‘ਸੇਵਾ’ ਸਿੱਖੀ ਦਾ ਮੂਲ ਸਿਧਾਂਤ ਹੈ।ਗੁਰਬਾਣੀ ਅੰਦਰ ਸੇਵਾ ਕਰਨ ਵਾਲੇ ਲਈ ਚਾਕਰ, ਸੇਵਕ, ਖ਼ਿਦਮਤਗਾਰ, ਬੈਖਰੀਦ ਆਦਿ ਸ਼ਬਦ ਵਰਤੇ ਗਏ ਹਨ।ਨਿਸ਼ਕਾਮ ਭਾਵਨਾ ਨਾਲ ਸੇਵਾ ਕਰਦਿਆਂ ਮਨੁੱਖ ਅੰਦਰ ਸੱਚ, ਸੰਤੋਖ, ਸਹਿਜ, ਪਰਉਪਕਾਰ ਤੇ ਤਿਆਗ ਜਿਹੇ ਸਦਗੁਣਾਂ ਦਾ ਪ੍ਰਵੇਸ਼ ਹੁੰਦਾ ਹੈ ਅਤੇ ਉਸ ਦੀ ਸਖਸ਼ੀਅਤ ਸਵੈ-ਮੁਖੀ ਨਾ ਹੋ ਕੇ ਲੋਕ ਹਿਤਕਾਰੀ ਬਣ ਜਾਂਦੀ ਹੈ। ਲੋੜਵੰਦ ਦੀ ਸੇਵਾ ਕਰਨ ਲਈ ਸਿੱਖ ਹਮੇਸ਼ਾਂ ਤੱਤਪਰ ਰਹਿੰਦਾ ਹੈ। ਜਥੇਦਾਰ ਅਵਤਾਰ ਸਿੰਘ ਨੂੰ ੨੩ ਨਵੰਬਰ ੨੦੦੫ ਵਿੱਚ ਸਿੱਖਾਂ ਦੀ ਨੁਮਾਇੰਦਾ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਨਣ ਦਾ ਮਾਣ ਹਾਸਿਲ ਹੋਇਆ। ਇਨ੍ਹਾਂ ਨੇ ਪ੍ਰਧਾਨਗੀ ਪਦ ਸੰਭਾਲਦਿਆਂ ਹੀ ਸ਼੍ਰੋਮਣੀ ਕਮੇਟੀ ਦੇ ਵਰਤੋਂ ਵਿਹਾਰ ਅਤੇ ਗੁਰਦੁਆਰਾ ਪ੍ਰਬੰਧ ਸੁਧਾਰ ਵਿੱਚ ਸੁਧਾਰ ਲਈ ਅਜਿਹੀ ਯੋਜਨਾਬੰਦੀ ਕੀਤੀ ਹੈ ਜਿਸ ਨਾਲ ਜਿੱਥੇ ਸਿੱਖ ਸਭਿਆਚਾਰ ਦੀਆਂ ਰਵਾਇਤਾਂ ਦਾ ਪਾਲਣ ਸ਼ੁਰੂ ਹੋਇਆ ਉਥੇ ਗੁਰਮਤਿ ਮਰਿਯਾਦਾ ਦੀ ਸਾਂਭ ਸੰਭਾਲ ਲਈ ਵੀ ਯੋਗ ਉੱਦਮ ਦ੍ਰਿਸ਼ਟੀ ਗੋਚਰ ਹੋਣ ਲੱਗੇ ਹਨ।ਜਿੱਥੇ ਇਸ ਸੰਸਥਾ ਦੇ ਪਹਿਲੇ ਰਹਿ ਚੁੱਕੇ ਪ੍ਰਧਾਨ ਸਾਹਿਬਾਨ ਨੇ ਸੰਸਥਾ ਦੇ ਪ੍ਰਬੰਧ ਨੂੰ ਸੁਚਾਰੂ ਬਨਾਉਣ ਲਈ ਬੜੀ ਸੁਹਿਰਦਤਾ ਨਾਲ ਵੱਡਾ ਯੋਗਦਾਨ ਪਾਇਆ ਹੈ, ਓਥੇ ਜਥੇਦਾਰ ਅਵਤਾਰ ਸਿੰਘ ਵੱਲੋਂ ਪ੍ਰਧਾਨਗੀ ਪਦ ਸੰਭਾਲਣ ਉਪਰੰਤ ਮੈਂਬਰ ਸਾਹਿਬਾਨ ਤੇ ਸੰਗਤਾਂ ਦੇ ਸਹਿਯੋਗ ਸਦਕਾ ਪੂਰੀ ਤਨਦੇਹੀ ਤੇ ਸਮਰਪਣ ਭਾਵਨਾ ਨਾਲ ਦਿਨ-ਰਾਤ ਇਕ ਕਰਕੇ ਪ੍ਰਬੰਧ ਨੂੰ ਸੁਚਾਰੂ ਬਣਾਇਆ ਗਿਆ ਹੈ। ਜਥੇਦਾਰ ਅਵਤਾਰ ਸਿੰਘ ਦੀਆਂ ਘਾਲਨਾਵਾਂ ਤੇ ਪੰਥ ਲਈ ਕੀਤੀ ਸੇਵਾ ਦੇ ਸਨਮਾਨ ਵੱਜੋਂ ੬ ਜੂਨ ੨੦੧੫ ਨੂੰ ਦਮਦਮੀ ਟਕਸਾਲ ਮਹਿਤਾ ਵੱਲੋਂ ‘ਸੇਵਾ ਰਤਨ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਏਸੇ ਲਈ ਅਸੀਂ ਜਥੇਦਾਰ ਸਾਹਿਬ ਵੱਲੋਂ ਨਿਭਾਈਆਂ ਸੇਵਾਵਾਂ ਤੁਹਾਡੇ ਨਾਲ ਸਾਂਝੀਆਂ ਕਰਨ ਦਾ ਯਤਨ ਕਰ ਰਹੇ ਹਾਂ।
ਇਨ੍ਹਾਂ ਨੇ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ, ਨਵੇਂ ਸਿੱਖ ਮਿਸ਼ਨ ਤੇ ਗੁਰਮਤਿ ਵਿਦਿਆਲਿਆਂ ਦੀ ਸਥਾਪਨਾ, ਦੋ ਸਾਲਾ ਪੱਤਰ ਵਿਹਾਰ ਕੋਰਸ, ਧਰਮ ਪ੍ਰਚਾਰ ਲਹਿਰ, ਗੁਰਮਤਿ ਟ੍ਰੇਨਿੰਗ ਕੈਂਪ, ਪਾਠ ਬੋਧ ਸਮਾਗਮ, ਦੇਸ਼ ਦੇ ਵੱਖ-ਵੱਖ ਸੂਬਿਆਂ ਤੇ ਵਿਦੇਸ਼ਾਂ ਦੀਆਂ ਸੰਗਤਾਂ ਨਾਲ ਤਾਲਮੇਲ ਕਰਕੇ ਵਿਦਿਆ ਦੇ ਖੇਤਰ ਵਿਚ ਵੀ ਅਹਿਮ ਪੈੜਾਂ ਸਥਾਪਿਤ ਕੀਤੀਆਂ ਹਨ। ਇਨ੍ਹਾਂ ਦੇ ਵਿਸ਼ੇਸ਼ ਉਪਰਾਲਿਆਂ ਸਦਕਾ ਜਿੱਥੇ ੮੦ ਤੋਂ ਵੱਧ ਵਿਦਿਅਕ ਅਦਾਰੇ ਖੋਲ੍ਹ ਕੇ ਨੌਜਵਾਨ ਬੱਚੇ ਬੱਚੀਆਂ ਨੂੰ ਸਕੂਲੀ ਅਤੇ ਕਾਲਜੀ ਵਿਦਿਆ ਦੇ ਨਾਲ ਆਪਣੀ ਰੋਜ਼ੀ ਰੋਟੀ ਦੇ ਕਾਬਿਲ ਬਣਾਇਆ ਜਾ ਰਿਹਾ ਹੈ ਓਥੇ ਗੁਰਸਿੱਖੀ ਜੀਵਨ ਜਾਚ ਅਤੇ ਸਰੀਰਕ ਤੰਦਰੁਸਤੀ ਲਈ ਸਾਬਤ ਸੂਰਤ ਸਿੱਖੀ ਸਰੂਪ ਵਾਲੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਉਤਸ਼ਾਹਿਤ ਕਰਕੇ ਦੇਸ਼ ਤੇ ਕੌਮ ਦਾ ਨਾਮ ਰੌਸ਼ਨ ਕੀਤਾ ਜਾ ਰਿਹਾ ਹੈ। ਇਸ ਨਾਲ ਪਤਿਤਪੁਣੇ ਨੂੰ ਠੱਲ੍ਹ ਪਵੇਗੀ ਤੇ ਨੌਜਵਾਨਾਂ ਵਿਚੋਂ ਨਸ਼ਿਆਂ ਦਾ ਰੁਝਾਨ ਘਟੇਗਾ। ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਹੈ ਜਿਥੋਂ ਸਾਬਤ ਸੂਰਤ ਸਿੱਖੀ ਸਰੂਪ ਵਾਲੇ, ਬੁੱਧੀ ਜੀਵੀ ਅਤੇ ਸਿੱਖ ਇਤਿਹਾਸ ਦੇ ਖੋਜਕਾਰ ਬਣ ਕੇ ਵਿਦਿਆਰਥੀ ਦੇਸ਼-ਵਿਦੇਸ਼ ਵਿਚ ਸਿੱਖੀ ਦੇ ਪ੍ਰਚਾਰ ਪ੍ਰਸਾਰ ਰਾਹੀਂ ਨਵੀਆਂ ਪੈੜਾਂ ਸਥਾਪਿਤ ਕਰ ਰਹੇ ਹਨ। ਡਾਇਰੈਕਟੋਰੇਟ ਆਫ ਐਜੂਕੇਸ਼ਨ, ਸਿੱਖ ਰੈਫਰੈਂਸ ਲਾਇਬ੍ਰੇਰੀ ਅੰਮ੍ਰਿਤਸਰ ਦਾ ਨਵੀਨੀਕਰਨ, ਵੱਖ-ਵੱਖ ਸਕੂਲਾਂ/ਕਾਲਜਾਂ ‘ਚ ਨਵੇਂ ਕਿੱਤਾ ਮੁਖੀ ਕੋਰਸਾਂ ਦੀ ਸ਼ੁਰੂਆਤ ਕਰਵਾਉਣੀ ਇਨ੍ਹਾਂ ਦੇ ਹਿੱਸੇ ਆਈ ਹੈ।ਪੁਰਾਤਨ ਇਤਿਹਾਸਕ ਇਮਾਰਤਾਂ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸਥਿਤ ਦੀਵਾਨ ਟੋਡਰ ਮੱਲ ਦੀ ਹਵੇਲੀ ਨੂ ਹੂ-ਬ-ਹੂ ਸਾਂਭਣ ਲਈ ਇਮਾਰਤ ਦੀਆਂ ਪਹਿਲੀਆਂ ਤਸਵੀਰਾਂ ਅਤੇ ਨਕਸ਼ਿਆਂ ਦੇ ਅਧਾਰ ਤੇ ਇਸ ਦੇ ਰਵਾਇਤੀ ਰੱਖ ਰਖਾਵ ਅਨੁਸਾਰ ਸਿੱਖ ਵਿਰਾਸਤ ਵਜੋਂ ਸਾਂਭਣ ਲਈ ਯਤਨ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜ ਕਿਲਿਆਂ ਜਿਨ੍ਹਾਂ ਨੂੰ ਪੁਰਾਤਨ ਦਿੱਖ ਦੇ ਕੇ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਵਿੱਚ ਕਿਲ੍ਹਾ ਅਨੰਦਗੜ੍ਹ ਦੀਆਂ ਕੰਧਾਂ ਤੇ ਪੁਰਾਤਨ ਕਮਰਿਆਂ ਨੂੰ ਜਿਉਂ ਦਾ ਤਿਉਂ ਬਣਾਈ ਰੱਖਣ ਅਤੇ ਜੰਗਾਂ ਦਾ ਇਤਿਹਾਸ ਦਰਸਾਉਂਦਾ ਅਜਾਇਬ ਘਰ ਸਥਾਪਿਤ ਕਰਨਾ, ਕਿਲ੍ਹਾ ਤਾਰਾਗੜ੍ਹ ਵਿਖੇ ਭਾਈ ਘਨਈਆ ਜੀ ਦੀ ਯਾਦ ਨੂੰ ਪ੍ਰਗਟਾਉਂਦਾ, ਪੁਰਾਤਨ ਬਾਉਲੀਆਂ ਦੀ ਸੰਭਾਲ ਕਰਨੀ, ਕਿਲ੍ਹਾ ਲੋਹਗੜ੍ਹ ਅੰਦਰ ਪੁਰਾਤਨ ਹਰਟ ਵਾਲਾ ਖੂਹ ਹੂ-ਬ-ਹੂ ਤਿਆਰ ਕਰਨਾ ਤੇ ਹੱਥਾਂ ਨਾਲ ਪੁਰਾਤਨ ਸ਼ਸਤਰ ਬਨਾਉਣ ਦਾ ਕਾਰਖਾਨਾ ਲਗਾਇਆ ਜਾਣਾ ਅਤੇ ਭਾਈ ਬਚਿੱਤਰ ਸਿੰਘ ਦੀ ਬਹਾਦਰੀ ਨੁੰ ਦਰਸਾਉਂਦੀ ਯਾਦਗਾਰ ਬਨਾਉਣਾ, ਕਿਲ੍ਹਾ ਹੋਲਗੜ੍ਹ ਵਿੱਚ ਭਾਈ ਨੰਦ ਸਿੰਘ ਜੀ ਦੀ ਯਾਦ ਨੂੰ ਦਰਸਾਉਂਦੀ ਲਾਇਬ੍ਰੇਰੀ ਬਨਾਉਣਾ, ਕਿਲ੍ਹਾ ਫਤਿਹਗੜ੍ਹ ਸਾਹਿਬ ਅੰਦਰ ਲੜਕੇ ਤੇ ਲੜਕੀਆਂ ਦੀਆਂ ਮਾਰਸ਼ਲ ਆਰਟ (ਗਤਕੇ ਦੀਆਂ ਅਕੈਡਮੀਆਂ) ਸਥਾਪਿਤ ਕਰਨਾ ਅਤੇ ਪੁਰਾਤਨ ਖੂਹ ਦੀ ਸੰਭਾਲ ਕਰਨ ਦੀ ਸੇਵਾ ਮਾਤਾ ਗੁਜਰੀ ਜੀ ਦਾ ਠੰਢਾ ਬੁਰਜ ਸ੍ਰੀ ਫਤਿਹਗੜ੍ਹ ਸਾਹਿਬ ਤੇ ਚਮਕੌਰ ਦੀ ਕੱਚੀ ਗੜ੍ਹੀ ਆਦਿ ਨੂੰ ਵਿਰਾਸਤ ਵਜੋਂ ਸਾਂਭਣ ਲਈ ਵਿਸ਼ੇਸ਼ ਯਤਨ ਇਨ੍ਹਾਂ ਦੀ ਦੂਰ ਦ੍ਰਿਸ਼ਟੀ ਸੋਚ ਸਦਕਾ ਹੀ ਹੋ ਰਹੇ ਹਨ। ਇਸ ਨਾਲ ਆਉਣ ਵਾਲੀ ਪੀੜ੍ਹੀ ਆਪਣੇ ਪੁਰਾਤਨ ਸਿੱਖ ਵਿਰਸੇ ਤੋਂ ਜਾਣੂੰ ਹੋ ਸਕੇਗੀ। ਇਨ੍ਹਾਂ ਆਪਣੇ ਕਾਰਜ ਕਾਲ ਦੌਰਾਨ ਯਾਤਰੂਆਂ ਦੀ ਸਹੂਲਤ ਲਈ ਫਰੀ ਬੱਸਾਂ, ਵੱਖ-ਵੱਖ ਗੁਰਦੁਆਰਾ ਸਾਹਿਬ ਵਿਖੇ ਉਸਾਰੀ ਦੇ ਨਵੇਂ ਕਾਰਜ ਜਿਵੇਂ ਨਵੀਆਂ ਸਰਾਵਾਂ, ਲੰਗਰ ਹਾਲ ਤੇ ਗੁਰਦੁਆਰਾ ਸਾਹਿਬਾਨ ਦੀਆਂ ਨਵੀਆਂ ਇਮਾਰਤਾਂ, ਗੁਰਦੁਆਰਾ ਸਾਹਿਬਾਨ ਦੀਆਂ ਜਾਇਦਾਦਾਂ ਸਬੰਧੀ ਚੱਲਦੇ ਕੇਸਾਂ ‘ਚੋਂ ਗੁਰਦੁਆਰਾ ਸਾਹਿਬ ਦੇ ਹੱਕ ‘ਚ ਹੋਏ ਫੈਸਲਿਆਂ ਦੀ ਰੌਸ਼ਨੀ ‘ਚ ਬੇਸ਼ਕੀਮਤੀ ਜ਼ਮੀਨਾਂ-ਜਾਇਦਾਦਾਂ ਨੂੰ ਗੁਰਦੁਆਰਾ ਸਾਹਿਬਾਨ (ਸ਼੍ਰੋਮਣੀ ਕਮੇਟੀ) ਦੇ ਪ੍ਰਬੰਧ ਹੇਠ ਲਿਆੳੁਣ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਬੰਧਕੀ ਬਲਾਕ ਆਦਿ ਤਿਆਰ ਕਰਵਾਏ। ਗੁਰਦੁਆਰਾ ਸਾਹਿਬਾਨ ਦੇ ਹਿਸਾਬ-ਕਿਤਾਬ ਨੂੰ ਪਾਰਦਰਸ਼ੀ ਬਨਾਉਣ ਲਈ ਕੰਪਿਊਟਰਾਈਜ਼ ਅਤੇ ਆਨ-ਲਾਈਨ ਵੀ ਇਨ੍ਹਾਂ ਨੇ ਹੀ ਕਰਵਾਇਆ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਿਸਾਬ-ਕਿਤਾਬ ਦਾ ਆਡਿਟ ਮੁਕੰਮਲ ਕਰਾਉਣ ਵਰਗੇ ਅਹਿਮ ਕੰਮ ਕਰਕੇ ਹਰ ਪਹਿਲੂ ਤੋਂ ਇਸ ਸੰਸਥਾ ਦੇ ਇਤਿਹਾਸ ਵਿਚ ਵਿਲੱਖਣ ਰੋਲ ਅਦਾ ਕੀਤਾ ਹੈ।
ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਵਾਕ ਦੀ ਕਥਾ ਗੁਰਦੁਆਰਾ ਮੰਜੀ ਸਾਹਿਬ ਤੋਂ ਪੀ ਟੀ ਸੀ ਰਾਹੀਂ ਸਿੱਧਾ ਪ੍ਰਸਾਰਣ ਤੇ ਕੀਰਤਨ ਦਾ ਲਾਈਵ ਪ੍ਰਸਾਰਨ ਕਰਕੇ ਦੇਸ਼-ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਲਈ ਵੱਡਾ ਕਾਰਜ ਕੀਤਾ। ਇਸ ਨਾਲ ਹਰ ਘਰ ਵਿੱਚ ਗੁਰੂ ਸ਼ਬਦ ਦੀ ਮਹਿਮਾ ਪੂਜਣ ਨਾਲ ਸਮੁੱਚਾ ਸਿੱਖ ਜਗਤ ਇਨ੍ਹਾਂ ਦਾ ਧੰਨਵਾਦੀ ਹੈ।
ਇਨ੍ਹਾਂ ਦੀ ਰਹਿਨੁਮਾਈ ਹੇਠ ਹੀ ਅਮਰੀਕਾ ਦੇ ਯੂਬਾ ਸਿਟੀ ਵਿਖੇ ਇੰਟਰਨੈਸ਼ਨਲ ਸਿੱਖ ਸੈਂਟਰ ਦਾ ਨੀਂਹ ਪੱਥਰ ਰੱਖ ਕੇ ਉਸ ਦੀ ਤਿਆਰੀ ਕਰਵਾਈ ਜਾ ਰਹੀ ਹੈ ਤਾਂ ਜੋ ਵਿਦੇਸ਼ ਦੀਆਂ ਸੰਗਤਾਂ ਵਿੱਚ ਸਿੱਖੀ ਦਾ ਪ੍ਰਚਾਰ-ਪ੍ਰਸਾਰ ਕੀਤਾ ਜਾ ਸਕੇ। ਸ੍ਰੀ ਹਰਿਮੰਦਰ ਸਾਹਿਬ ਸਮੂਹ ‘ਚ ਵੱਖ-ਵੱਖ ਇਤਿਹਾਸਕ ਅਸਥਾਨਾਂ, ਰਿਹਾਇਸ਼ ਲਈ ਸਰਾਵਾਂ ਅਤੇ ਸਥਾਨਕ ਗੁਰਧਾਮਾਂ ਦੀ ਜਾਣਕਾਰੀ ਪ੍ਰਦਾਨ ਕੀਤੇ ਜਾਣ ਲਈ ਸਕਰੀਨ ਡਿਸਪਲੇ ਸਿਸਟਮ ਲਗਾ ਕੇ ਇਸ ਸੰਸਥਾ ਨੂੰ ਅਮਲੀ ਰੂਪ ‘ਚ ਅਜੋਕੇ ਯੁਗ ਦੇ ਹਾਣੀ ਬਣਾਇਆ ਹੈ।
