ਕੰਮ ਤੋਂ ਘਰ ਵੱਲ ਆ ਰਿਹਾ ਸੀ ਕਿ ਸਾਹਮਣੇ ਇਕ ਬਹੁਤ ਹੀ ਸੁੰਦਰ ਜੋੜੀ ਦਿਸੀ, ਜੋ ਸ਼ਾਇਦ ਨਾਲ ਵਾਲੀ ਪਾਰਕ ਵਿਚ ਟਹਿਲਣ ਲਈ ਜਾ ਰਹੀ ਹੋਵੇਗੀ।ਉਹਨਾਂ ਦਾ ਨਵਾਂ ਨਵਾਂ ਵਿਆਹ ਹੋਇਆ ਲੱਗਦਾ ਸੀ, ਕਿਉਂਕਿ ਕੁੜੀ ਦੀਆਂ ਬਾਹਾਂ ਵਿਚਲਾ ਉਨਾਬੀ ਚੂੜਾ ਦੂਸਰਿਆਂ ਦਾ ਧਿਆਨ ਆਪਣੀ ਵੱਲ ਖਿੱਚ ਰਿਹਾ ਸੀ।ਉਹਨਾਂ ਨੂੰ ਦੇਖ ਕੇ ਮੇਰੇ ਮਨ ਵਿਚ ਵੀ ਵਿਆਹ ਕਰਾਉਣ ਦੀ ਉਥਲ-ਪੁੱਥਲ ਜਿਹੀ ਹੋਈ।ਵਿਆਹ ਰਚਾਉਣ ਲਈ ਕੁੜੀ ਕਿਸ ਤਰਾਂ ਦੀ ਹੋਣੀ ਚਾਹੀਦੀ ਹੈ, ਉਸ ਦੇ ਰੂਪ-ਰੰਗ ਦੀ ਕਲਪਨਾ ਕਰਦਾ ਘਰ ਦੇ ਡਰਾਈਵੇ ਵਿਚ ਜਾ ਪਹੁੰਚਿਆ।ਕਾਰ ਦੀ ਪਿੱਛਲੀ ਸੀਟ ‘ਤੇ ਪਈ ਜੈਕਟ ਚੁਕ ਘਰ ਦਾ ਦਰਵਾਜ਼ਾ ਖੋਲ੍ਹਣ ਲਈ ਚਾਬੀ ਘੁੰਮਾ ਅਜੇ ਅੰਦਰ ਦਾਖਲ ਹੋਇਆ ਹੀ ਸੀ ਕਿ ਲਿਵਿੰਗ ਰੂਮ ਵਿਚੋਂ ਅਵਾਜ਼ ਆਈ, “ ਭੈਣ ਜੀ, ਹੁਣ ਤਹਾਨੂੰ ਜਗੀ ਦਾ ਵਿਆਹ ਕਰ ਹੀ ਦੇਣਾ ਚਾਹੀਦਾ।” ਇਸ ਅਵਾਜ਼ ਨੇ ਮੈਨੂੰ ਦੱਸ ਦਿੱਤਾ ਕਿ ਕਲੋਨੇ ਵਾਲੇ ਮਾਸੀ ਜੀ ਆਏ ਹੋਏ ਨੇ।ਆਪਣੇ ਕੰਮ ਦੇ ਬੂਟ ਖੋਲ੍ਹਦਿਆਂ ਮੈਂ ਹੱਸ ਕੇ ਕਿਹਾ, “ ਮਾਸੀ ਜੀ, ਜਗੀ ਤਾਂ ਵਿਆਹ ਕਰਾਉਣ ਲਈ ਰੈਡੀ ਆ, ਪਰ ਕੋਈ ਕਰਦਾ ਨਹੀਂ ।”
“ ਅੱਜ ਪਹਿਲੀ ਵਾਰੀ ਇਹਨੇ ਇਹ ਗੱਲ ਕਹੀ ਆ।” ਮੰਮੀ ਨੇ ਕਿਹਾ, “ ਅੱਗੇ ਅਸੀ ਇਸ ਨੂੰ ਕਈ ਵਾਰੀ ਪੁੱਛਿਆ ਕਿ ਜੇ ਤੈਂ ਕੋਈ ਕੁੜੀ ਦੇਖ ਰੱਖੀ ਤਾਂ ਵੀ ਦੱਸਦੇ, ਨਹੀ ਅਸੀਂ ਤੇਰੇ ਲਈ ਟੋਲ ਲਈਏ,ਹੁਣ ਕਹਿੰਦਾ ਏ ਕਿ ਮੇਰਾ ਕੋਈ ਵਿਆਹ ਨਹੀ ਕਰਦਾ।”
ਮੰਮੀ ਦੀ ਆਖੀ ਸੱਚੀ ਗੱਲ ‘ਤੇ ਹੱਸਦਾ ਹੋਇਆ ਮਾਸੀ ਦੇ ਗੋਡਿਆਂ ਵੱਲ ਨੂੰ ਝੁਕਦਿਆਂ ਨੂੰ ਕਿਹਾ, “ ਮਾਸੀ ਜੀ, ਤੁਸੀ ਤਾਂ ਨਹੀ ਕਿਤੇ ਕੋਈ ਕੁੜੀ ਲੱਭ ਲਈ।”
“ਕੁੜੀਆਂ ਦਾ ਕਿਤੇ ਘਾਟਾ।” ਮਾਸੀ ਨੇ ਮੇਰੀ ਢੂਈ ਉੱਪਰ ਅਸੀਸ ਅਤੇ ਪਿਆਰ ਭਰਿਆ ਹੱਥ ਫੇਰਦਿਆਂ ਕਿਹਾ, “ ਤੂੰ ਦੱਸ ਵਿਆਹ ਇੱਥੇ ਕਰਵਾਉਣਾ ਜਾਂ ਪੰਜਾਬ।”
“ ਇਥੇ ਦੀ ਜੰਮੀ ਕੁੜੀ ਨਾਲ ਆਪਣਾ ਗੁਜ਼ਾਰਾ ਤਾਂ ਹੋਣਾ ਨਹੀ।” ਮੈਂ ਸਾਫ ਕਿਹਾ, “ ਪੰਜਾਬ ਤੋਂ ਹੀ ਵਧੀਆ ਰਹੇਗੀ।”
“ ਨਾ ਇੱਥੇ ਦੀ ਕੁੜੀ ਤੈਨੂੰ ਕੀ ਕਹਿੰਦੀ ਆ?” ਮਾਸੀ ਜੀ ਨੇ ਇਸ ਤਰਾਂ ਕਿਹਾ ਕਿ ਜਿਵੇਂ ਉਹਨਾਂ ਨੇ ਕੋਈ ਕੁੜੀ ਲੱਭੀ ਹੋਵੇ ਤਾਂ ਮੈਂ ਨਿੰਦ ਦਿੱਤੀ ਹੋਵੇ।
“ ਇੱਥੇ ਦੀਆਂ ਕੁੜੀਆਂ ਕੁਝ ਜ਼ਿਆਦਾ ਹੀ ਹੱਕ ਮੰਗਦੀਆਂ ਨੇ।” ਮੈਂ ਮੁਸਕ੍ਰਾਂਦਿਆਂ ਮਾਸੀ ਜੀ ਕੋਲ ਸੋਫੇ ‘ਤੇ ਬੈਠਦਿਆਂ ਕਿਹਾ, “ ਜੋ ਸਾਥੋਂ ਤਾਂ ਨਹੀ ਦੇ ਹੋਣੇ।”
