ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਬੀਤੇ ਦਿਨੀਂ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਦੌਰਾਨ ਨਿਜੀ ਮੁਫਾਦਾਂ ਲਈ ਗਲਤ ਤੱਥ ਪੇਸ਼ ਕਰਦੇ ਹੋਏ ਮੁੱਖ ਮੰਤਰੀ ਨੂੰ ਗੁੰਮਰਾਹ ਕਰਨ ਦਾ ਕਮੇਟੀ ਨੇ ਸਰਨਾ ਖਿਲਾਫ ਦੋਸ਼ ਲਗਾਇਆ ਹੈ। ਗੁਰਦੁਆਰਾ ਮਾਮਲਿਆਂ ਦੇ ਚੀਫ ਕੋਰਡੀਨੇਟਰ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਇੰਦਰਮੋਹਨ ਸਿੰਘ ਨੇ ਦਿੱਲੀ ਸਰਕਾਰ ਤੋਂ ਦਿੱਲੀ ਕਮੇਟੀ ਦੇ ਖਾਤਿਆਂ ਦੀ ਜਾਂਚ ਕਰਵਾਉਣ ਦੀ ਕੀਤੀ ਗਈ ਸਰਨਾ ਭਰਾਵਾਂ ਦੀ ਮੰਗ ਨੂੰ ਹਾਸੋਹੀਣਾ ਦੱਸਦੇ ਹੋਏ ਕਿਹਾ ਕਿ ਗੁਰਦੁਆਰਾ ਐਕਟ ਅਨੁਸਾਰ ਦਿੱਲੀ ਕਮੇਟੀ ਦੇ ਖਾਤਿਆਂ ਦੀ ਜਾਂਚ ਦਿੱਲੀ ਸਰਕਾਰ ਨਹੀਂ ਕਰਵਾ ਸਕਦੀ ਤੇ ਇਸ ਗੱਲ ਤੋਂ ਸਰਨਾ ਚੰਗੀ ਤਰ੍ਹਾਂ ਜਾਣੂੰ ਹਨ ਪਰ ਕਮੇਟੀ ਦੇ ਵਕਾਰ ਨੂੰ ਸੱਟ ਪਹੁੰਚਾਉਣ ਅਤੇ ਸੰਗਤਾਂ ਦੇ ਮਨਾਂ ‘ਚ ਸ਼ੰਕਾ ਪੈਦਾ ਕਰਨ ਵਾਸਤੇ ਸਰਨਾ ਨੇ ਇਹ ਸਿਆਸੀ ਦਾਅ ਚਲਿਆ ਹੈ।
ਸਰਨਾ ਵੱਲੋਂ ਗੁਰਦੁਆਰਾ ਵਾਰਡਾਂ ਦੀ ਦੁਬਾਰਾ ਹਦਬੰਦੀ ਦੀ ਕੀਤੀ ਗਈ ਮੰਗ ਨੂੰ ਵੀ ਗੁਰਦੁਆਰਾ ਐਕਟ ਦੀ ਧਾਰਾ 6 ਅਨੁਸਾਰ ਦਿੱਲੀ ਕਮੇਟੀ ਦੀ ਸਲਾਹ ਨੂੰ ਜ਼ਰੂਰੀ ਮੰਨਣ ਦੇ ਦਿੱਤੇ ਗਏ ਆਦੇਸ਼ਾਂ ਦੇ ਖਿਲਾਫ ਨਜ਼ਾਇਜ਼ ਤੌਰ ਤੇ ਡਾਕਾ ਪਾਉਣ ਦੀ ਕੋਸ਼ਿਸ਼ ਵੀ ਉਨ੍ਹਾਂ ਨੇ ਕਰਾਰ ਦਿੱਤਾ। ਮੁੜ ਹਦਬੰਦੀ ਦੀ ਮੰਗ ਕਾਰਣ ਕਮੇਟੀ ਦੀ ਚੋਣਾ ਸਰਨਾ ਵੱਲੋਂ ਗੰਢਤੁੱਪ ਕਰਕੇ ਲਮਕਾਉਣ ਦੀ ਰਣਨੀਤੀ ਘੜਨ ਦਾ ਵੀ ਉਨ੍ਹਾਂ ਨੇ ਦੋਸ਼ ਲਗਾਇਆ।ਦਿੱਲੀ ਘੱਟ ਗਿਣਤੀ ਕਮੀਸ਼ਨ ਦੇ ਮੈਂਬਰ ਦੇ ਤੌਰ ‘ਤੇ ਆਪਣੇ ਭਰਾ ਹਰਵਿੰਦਰ ਸਿੰਘ ਸਰਨਾ ਦੀ ਮੈਂਬਰੀ ਬਚਾਉਣ ਵਾਸਤੇ ਮੁੱਖ ਮੰਤਰੀ ਨੂੰ ਮਿਲਣ ਦਾ ਉਨ੍ਹਾਂ ਨੇ ਖੁਲਾਸਾ ਕੀਤਾ।
ਦਿੱਲੀ ਦੇ ਕਾਨੂੰਨ ਮੰਤਰੀ ਜਤਿੰਦਰ ਤੋਮਰ ਦੀ ਅੱਜ ਦਿੱਲੀ ਪੁਲਿਸ ਵੱਲੋਂ ਡਿਗਰੀ ਦੇ ਫਰਜੀਵਾੜੇ ਦੇ ਦੋਸ਼ਾਂ ‘ਚ ਕੀਤੀ ਗਈ ਗ੍ਰਿਫਤਾਰੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਸਰਨਾ ਖਿਲਾਫ ਬਾਲਾ ਸਾਹਿਬ ਹਸਪਤਾਲ ਦੇ ਮਾਮਲੇ ‘ਚ ਥਾਨਾ ਸਨਲਾਈਟ ਕਲੌਨੀ ਵਿਖੇ ਦਰਜ ਫਰਜੀਵਾੜੇ ਦੇ ਮੁਕਦਮੇ ‘ਚ ਤੇਜੀ ਨਾਲ ਕਾਰਵਾਈ ਕਰਦੇ ਹੋਏ ਸਰਨਾ ਦੀ ਵੀ ਤੋਮਰ ਦੀ ਤਰ੍ਹਾਂ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਸਰਨਾ ਵੱਲੋਂ ਕਮੇਟੀ ਦੇ ਮਾਲੀ ਹਲਾਤਾਂ ਬਾਰੇ ਦਿੱਤੇ ਜਾ ਰਹੇ ਬਿਆਨਾ ਨੂੰ ਫੋਕੀ ਸ਼ੋਹਰਤ ਖਟੱਣ ਦਾ ਜ਼ਰੀਆ ਦੱਸਦੇ ਹੋਏ ਉਨ੍ਹਾਂ ਨੇ ਜਲਦੀ ਹੀ ਪ੍ਰਧਾਨ ਸਾਹਿਬ ਵੱਲੋਂ ਇਸ ਮਸਲੇ ‘ਤੇ ਪੂਰੇ ਤੱਥਾਂ ਨਾਲ ਜਾਣਕਾਰੀ ਮੀਡੀਆ ਤੱਕ ਪਹੁੰਚਾਉਣ ਦਾ ਵੀ ਦਾਅਵਾ ਕੀਤਾ।