ, ਮੋਹਣ ਸਿੰਘ ਗਿੱਲ, ਪ੍ਰਭਜੋਤ ਸਿੰਘ ਬੈਂਸ ਅਤੇ ਹੋਰ ਪਤਵੰਤੇ ਹਾਜ਼ਰ ਸਨ, ਜਿਨ੍ਹਾਂ ਵਲੋਂ ਡਾ ਬੈਂਸ ਦਾ ਸਮਾਜਿਕ ਸੇਵਾਵਾਂ ਵਾਸਤੇ ਧੰਨਵਾਦ ਕੀਤਾ ਗਿਆ। ਸਮਾਗਮ ਮੌਕੇ ਸਟੇਜ ਦੀ ਸੇਵਾ ਸਕੱਤਰ ਹਰਚੰਦ ਸਿੰਘ ਗਿੱਲ ਹੁਰਾਂ ਨੇ ਬਾਖੂਬੀ ਨਿਭਾਈ
ਸੀਨੀਅਰਜ਼ ਸੁਸਾਇਟੀ ਵਲੋਂ ਉੱਘੇ ਸਮਾਜ ਸੇਵੀ ਡਾ ਬੈਂਸ ‘ਸਿਲਵਰ ਜੁਬਲੀ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ
This entry was posted in ਸਰਗਰਮੀਆਂ.