“ ਤੂੰ ਚਾਹੁੰਦਾ ਹੋਣਾ ਏ ਜਿਵੇਂ ਤੇਰੀ ਮਾਂ ਸਾਰਾ ਦਿਨ ਤੇਰੇ ਡੈਡੀ ਦੇ ਅੱਗੇ-ਪਿੱਛੇ ਫਿਰਦੀ ਰਹਿੰਦੀ,ਉਸ ਤਰਾਂ ਤੇਰੀ ਵਹੁਟੀ ਵੀ ਕਰੇ।”
“ ਅੱਜ ਕਲ੍ਹ ਦੀਆਂ ਕੁੜੀਆਂ ਨੇ ਨਹੀਂ ਇਸ ਤਰਾਂ ਕਰਨਾ।” ਮੰਮੀ ਕਿਚਨ ਵਲੋਂ ਜੂਸ ਦਾ ਗਿਲਾਸ ਲਈ ਆਉਂਦੇ ਬੋਲੇ, “ ਸਾਡੇ ਵਾਲੇ ਜ਼ਮਾਨੇ ਗਏ।”
“ ਨਹੀਂ ਮੈਂ ਇਸ ਤਰਾਂ ਦੀ ਨਹੀਂ ਚਾਹੁੰਦਾ ਕਿ ਮੰਮੀ ਵਾਂਗ ਹਰ ਗੱਲ ਡੈਡੀ ਤੋਂ ਪੁੱਛੇ ਬਗੈਰ ਕਰੇ ਹੀ ਨਾ।” ਮੰਮੀ ਤੋਂ ਗਿਲਾਸ ਫੜਦਿਆਂ ਮੈਂ ਕਿਹਾ, “ ਇਨਾ ਕੁ ਤਾਂ ਮੈਂਨੂੰ ਵੀ ਪਤਾ ਹੈ ਕਿ ਅੱਜ-ਕਲ ਦੀਆਂ ਕੁੜੀਆਂ ਵਿਚ ਕਾਫੀ ਤਬਦੀਲੀ ਆ ਗਈ ਆ।”
“ ਸਵਾਹ ਤਬਦੀਲੀ ਆਈ।” ਮਾਸੀ ਜੀ ਆਪ ਹੀ ਬੋਲੇ, “ ਸਹਿਨਸ਼ਕਤੀ ਭੋਰਾ ਨਹੀਂ ਹੁਣ ਦੀਆਂ ਕੁੜੀਆਂ ਵਿਚ।”
“ ਇਸ ਲਈ ਤਾਂ ਮੈਂ ਕਹਿੰਦਾ ਆਂ ਕਿ ਪੰਜਾਬ ਤੋਂ ਹੀ ਕੋਈ ਲੈ ਆਈਏ।” ਮੈਂ ਮਾਸੀ ਜੀ ਦੀ ਗੱਲ ਫੜਦਿਆਂ ਕਿਹਾ, “ ਇਥੇ ਦੀ ਤਾਂ ਗੱਲ ਹੀ ਛੱਡ ਦਿਉ, ਪੰਜਾਬ ਵੱਲ ਨਿਗਹਾ ਮਾਰੋ ਕੋਈ ਕੁੜੀ ਤੁਹਾਡੀਆਂ ਨਜ਼ਰਾਂ ਵਿਚ ਹੈਗੀ ਤਾਂ ਦੱਸੋ।”
ਪਤਾ ਨਹੀ ਪਹਿਲਾਂ ਤੋਂ ਹੀ ਮੇਰੇ ਮਨ ਵਿਚ ਪੰਜਾਬ ਤੋਂ ਹੀ ਕੁੜੀ ਨਾਲ ਵਿਆਹ ਕਰਵਾਉਣ ਦਾ ਇਰਾਦਾ ਕਿਉਂ ਬਣਿਆ? ਇਹ ਗੱਲ ਮੈਂ ਅਜੇ ਸੋਚ ਹੀ ਰਿਹਾ ਸੀ ਕਿ ਮਾਸੀ ਜੀ ਬੋਲ ਪਏ, “ ਆਹੋ, ਪੰਜਾਬ ਤੋਂ ਤਾਂ ਆਪੇ ਕੁੜੀ ਲੈਣੀ, ਬਾਹਰੋਂ ਗਏ ਮੁੰਡਿਆਂ ਅੱਗੇ ਸਹੁਣੀਆਂ ਕੁੜੀਆਂ ਦੀ ਲਾਈਨਾਂ ਜਿਉਂ ਲਗ ਜਾਂਦੀਆਂ ਆ, ਨਾਲੇ ਇਹ ਜ਼ਰੂਰੀ ਨਹੀ ਕਿ ਪੰਜਾਬ ਤੋਂ ਆਈ ਕੁੜੀ ਵਿਚ ਸਹਿਨਸ਼ਕਤੀ ਜ਼ਿਆਦਾ ਹੋਵੇਗੀ।
“ ਇਹ ਵੀ ਗੱਲ ਤੁਹਾਡੀ ਠੀਕ ਹੈ।” ਇਹ ਕਹਿ ਕੇ ਮੈ ਆਪਣੇ ਕਮਰੇ ਵਾਲੇ ਵਾਸ਼ਰੂਮ ਵਿਚ ਨਹਾਉਣ ਲਈ ਤੁਰ ਪਿਆ।ਮੈਂਨੂੰ ਮਹਿਸੂਸ ਹੋਇਆ ਕਿ ਜਿੱਥੇ ਸ਼ਾਵਰ ਦਾ ਕੋਸਾ ਕੋਸਾ ਪਾਣੀ ਮੇਰੇ ਕੰਮ ਦੀ ਥਕਾਵਟ ਲਾਹ ਰਿਹਾ ਸੀ, ਉੱਥੇ ਮੈਂਨੂੰ ਵਿਆਹ ਕਰਨ ਲਈ ਉਤਸ਼ਾਹਿਤ ਵੀ ਕਰ ਰਿਹਾ ਹੋਵੇ।ਗੱਲ ਕਿ ਬੰਦਾ ਜਿਸ ਪਾਸੇ ਸੋਚਣ ਲੱਗ ਜਾਵੇ ਫਿਰ ਚੁਗਿਰਦੇ ਵਿਚ ਜੋ ਵੀ ਵਾਪਰ ਰਿਹਾ ਹੋਵੇ, ਉਸ ਨੂੰ ਲੱਗਦਾ ਹੈ ਕਿ ਉਸ ਦੀ ਹੀ ਸੋਚ ਦਾ ਹਿੱਸਾ ਹੈ।
ਨਹਾ ਕੇ ਲੂਜ਼ ਜਿਹਾ ਸਵੈਟ ਸੂਟ ਪਾ ਕੇ ਬਾਹਰ ਆਇਆ ਤਾਂ ਡੈਡੀ ਵੀ ਕੰਮ ਤੋਂ ਆ ਚੁੱਕੇ ਸਨ।ਟੇਬਲ ‘ਤੇ ਪਏ ਚਾਹ ਦੇ ਕੱਪ ਨੂੰ ਹੱਥ ਪਾਇਆ ਹੀ ਸੀ ਕਿ ਉਹਨਾਂ ਤਿੰਨਾ ਨੇ ਮੈਂਨੂੰ ਫੈਂਸਲਾ ਸੁਣਾ ਦਿੱਤਾ ਕਿ ਇਸ ਹੀ ਨਵੰਬਰ ਵਿਚ ਇੰਡੀਆਂ ਜਾ ਕੇ ਤੇਰਾ ਵਿਆਹ ਕਰ ਦੇਣਾ ਹੈ।ਇਹ ਸੁਣ ਕੇ ਮੈਂ ਕੁਝ ਨਾ ਬੋਲਿਆ, ਪਰ ਮੇਰੀ ਚੁੱਪ ਨੇ ਦੱਸ ਦਿੱਤਾ ਕਿ ਸਤਬਚਨ ਹੈ।
ਚਾਹ ਦਾ ਪਹਿਲਾ ਘੁੱਟ ਭਰਿਆ ਤਾਂ ਚਾਹ ਮੈਨੂੰ ਅੱਗੇ ਨਾਲੋ ਵੱਧ ਸੁਆਦ ਲੱਗੀ। ਸ਼ਾਇਦ ਚਾਹ ਵੀ ਵਿਆਹ ਦੇ ਚਾਅ ਵਿਚ ਸੁਆਦ ਹੋ ਗਈ ਹੋਵੇ।
“ ਕਾਕਾ, ਇੰਨਾ ਦਿਨਾਂ ਵਿਚ ਡਟ ਕੇ ਕੰਮ ਕਰ ਲੈ।” ਡੈਡੀ ਦੀ ਇਸ ਗੱਲ ਨੇ ਮੇਰਾ ਧਿਆਨ ਖਿਚਿਆ, “ ਇੰਡੀਆ ਗਿਆ ਦਾ ਖਰਚ ਚੰਗਾ ਹੋ ਜਾਣਾ ਆ।”
“ ਭਾਈਆ ਜੀ , ਤੁਸੀਂ ਖਰਚ ਦਾ ਹੀ ਫਿਕਰ ਕਰੀ ਜਾਇਆ ਕਰੋ।” ਮੇਰੇ ਬੋਲਣ ਤੋਂ ਪਹਿਲਾਂ ਹੀ ਮਾਸੀ ਜੀ ਬੋਲੀ, “ ਸੁਖ ਨਾਲ ਮੁੰਡੇ ਨੇ ਇੰਨਾ ਪੈਸਾ ਕਮਾ ਕੇ ਘਰ-ਬਾਰ ਬਣਾਇਆ,ਹੁਣ ਕਿਸੇ ਗੱਲ ਦਾ ਘਾਟਾ, ਜੇ ਵਿਆਹ ‘ਤੇ ਵੱਧ ਵੀ ਖਰਚ ਹੋ ਗਿਆ ਤਾਂ ਵੀ ਕੀਆ।”
“ ਮੈਂ ਵੀ ਤਾਂ ਸੱਤੇ ਦਿਨ ਹੀ ਕੰਮ ਕਰਦਾ ਹਾਂ।” ਡੈਡੀ ਨੇ ਦੱਸਿਆ, “ ਕਦੀ ਕੋਈ ਖਰਚਾ ਨਹੀਂ ਕੀਤਾ ਸਾਰਾ ਇਸ ਨੂੰ ਹੀ ਲਿਆ ਕੇ ਦਈਦਾ।”
“ ਡੈਡੀ ਜੀ, ਇਹ ਸੱਭ ਤੁਸੀਂ ਆਪਣੀ ਮਰਜ਼ੀ ਨਾਲ ਕਰਦੇ ਹੋ।” ਮੈਂ ਕੁਕੀ (ਬਿਸਕੁਟ) ਚਾਹ ਵਿਚ ਡੋਬਦੇ ਕਿਹਾ, “ ਮੈਂ ਤਹਾਨੂੰ ਕਿਹਾ ਸੀ ਕਿ ਘਰ ਆਪਣੇ ਨਾਮ ਲਵਾ ਲਉ, ਤੁਸੀਂ ਆਪ ਹੀ ਨਹੀਂ ਮੰਨੇ।”
“ ਬਾਅਦ ਵਿਚ ਵੀ ਤਾਂ ਤੈਨੂੰ ਹੀ ਦੇਣਾ।” ਮੰਮੀ ਬੋਲੀ, “ ਤੇਰੇ ਵਿਚ ਕਿਹੜਾ ਕੋਈ ਐਬ ਆ ਜਿਹੜਾ ਤੂੰ ਗਵਾਉਣ ਲੱਗਾ, ਸਾਨੂੰ ਭਰੋਸਾ ਤੇਰੇ ਉੱਪਰ।”
“ ਇਹ ਗੱਲ ਸੱਚੀ ਆ।” ਮਾਸੀ ਨੇ ਮੰਮੀ ਦੀ ਗੱਲ ਦਾ ਹੁੰਗਾਰਾ ਭਰਿਆ, “ ਇਹ ਵੀ ਬਹੁਤ ਚੰਗਾ ਆ ਤੇ ਇਹਦੀ ਭੈਣ ਵੀ ਬਹੁਤ ਚੰਗੀ ਆ, ਪਿਛੱਲੇ ਹਫਤੇ ਦਰਸ਼ੀ ਦੀ ਸੱਸ ਮਿਲੀ ਸੀ ਗੁਰਦੁਆਰੇ, ਕਹਿੰਦੀ ਸੀ ਤੁਹਾਡੀ ਕੁੜੀ ਤਾਂ ਘਰ ਨੂੰ ਬਹੁਤ ਹੀ ਸੁਚੱਜੀ ਆ, ਕਿਹੜਾ ਕੰਮ ਆ ਜਿਹੜਾ ਉਹਨੂੰ ਨਹੀ ਆਉਂਦਾ।”
“ ਤੂੰ ਕਹਿਣਾ ਸੀ ਕਿ ਤੂੰ ਆਪ ਵੀ ਤਾਂ ਬਥੇਰੀ ਚੰਗੀ ਆ।” ਮੰਮੀ ਨੇ ਕਿਹਾ, “ ਦਰਸ਼ੀ ਦੱਸਦੀ ਸੀ ਕਿ ਮੰਮੀ ਨੇ ਮੇਰੇ ਨਾਲ ਕਦੇ ਫਰਕ ਨੇ ਪਾਇਆ, ਧੀ ਨਾਲੋਂ ਵੱਧ ਕੇ ਕਰਦੀ ਏ।”
“ ਉਹ ਤਾਂ ਮੈਨੂੰ ਪਤਾ ਆ।” ਮਾਸੀ ਦੱਸਣ ਲੱਗੀ , “ ਜਦੋਂ ਵੀ ਉਹਨਾਂ ਦੇ ਘਰ ਜਾਈਏ ਕਿਤੇ ਉਹਨੂੰ ਚਾਅ ਚੜ੍ਹ ਜਾਂਦਾ ਆ, ਪੁਰਾਣੇ ਇੰਡੀਆ ਤੋਂ ਆਏ ਹੋਏ ਆ, ਕਲੋਨੇ ਦੇ ਅੱਧੇ ਫਾਰਮ ਤਾਂ ਉਹਨਾਂ ਕੋਲ ਹੋਣੇ ਆ, ਜਾ ਤਾ ਕਿਤੇ ਆਕੜ ਜਾਂ ਹੰਕਾਰ ਉਹਨਾਂ ਦੇ ਕੋਲ ਦੀ ਵੀ ਲੰਘ ਜਾਏ।”