‘ਸਿੱਖ’ ਅਤੇ ‘ਸੇਵਾ’ ਇੱਕ ਦੂਸਰੇ ਵਿੱਚ ਏਨਾ ਘੁਲ-ਮਿਲ ਗਏ ਹਨ ਕਿ ਇਨ੍ਹਾਂ ਨੂੰ ਨਿਖੇੜਨਾ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਹੈ। ਇਸੇ ਲਈ ਜਦੋਂ ਵੀ ਕਿਧਰੇ ਮਨੁੱਖਤਾ ਉੱਤੇ ਕੋਈ ਮੁਸ਼ਕਿਲ ਬਣਦੀ ਹੈ ਤਾਂ ਸਿੱਖ ਮਦਦ ਲਈ ਸਭ ਤੋਂ ਅੱਗੇ ਹੁੰਦੇ ਹਨ। ਇਸੇ ਉਦੇਸ਼ ਦੀ ਪੂਰਤੀ ਲਈ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਨਸਾਨੀਅਤ ਪ੍ਰਤੀ ਆਪਣਾ ਫ਼ਰਜ਼ ਪਹਿਚਾਣਦੇ ਹੋਏ ਸਦਾ ਹੀ ਕੁਦਰਤੀ ਆਫ਼ਤਾਂ ਸਮੇਂ ਧਰਮ-ਕਰਮ ਅਨੁਸਾਰ ਵੱਧ ਚੜ੍ਹ ਕੇ ਲੋਕਾਂ ਦੀ ਸੇਵਾ ਕੀਤੀ ਹੈ। ਲੋਕ ਭਲਾਈ ਕਾਰਜ ਕਰਦੇ ਹੋਏ ਜਥੇਦਾਰ ਅਵਤਾਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਵਿਚਿਅਕ ਅਦਾਰਿਆਂ ਵਿਚ ਅੰਮ੍ਰਿਤਧਾਰੀ ਗੁਰਸਿੱਖ ਬੱਚਿਆਂ ਲਈ ਖਾਸ ਫੰਡ ਰਾਖਵੇਂ ਰੱਖੇ ਹਨ। ਇਸੇ ਤਰ੍ਹਾਂ ਕੈਂਸਰ ਵਰਗੀ ਨਾ-ਮੁਰਦਾ ਬੀਮਾਰੀ ਵਾਲੇ ਮਰੀਜ਼ਾਂ ਦੀ ਸਹਾਇਤਾ ਕਰਨੀ, ਈਰਾਕ ਵਿਚ ਬੰਦੀ ਬਣਾਏ ਗਏ ਭਾਰਤੀਆਂ ਦੀ ਰਿਹਾਈ ਲਈ ਯਤਨ ਕੀਤੇ ਜਾਣਾ ਅਤੇ ਬੰਦੀ ਪੰਜਾਬੀਆਂ ਤੇ ਭਾਰਤੀਆਂ ਦੇ ਵਾਰਸਾਂ ਨੂੰ 50-50 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦੇਣੀ, ਧਰਮੀ ਫੌਜੀਆਂ ਨੂੰ ਸਹਾਇਤਾ ਦੇਣੀ, ਹਰਿਆਣਾ ਦੇ ਪਿੰਡ ਕੁਪੀਆ ਪਲਾਟ ਵਿਖੇ ਜ਼ਮੀਨਾਂ ਤੋਂ ਵਾਂਝੇ ਕੀਤੇ ਗਏ ਪੰਜਾਬੀ ਕਿਸਾਨਾਂ ਨੂੰ 21 ਲੱਖ ਰੁਪਏ ਅਤੇ ਰਾਸ਼ਨ-ਪਾਣੀ ਆਦਿ ਚਿੱਠੀ ਸਿੰਘਪੁਰਾ (ਜੰਮੂ-ਕਸ਼ਮੀਰ) ਦੇ 36 ਪੀੜਤ ਪ੍ਰੀਵਾਰਾਂ ਨੂੰ 28 ਲੱਖ ਰੁਪਏ ਦੀ ਸਹਾਇਤਾ ਦੇਣੀ, ਜੰਮੂ ਕਸ਼ਮੀਰ ਵਿੱਚ ਆਏ ਭਿਆਨਕ ਹੜ੍ਹਾਂ ਅਤੇ ਨੇਪਾਲ ਵਿੱਚ ਆਏ ਭੂਚਾਲ ਵਿੱਚ ਬਿਨਾਂ ਕਿਸੇ ਭੇਦ ਭਾਵ ਦੇ ਓੋਥੋਂ ਦੇ ਵਸਨੀਕਾਂ ਦੀ ਡਾਕਟਰੀ ਕੈਂਪ, ਸੁੱਕੀ ਰਸਦ ਟੈਂਟ ਤੇ ਹੋਰ ਲੋੜੀਂਦੀਆਂ ਵਸਤਾਂ ਅਤੇ ਲੋਕਾਂ ਦੀ ਲਗਾਤਾਰ ਲੰਗਰ ਲਗਾ ਕੇ ਜਥੇਦਾਰ ਅਵਤਾਰ ਸਿੰਘ ਦੀ ਰਹਿਨੁਮਾਈ ਹੇਠ ਸੇਵਾ ਕੀਤੀ। ਇਸ ਤੋਂ ਇਲਾਵਾ ਜੇਕਰ ਸਿੱਖਾਂ ਨਾਲ ਕਿਤੇ ਵੀ ਹੋਏ ਧੱਕੇ ਜਾਂ ਬੇਇਨਸਾਫੀ ਹੋਵੇ ਤਾਂ ਸ਼੍ਰੋਮਣੀ ਕਮੇਟੀ ਅੱਗੇ ਹੋ ਕੇ ਖੜ੍ਹਦੀ ਤੇ ਸੇਵਾ ਕਰਦੀ ਹੈ।
ਉਨ੍ਹਾਂ ਦੀਆਂ ਇਨ੍ਹਾਂ ਬੇਸ਼ਕੀਮਤੀ ਸੇਵਾਵਾਂ ਸਦਕਾ ਦਮਦਮੀ ਟਕਸਾਲ ਮਹਿਤਾ ਵੱਲੋਂ 6 ਜੂਨ ਨੂੰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਉਨ੍ਹਾਂ ਨੂੰ ‘ਸੇਵਾ ਰਤਨ’ ਸਨਮਾਨ ਨਾਲ ਨਿਵਾਜਿਆ ਗਿਆ ਹੈ। ਜਥੇਦਾਰ ਅਵਤਾਰ ਸਿੰਘ ਵੱਲੋਂ ਸਿੱਖ ਗੁਰੂ ਸਾਹਿਬਾਨ ਵੱਲੋਂ ਚਲਾਏ ਗਏ ਸੇਵਾ ਦੇ ਸਿਧਾਂਤ ਤੇ ਪਹਿਰਾ ਦੇਂਦੇ ਹੋਏ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਜੋ ਕਾਰਜ ਕੀਤੇ-ਕਰਵਾਏ ਗਏ ਹਨ ਉਸਦੇ ਉੱਤਰਫਲ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਨ੍ਹਾਂ ਨੂੰ’ਸ਼੍ਰੋਮਣੀ ਸੇਵਕ’ ਦੇ ਐਵਾਰਡ ਨਾਲ ਸਨਮਾਨਿਤ ਕੀਤੇ ਜਾਣ ਦਾ ਫੈਂਸਲਾ ਵੀ ਕੀਤਾ ਗਿਆ ਹੈ।