“ ਜ਼ਿਆਦਾ ਤਰ ਆਕੜ- ਹੰਕਾਰ ਉਹਨਾਂ ਕੋਲੋ ਹੀ ਹੁੰਦਾ ਆ ਜਿਹੜੇ ਖਾਲੀ ਹੋਣ।” ਡੈਡੀ ਜੀ ਆਪਣੀ ਫਿਲਾਉਸਫੀ ਦੱਸਣ ਲੱਗੇ, “ ਖਾਲੀ ਭਾਂਡਾ ਜ਼ਿਆਦਾ ਖੜਕਦਾ ਏ,ਦਰਸ਼ੀ ਦੀ ਸੱਸ ਤਾਂ ਆਪ ਇਹ ਕਹਿੰਦੀ ਹੁੰਦੀ ਆ ਕਿ ਫਲ ਨੀਵਿਆਂ ਰੁੱਖਾ ਨੂੰ ਹੀ ਲੱਗਦੇ ਆ।”
“ ਤੁਸੀ ਦਰਸ਼ੀ ਦੀ ਸੱਸ ਦੀਆਂ ਹੀ ਗੱਲਾਂ ਕਰੀ ਜਾਂਦੇ ਹੋ।” ਮੈਂ ਹਸਾਉਣ ਨਾਲ ਕਿਹਾ, “ ਮੇਰੀ ਸੱਸ ਕਿਦਾਂ ਦੀ ਹੋਵੇਗੀ ਉਹ ਦੀ ਵੀ ਕੋਈ ਗੱਲ ਕਰ ਲਉ।”
ਮੇਰੀ ਗੱਲ ਸੁਣ ਕੇ ਤਿੰਨੇ ਹੱਸ ਪਏ ਅਤੇ ਮੰਮੀ ਬੋਲੇ, “ ਚਾਹੁੰਦੇ ਤਾਂ ਅਸੀ ਇਹ ਹੀ ਆ ਕਿ ਹੁਣ ਵੀ ਚੰਗੇ ਰਿਸ਼ਤੇਦਾਰਾਂ ਨਾਲ ਹੀ ਵਾਹ ਪਵੇ, ਅੱਗੇ ਭਾਗ ਆਪਣੇ ਆਪਣੇ ਕਿ…।”
“ ਥੋੜ੍ਹੀ ਬਹੁਤੀ ਤਾਂ ਭਾਗਾਂ ਦੀ ਵੀ ਗੱਲ ਹੋਵੇਗੀ।” ਮਾਸੀ ਜੀ ਨੇ ਚਾਹ ਦਾ ਆਖਰੀ ਘੁੱਟ ਕੱਪ ਵਿਚੋਂ ਭਰਦੇ ਕਿਹਾ, “ ਪਰ ਮੇਰੀ ਸਸੂ ਮਾਂ ਕਹਿੰਦੀ ਹੁੰਦੀ ਸੀ ਕਿ ਮੱਝ ਹਮੇਸ਼ਾ ਲਾਣੇ ਦੀ ਅਤੇ ਧੀ ਘਰਾਣੇ ਦੀ ਹੀ ਲੈਣੀ ਚਾਹੀਦੀ ਆ।”
ਇਸੇ ਵਿਸ਼ੇ ਉੱਪਰ ਉਹ ਹੋਰ ਡੂੰਘੀਆਂ ਗੱਲਾ ਕਰਨ ਲੱਗ ਪਏ ਜਿਵੇ ਅਕਲ ਵਾਲੀਆਂ ਨੂੰਹਾਂ ਅਤੇ ਸੱਸਾਂ ਕਿਸ ਤਰਾਂ ਦੀਆਂ ਹੁੰਦੀਆਂ, ਸੱਸ ਨੂੰ ਉਹ ਕਰਨਾ ਚਾਹੀਦਾ ਏ, ਨੂੰਹ ਨੂੰ ਇਹ ਆਦਿ।ਇਹਨਾਂ ਗੱਲਾਂ ਤੋਂ ਮੈਨੂੰ ਬੋਰੀਅਤ ਜਿਹੀ ਮਹਿਸੂਸ ਹੋਈ ਤਾਂ ਮੈਂ ਜਿਮ ਵੱਲ ਗੇੜਾ ਮਾਰਨ ਲਈ ਉਠਿਆ।
“ ਬਹਿ ਜਾ।” ਮਾਸੀ ਜੀ ਬੋਲੀ, “ ਅੱਗੇ ਤੇਰੇ ਇਹ ਹੀ ਗੱਲਾਂ ਕੰਮ ਆਉਣੀਆਂ।”
“ ਮੇਰੇ ਕਿਵੇ ਕੰਮ ਆਉਣੀਆਂ।” ਮੈਂ ਹੱਸ ਕੇ ਕਿਹਾ, “ ਮੈਂ ਨਾ ਸੱਸ ਹਾਂ ਨਾ ਨੂੰਹ ਹਾਂ।”
“ ਕੱਲ੍ਹ ਨੂੰ ਜੇ ਕਿਤੇ ਤੇਰੀ ਮਾਂ ਅਤੇ ਵਹੁਟੀ ਲੜ ਪਈਆਂ ਤਾਂ ਪਤਾ ਲੱਗ ਜਾਵੇਗਾ ਕਸੂਰ ਕਿਸ ਦਾ ਹੈ।”
ਡੈਡੀ ਜੀ ਨੇ ਵੀ ਮੇਰੇ ਵਾਂਗ ਹੱਸ ਕੇ ਕਿਹਾ, “ ਫੈਂਸਲਾ ਕਰਨਾ ਸੌਖਾ ਹੋਵੇਗਾ।”
“ ਮਕਾਨ ਬਣੇ ਨਹੀਂ ਪਰਨਾਲੇ ਪਹਿਲਾਂ ਰੱਖ ਲਉ।” ਮੰਮੀ ਨੇ ਟੇਬਲ ਤੋਂ ਜੂਠੇ ਕੱਪਾਂ ਦੀ ਟਰੇਅ ਚੁੱਕਦੇ ਕਿਹਾ, “ ਅੱਜ-ਕਲ੍ਹ ਦੀਆਂ ਸੱਸਾਂ ਨੂੰਹਾਂ ਨਹੀਂ ਲੜਦੀਆਂ।”
“ ਹਾਅ ਗੱਲ ਰਹਿਣ ਦੇ ਭੈਣ ਜੀ।” ਇਹ ਗੱਲ ਕਹਿ ਕੇ ਮਾਸੀ ਤਾਂ ਕਈ ਕਹਾਣੀਆਂ ਦੱਸਣ ਲੱਗ ਪਈ।ਮੈਂ ਇਹ ਸਾਰੀਆਂ ਗੱਲਾਂ ਅਣਸੁਣੀਆਂ ਕਰਦਾ ਘਰ ਤੋਂ ਬਾਹਰ ਨਿਕਲ ਗਿਆ।
ਕੰਮ ਤੇ ਆਉਣ-ਜਾਣ ਨਾਲ ਪਤਾ ਹੀ ਨਾ ਲੱਗਾ ਕਦੋਂ ਨਵੰਬਰ ਦਾ ਮਹੀਨਾ ਵੀ ਆ ਗਿਆ।ਦੌੜ-ਭੱਜ ਹੋਰ ਵੱਧ ਗਈ।ਖ੍ਰੀਦਦਾਰੀ ਕਰ, ਵੀਜ਼ਾ ਲਵਾ ਅਤੇ ਟਿਕਟਾਂ ਲੈ ਜ਼ਹਾਜ਼ ਵਿਚ ਜਾ ਚੜ੍ਹੇ।ਜ਼ਹਾਜ਼ ਵਿਚ ਮੰਮੀ ਨੇ ਮੈਨੂੰ ਦੱਸਿਆ, “ ਤੇਰੇ ਮਾਮੇ ਨੇ ਦੋ ਤਿੰਨ ਕੁੜੀਆਂ ਦੇਖ ਰੱਖੀਆਂ, ਚੁਨਣੀ ਤੂੰ ਹੈ।” ਇਸ ਸਬੰਧ ਵਿਚ ਮੈਂ ਅਜੇ ਬੋਲਿਆ ਵੀ ਨਹੀਂ ਸੀ ਕਿ ਡੈਡੀ ਵੀ ਬੋਲ ਉੱਠੇ, “ ਤੇਰੀ ਭੂਆ ਨੇ ਵੀ ਕੁੜੀਆਂ ਦੇਖੀਆਂ,ਜਾ ਕੇ ਦੱਸ ਦੇਈਂ ਕਿਹੜੀ ਠੀਕ ਆ।”
ਇਹ ਸਾਰੀਆਂ ਗੱਲਾਂ ਸੁਣ ਮੈਂ ਉ.ਕੇ, ਉ.ਕੇ ਕਰਦਾ ਜ਼ਹਾਜ਼ ਵਿਚ ਕੰਮ ਕਰਦੀਆ ਏਅਰਹੋਸਟਸ ਵੱਲ ਦੇਖ ਕੇ ਮੁਸਕ੍ਰਾਈ ਗਿਆ,ਹੋ ਸਕਦਾ ਹੈ ਇਹਨਾਂ ਵਰਗੀ ਹੀ ਜੀਵਨ-ਸਾਥਣ ਮਿਲ ਜਾਵੇ।
ਦਿਲੀ ਪਹੁੰਚਦਿਆਂ ਹੀ ਮੇਰੀ ਮੁਸਕ੍ਰਾਟ ਨੇ ਗੰਭੀਰ ਰੂਪ ਧਾਰਨ ਕਰ ਲਿਆ, ਕਿਉਂਕਿ ਏਅਰਪੋਰਟ ‘ਤੇ ਕੰਮ ਕਰਨ ਵਾਲਿਆਂ ਦਾ ਫਿਕਾ ਵਰਤਾਉ ਮੈਨੂੰ ਤੰਗ ਕਰ ਰਿਹਾ ਸੀ। ਦੂਜਾ ਨਵੰਬਰ ਦਾ ਮਹੀਨਾ ਹੋਣ ਕਾਰਨ 1984 ਦੀ ਨਵੰਬਰ ਯਾਦ ਆ ਗਈ।ਮੇਰਾ ਮੂੰਹ ਦੇਖ ਕੇ ਡੈਡੀ ਨੇ ਕਹਿ ਵੀ ਦਿੱਤਾ, “ ਕੀ ਗੱਲ ਉਦਾਸ ਕਿਉਂ ਹੋ ਗਿਆ, ਦੇਸ਼ ਪਹੁੰਚਣ ‘ਤੇ ਸਗੋਂ ਖੁਸ਼ ਹੋਣਾ ਚਾਹੀਦਾ ਏ।”
“ ਜਿਸ ਦੇਸ਼ ਵਿਚ ਸੱਚ ਨੂੰ ਫਾਂਸੀਆਂ ਅਤੇ ਠੱਗਾਂ ਨੂੰ ਕੁਰਸੀਆਂ ਮਿਲਦੀਆਂ ਹੋਣ,ਉੱਥੇ ਪਹੁੰਚਣ ਵਿਚ ਕੀ ਚਾਅ ਤੇ ਕੀ ਖੁਸ਼ੀ।” ਮੈਂ ਕਠੋਰ ਅਵਾਜ਼ ਵਿਚ ਡੈਡੀ ਵਲੋਂ ਹੀ ਵਰਤੀ ਜਾਂਦੀ ਕਹਾਵਤ ਵਰਤੀ, “ਨੰਗਾ ਨਾਊਗਾ ਕੀ ਤੇ ਨਚੋੜੂਗਾ ਕੀ।”
ਮੇਰੀ ਗੱਲ ਉੱਪਰ ਡੈਡੀ ਵਿਅੰਗਮਈ ਮੁਸਕ੍ਰਾਏ, ਪਤਾ ਨਹੀਂ ਮੇਰੇ ਵਲੋਂ ਪਾਈ ਗਈ ਕਹਾਵਤ ਉੱਪਰ ਜਾਂ ਦੇਸ਼ ਦੇ ਭ੍ਰਿਸ਼ਟ ਢਾਂਚੇ’ਤੇ।ਮੰਮੀ ਕੁਝ ਬੋਲਣਾ ਚਾਹੁੰਦੇ ਸਨ, ਪਰ ਸਾਹਮਣੇ ਮੇਰੇ ਚਾਚੇ ਦਾ ਮੁੰਡਾ ਹਰਜੀਤ ਦਿਸ ਪਿਆ। ਸੱਭ ਦਾ ਧਿਆਨ ਉਸ ਵੱਲ ਹੋ ਗਿਆ। ਉਸ ਦੀ ਵੈਨ ਵਿਚ ਬੈਠ ਪਿੰਡ ਵੱਲ ਚਾਲੇ ਪਾ ਦਿੱਤੇ।
ਇਕ-ਦੋ ਦਿਨ ਬਾਅਦ ਹੀ ਜਿਸ ਮਕਸਦ ਲਈ ਪਿੰਡ ਗਏ ਸਾਂ ਸ਼ੁਰੂ ਹੋ ਗਿਆ।ਦੋ-ਚਾਰ ਕੁੜੀਆਂ ਦੇਖੀਆਂ ਵੀ।ਘਰ ਦੇ ਕੁੜੀ ਦੀ ਅਕਲ ਉੱਪਰ ਜ਼ੋਰ ਦੇ ਰਹੇ ਸਨ,ਪਰ ਮੈਂ ਸ਼ਕਲ ‘ਤੇ।ਸਾਡੇ ਇਲਾਕੇ ਤੋਂ ਦੂਰ –ਦੁਰੇਡੇ ਸ਼ਹਿਰ ਤੋਂ ਇਕ ਰਿਸ਼ਤੇ ਦੀ ਦਸ ਪਈ।ਸ਼ਹਿਰ ਦੇ ਹੋਟਲ ਵਿਚ ਹੀ ਦੇਖ-ਦਿਖਾਈ ਪ੍ਰੋਗਰਾਮ ਬਣ ਗਿਆ। ਕੁੜੀ ਦੀ ਸ਼ਕਲ ਤਾਂ ਸੋਹਣੀ ਸੀ ਹੀ ਫੈਸ਼ਨ ਵੀ ਅੱਤ ਦਾ ਸੀ।ਗੱਲ-ਬਾਤ ਹੋਈ ਤਾਂ ਪੰਜਾਬੀ ਨਾਲੋਂ ਇੰਗਲਿਸ਼ ਦੇ ਸ਼ਬਦ ਜ਼ਿਆਦਾ ਬੋਲੇ।ਸੋਚਿਆ ਇਹ ਵੀ ਵਧੀਆ।ਕੈਨੇਡਾ ਦੇ ਕੰਮ-ਕਾਰ ਵਿਚ ਇੰਗਲਸ਼ ਹੀ ਕੰਮ ਆਉਂਦੀ ਆ।ਕੁੜੀ ਪਸੰਦ ਦੀ ਹਾਮੀ ਭਰਨ ਲਈ ਮੰਮੀ ਦੇ ਕੰਨ ਨੇੜੇ ਹੋ ਕੇ ਕਿਹਾ, “ ਠੀਕ ਆ।” ਮੇਰੀ ਹਾਮੀ ਸੁਣ ਕੇ ਵੀ ਡੈਡੀ ਨੇ ਕਿਹਾ, “ ਘਰ ਜਾ ਕੇ ਸਲਾਹ ਕਰਕੇ ਦੱਸਾਂਗੇ।”
“ ਪਿੰਡ ਮੁੜਦੇ ਸਮੇਂ ਮੈਂ ਰਸਤੇ ਵਿਚ ਹੀ ਪੁੱਛਿਆ, “ ਕੁੜੀ ਤਾਂ ਠੀਕ ਸੀ, ਸਲਾਹ ਕਾਹਦੀ ਕਰਨੀ ਆ।”
“ ਕੁੜੀ ਬਹੁਤ ਤੇਜ਼ ਲੱਗਦੀ ਆ।” ਮੰਮੀ ਨੇ ਆਪਣੀ ਜ਼ਿੰਦਗੀ ਦੇ ਤਜ਼ਰਬੇ ‘ਤੇ ਕਿਹਾ, “ ਉਹ ਤਾਂ ਇੱਥੇ ਹੀ ਵਾਲ ਕਟਵਾਈ ਫਿਰਦੀ ਆ,ਕੈਨੇਡਾ ਜਾ ਕੇ ਕੀ ਕਰੇਗੀ।”
“ ਮੈਨੂੰ ਵੀ ਉਸ ਵਿਚ ਅਸਲੀਅਤ ਘੱਟ ਅਤੇ ਦਿਖਾਵਾ ਜ਼ਿਆਦਾ ਲੱਗਾ।” ਡੈਡੀ ਨੇ ਆਪਣਾ ਖਿਆਲ ਦੱਸਿਆ, “ ਸਮਾਈਲ ਤਾਂ ਉਹਦੇ ਮੂੰਹ ਉੱਪਰ ਬਿਲਕੁਲ ਨਹੀਂ ਸੀ।”
“ ਤਹਾਨੂੰ ਉਦਾ ਹੀ ਲੱਗਦਾ।” ਮੈਂ ਬੋਲਿਆ, “ ਜ਼ਰਾ ਮੋਡਰਨ ਆ।”
ਮੈਂ ਉਸ ਦੀ ਸੁੰਦਰਤਾ ਦੇ ਅਧੀਨ ਬੋਲ ਰਿਹਾ ਸੀ। ਉਸ ਦੇ ਹਸੀਨ ਚਿਹਰੇ ਨੇ ਜਿਵੇਂ ਉਸ ਦੇ ਸੱਭ ਐਬ ਢੱਕ ਲਏ ਹੋਣ,ਮੈਨੂੰ ਕੋਈ ਵੀ ਭੈੜ ਨਜ਼ਰ ਨਹੀਂ ਆਇਆ।ਮੇਰੀ ਗੱਲ ਸੁਣ ਕੇ ਜਦੋਂ ਮੰਮੀ ਡੈਡੀ ਚੁੱਪ ਰਹੇ ਤਾਂ ਮੈਂ ਫਿਰ ਬੋਲਿਆ, “ਸੂਰਤ ਤਾਂ ਬਥੇਰੀ ਸੋਹਣੀ ਆ।”
“ ਸੁੰਦਰਤਾ ਨਾਲੋਂ ਸੀਰਤ ਸੁਹਣੀ ਹੋਵੇ ਤਾਂ ਜ਼ਿੰਦਗੀ ਵੀ ਸੁਹਣੀ ਨਿਕਲਦੀ ਆ।” ਡੈਡੀ ਨੇ ਕਿਹਾ, “ ਸੋਹਣੀ ਸੂਰਤ ਨੂੰ ਤਾਂ ਜਵਾਨੀ ਵੇਲੇ ਹੀ ਸਲਾਮਾਂ ਹੁੰਦੀਆਂ ਨੇ, ਜੇ ਸੀਰਤ ਸੋਹਣੀ ਹੋਵੇ ਤਾਂ ਸਾਰੀ ਉਮਰ ਹੁੰਦੀਆਂ ਨੇ।”
ਭਾਂਵੇ ਮੈਨੂੰ ਉਸ ਕੁੜੀ ਦੀ ਸੀਰਤ ਬਾਰੇ ਕੁਝ ਵੀ ਨਹੀਂ ਸੀ ਪਤਾ ਫਿਰ ਵੀ ਕਹਿ ਦਿੱਤਾ, “ ਜੇ ਸੂਰਤ ਦੇ ਨਾਲ ਸੀਰਤ ਵੀ ਵਧੀਆ ਹੋਵੇ ਫਿਰ?
“ਫਿਰ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ।” ਡੈਡੀ ਨੇ ਕਿਹਾ, “ ਪਰ ਸੀਰਤ ਦਾ ਤਾਂ ਵਾਹ ਪੈਣ ਨਾਲ ਹੀ ਪਤਾ ਲੱਗਦਾ ਆ।”
ਘਰ ਜਾ ਕੇ ਵੀ ਡੈਡੀ ਮੰਮੀ ਨੇ ਸਮਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ, ਪਰ ਮੈਂ ਟੱਸ ਤੋਂ ਮਸ ਨਾ ਹੋਇਆ ਅਤੇ ਕਹਿ ਦਿੱਤਾ ਕੇ ਮੈਂ ਤਾਂ ਇਸ ਕੁੜੀ ਨਾਲ ਹੀ ਵਿਆਹ ਕਰਵਾਉਣਾ।ਸੋ ਵਿਆਹ ਹੋ ਗਿਆ।ਵਿਆਹ ਦੇ ਚਾਅ ਵਿਚ ਕਈ ਥਾਵਾਂ ਤੇ ਉਸ ਨੂੰ ਘੁੰਮਾਇਆ। ਛੇਤੀ ਹੀ ਆਗਰਾ- ਦਿੱਲੀ ਫਿਰ ਕੇ ਰਾਜਸਥਾਨ ਵੀ ਜਾ ਪਹੁੰਚੇ।ਉਸ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਦੀ ਮਿਠਾਸ ਵਿਚ ਗਲਤਾਨ ਹੋ ਕੇ ਘਰਦਿਆਂ ਨੂੰ ਥੋੜ੍ਹਾ ਅੱਖੋਂ-ਪਰੋਖੇ ਕਰਦਾ ਵਾਪਸ ਕੈਨੇਡਾ ਆ ਪਹੁੰਚਿਆ।ਪੰਜਾਬ ਤੋਂ ਵਾਪਸ ਆ ਕੇ ਮੈਂ ਤੇ ਡੈਡੀ ਹੋਰ ਵੀ ਮਿਹਨਤ ਨਾਲ ਕੰਮ ਕਰਨ ਲੱਗੇ।
ਉਸ ਦਿਨ ਡੈਡੀ ਬਾਰਾਂ ਘੰਟੇ ਕੰਮ ਕਰਕੇ ਘਰ ਪਹੁੰਚੇ ਤਾਂ ਮੈਂ ਕਿਹਾ, “ ਡੈਡੀ ਤੁਸੀਂ ਇੰਨੇ ਘੰਟੇ ਨਾ ਕੰਮ ਕਰਿਆ ਕਰੋ।”
“ ਮੈਂ ਚਾਹੁੰਦਾ ਆਂ ਕਿ ਬਹੂ ਦੇ ਆਉਣ ਤਕ ਤੇਰਾ ਘਰ ਫਰੀ ਹੋ ਜਾਵੇ।” ਡੈਡੀ ਨੇ ਕਿਹਾ, “ ਬਸ ਤੁਸੀਂ ਖੁਸ਼ ਰਹੋ ਕਿਸੇ ਗੱਲ ਦਾ ਭਾਰ ਨਾ ਹੋਵੇ।”
“ ਪਹਿਲਾਂ ਭਾਂਵੇ ਤੁਸੀਂ ਤੇ ਮੰਮੀ ਇਸ ਰਿਸ਼ਤੇ ਨੂੰ ਪਸੰਦ ਨਹੀਂ ਸੀ ਕਰਦੇ।” ਮੈਂ ਪੁਰਾਣੀ ਗੱਲ ਯਾਦ ਕਰਵਾਉਂਦਿਆਂ ਕਿਹਾ, “ ਪਰ ਹੁਣ ਖੁਸ਼ ਲੱਗਦੇ ਹੋ।”
“ ਕਾਕਾ, ਜੇ ਤੂੰ ਖੁਸ਼ ਤਾਂ ਅਸੀਂ ਵੀ ਖੁਸ਼।” ਮੰਮੀ ਨੇ ਡੈਡੀ ਦੀ ਲੰਚਕਿਟ ਵਿਚੋਂ ਭਾਂਡੇ ਕੱਢਦੇ ਕਿਹਾ, “ ਤੇਰੀ ਖੁਸ਼ੀ ਵਿਚ ਹੀ ਸਾਡੀ ਖੁਸ਼ੀ ਆ।”
“ ਹੁਣ ਸੰਝਦੀਪ ਛੇਤੀ ਆ ਜਾਏ।” ਡੈਡੀ ਨੇ ਸੋਫੇ ਉੱਪਰ ਬੈਠਦਿਆਂ ਕਿਹਾ, “ਜਿਸ ਦਿਨ ਉਸ ਨੇ ਆਉਣਾ ਆ, ਉਸ ਦਿਨ ਵੱਡੀ ਪਾਰਟੀ ਦਾ ਇੰਤਜਾਮ ਕਰਾਂਗੇ।”
“ ਪਹਿਲਾਂ ਰੀਲੈਕਸ ਹੋ ਕੇ ਬੈਠੋ।” ਮੈਂ ਕਿਹਾ, “ ਆਪਣੀ ਪੱਗ ਲਾਹ ਲਉ।”
“ ਪੱਗ ਲਾਹ ਲਉ ਨਹੀਂ ਕਹੀਦਾ।” ਮੰਮੀ ਨੇ ਟੋਕਿਆ, “ ਪੱਗ ਵਧਾ ਲਉ ਕਹੀਦਾ, ਨਾਲੇ ਮੈਂ ਤਾਂ ਪਹਿਲਾਂ ਗੁਰਦੁਆਰੇ ਕੀਰਤਨ ਕਰਵਾਉਣਾ,ਮੈਂ ਤਾਂ ਕੱਲ ਗੁਰਦੁਆਰੇ ਭਾਈ ਜੀ ਨੂੰ ਪੁੱਛ ਵੀ ਆਈ ਕਿ ਅਗਲੇ ਮਹੀਨੇ ਦੇ ਅਖੀਰ ਵਿਚ ਸੰਝਦੀਪ ਨੇ ਆ ਜਾਣਾ ਹੈ, ਉਦੋਂ ਜੇ ਕੋਈ ਵੀਕਐਂਡ ਵਿਹਲਾ ਹੈ ਤਾਂ ਸਾਨੂੰ ਦੇ ਦਿਉ, ਭਾਈ ਜੀ ਨੇ ਐਤਵਾਰ ਦਾ ਦਿਨ ਦੱਸਿਆ,ਉਹ ਮੈਂ ਲਿਖਵਾ ਆਈ।”
“ ਪਾਰਟੀ ਵੀ ਕਰ ਲਿਉ ਅਤੇ ਕੀਰਤਨ ਵੀ ਕਰਵਾ ਲਿਉ।” ਮੈਂ ਗੱਲ ਨਿਬੇੜ ਦਿਆਂ ਕਿਹਾ, “ ਮੰਮੀ ਰੋਟੀ ਪਕਾ ਦਿਉ ਭੁੱਖ ਲੱਗੀ ਆ।”
ਫੋਨ ਉੱਪਰ ਮੇਰੀ ਅਤੇ ਸੰਝਦੀਪ ਦੀ ਗੱਲ-ਬਾਤ ਹੁੰਦੀ ਰਹਿੰਦੀ। ਜਦੋਂ ਉਸ ਨੇ ਦੱਸਿਆ ਕਿ ਉਸ ਨੂੰ ਵੀਜ਼ਾ ਮਿਲ ਗਿਆ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।
ਜਿਸ ਦਿਨ ਉਸ ਨੇ ਉਤਰਨਾ ਸੀ, ਉਸ ਦਿਨ ਅਸੀਂ ਸਾਰੇ ਤੜਕੇ ਹੀ ਉਠ ਗਏ।ਘਰ ਦੀ ਸਫਾਈ ਕਰਕੇ ਦੁਲਹਣ ਵਾਂਗ ਹੀ ਸਜਾ ਦਿੱਤਾ।
ਏਅਰਪੋਰਟ ਨੂੰ ਤੁਰਨ ਹੀ ਲੱਗੇ ਸਾਂ ਕਿ ਡੈਡੀ ਦੇ ਡੈਲਟੇ ਵਾਲੇ ਚਾਚਾ ਜੀ ਦਾ ਫੋਨ ਆ ਗਿਆ, “ ਮੈਂ ਅੱਜ ਸ਼ਾਮ ਨੂੰ ਤੁਹਾਡੇ ਵੱਲ ਗੇੜਾ ਮਾਰਾਂਗਾ।”
“ ਚਾਚਾ ਜੀ ਅੱਜ ਤੁਹਾਡੀ ਪੋਤ ਨੂੰਹ ਵੀ ਆ ਰਹੀ।” ਡੈਡੀ ਨੇ ਆਪਣੀ ਖੁਸ਼ੀ ਵੰਡ ਦੇ ਕਿਹਾ, “ ਸ਼ਾਮ ਦੀ ਰੋਟੀ ਸਾਡੇ ਵੱਲ ਹੀ ਖਾਇਉ”
“ਹਲਾ, ਵਧਾਂਈਆਂ ਹੋਣ।” ਫੋਨ ਦਾ ਸਪਕੀਰ ਔਨ ਕਾਰਨ ਵਧਾਈਆਂ ਮੇਰੇ ਕੰਨਾਂ ਤੱਕ ਵੀ ਪੁਜ ਗਈਆਂ।
ਚਾਂਈ ਚਾਂਈ ਸੰਝਦੀਪ ਨੂੰ ਘਰ ਲੈ ਕੇ ਆਏ।ਸ਼ਾਮ ਹੋਣ ਤੋਂ ਪਹਿਲਾਂ ਹੀ ਮੰਮੀ ਨੇ ਬਹੁਤ ਹੀ ਪਿਆਰ ਨਾਲ ਸੰਝਦੀਪ ਨੂੰ ਕਿਹਾ, “ ਪੁੱਤ, ਸ਼ਾਮ ਨੂੰ ਤੇਰੇ ਡੈਡੀ ਦੇ ਚਾਚਾ ਜੀ ਆ ਰਹੇ ਨੇ, ਉਹਨਾਂ ਦੇ ਸਾਹਮਣੇ ਸਿਰ ਢੱਕ ਲਈ।”
“ ਮੈਂ ਤਾਂ ਸਿਰ ਕਦੇ ਇੰਡੀਆਂ ਵਿਚ ਨਹੀਂ ਸੀ ਢੱਕਿਆ।” ਸੰਝਦੀਪ ਨੇ ਇੱਕਦਮ ਕਿਹਾ, “ ਕੈਨੇਡਾ ਵਿਚ ਇਸ ਤਰਾਂ ਦੇ ਪਿਛਾਂਹ-ਖਿਚੂ ਲੋਕ ਵੀ ਨੇ।”
ਮੰਮੀ ਨੇ ਮੇਰੇ ਮੂੰਹ ਵੱਲ ਦੇਖਿਆ ਤਾਂ ਮੈਂ ਕਿਹਾ, “ ਦੀਪ, ਥੋੜ੍ਹੀ ਦੇਰ ਦੀ ਤਾਂ ਗੱਲ ਆ,ਸਿਆਣੇ ਗੁਰਸਿੱਖ ਆ, ਉਹਨਾਂ ਨੂੰ ਸਿਰ ਢੱਕਿਆ ਚੰਗਾ ਲੱਗਦਾ ਏ।”
ਬੋਲੀ ਤਾਂ ਕੁਝ ਨਾ, ਪਰ ਜਦੋਂ ਚਾਚਾ ਜੀ ਆਏ ਤਾਂ ਉਸ ਨੇ ਅੱਧ-ਪਚੱਧਾ ਜਿਹਾ ਸਿਰ ਢੱਕ ਲਿਆ।
ਸੰਝਦੀਪ ਦੀ ਆਈ ਦੇ ਚਾਅ ਵਿਚ ਕੀਤੇ ਪ੍ਰੋਗਰਾਮ ਜਦੋਂ ਖਤਮ ਹੋ ਗਏ ਤਾਂ ਜ਼ਿੰਦਗੀ ਆਮ ਵਾਂਗ ਫਿਰ ਹੋ ਗਈ।ਸੰਝਦੀਪ ਵੀ ਕੰਮ ਉੱਪਰ ਜਾਣ ਲੱਗ ਪਈ। ਜਿੰਨੇ ਪੈਸੇ ਕਮਾ ਕੇ ਲਿਆਉਂਦੀ ਉਸ ਤੋਂ ਵੱਧ ਕੇ ਖਰਚ ਕਰ ਦਿੰਦੀ।ਮੈਂ ਤਾਂ ਉਸ ਨੂੰ ਕੀ ਟੋਕਣਾ ਸੀ ਮੰਮੀ ਨੇ ਵੀ ਸਿਰ ਢੱਕਣ ਦੀ ਗੱਲ ਤੋਂ ਬਾਅਦ ਕਦੇ ਕੁਝ ਨਹੀਂ ਕਿਹਾ।ਕਿਚਨ ਦੇ ਕੰਮ ਵਿਚ ਵੀ ਜੇ ਸੰਝਦੀਪ ਦਾ ਦਿਲ ਕਰਦਾ ਤਾਂ ਹੈਲਪ ਕਰਵਾ ਦਿੰਦੀ ਨਹੀਂ ਤਾਂ ਮੰਮੀ ਆਪ ਹੀ ਸਾਰਾ ਕੰਮ ਕਰ ਲੈਂਦੇ।
ਪੰਜਾਬ ਤੋਂ ਜਦੋਂ ਵੀ ਉਸ ਦੇ ਮਾਪਿਆਂ ਦਾ ਫੋਨ ਆਉਂਦਾ ਪਹਿਲੀ ਗੱਲ ਇਹ ਹੀ ਹੁੰਦੀ ਕਿ ਸਾਡੀ ਚਿੱਠੀ ਛੇਤੀ ਭਰ ਦਿਉ।ਸੰਝਦੀਪ ਨੇ ਚਿੱਠੀ ਭਰਨ ਤੋਂ ਦੋ ਦਿਨ ਬਾਅਦ ਮੈਂਨੂੰ ਕਿਹਾ, “ ਇਕ ਖੁਸ਼ਖਬਰੀ ਦਸਾਂ।”
“ਦਸ।” ਮੈਂ ਉਤਾਵਲੇ ਹੋ ਕੇ ਕਿਹਾ, “ਕੀ ਖੁਸ਼ਖਬਰੀ ਆ।”
“ ਮੈਂ ਪਰੈਗਨਿਟ ਆਂ।”
“ ਉਹ ਬੱਲੇ ਬੱਲੇ।” ਇਹ ਕਹੰਦਿਆਂ ਮੈਂ ਖੁਸ਼ੀ ਵਿਚ ਉਸ ਨੂੰ ਚੁੱਕ ਲਿਆ।
ਡਾਕਟਰ ਨੇ ਦੱਸਿਆ ਕਿ ਬੱਚੇ ਜੌੜੇ ਨੇ ਸੱਭ ਕੁਝ ਠੀਕ-ਠਾਕ ਆ।ਇਹਨਾਂ ਦਿਨਾਂ ਵਿਚ ਸੰਝਦੀਪ ਕੰਪਿਊਟ ਉੱਪਰ ਹੀ ਜ਼ਿਆਦਾ ਬੈਠੀ ਰਿਹਾ ਕਰੇ।ਕਈ ਵਾਰੀ ਮੈਂ ਕਹਿਣਾ, “ ਕੰਪਿਊਟਰ ਤੇ ਬੈਠਣਾ ਠੀਕ ਨਹੀ।”
“ ਮੈਨੂੰ ਪਤਾ ਹੈ, ਕੀ ਠੀਕ ਹੈ ਅਤੇ ਕੀ ਨਹੀਂ।” ਉਹ ਗੁੱਸੇ ਵਿਚ ਬੋਲੀ, “ ਤੁਸੀ ਆਪਣੇ ਕੰਮ ਨਾਲ ਮਤਲੱਬ ਰੱਖਿਆ ਕਰੋ।”
ਇਸ ਗੱਲ ‘ਤੇ ਮੈਨੂੰ ਗੁੱਸਾ ਤਾਂ ਬਹੁਤ ਆਇਆ।ਪਰੈਗਨੈਸੀ ਦੌਰਾਨ ਕਈ ਵਾਰੀ ਔਰਤਾਂ ਦੇ ਮੂਡ ਬਦਲ ਜਾਂਦੇ ਨੇ। ਇਹ ਸੋਚ ਕੇ ਗੁੱਸਾ ਮੈਂ ਆਪ ਹੀ ਪੀ ਗਿਆ।
ਪਰ ਸੰਝਦੀਪ ਨੇ ਆਪਣਾ ਉਹ ਹੀ ਵਿਵਹਾਰ ਰੱਖਿਆ। ਕੰਪਿਊਟਰ ਉੱਪਰ ਬੈਠਣਾ ਅੱਗੇ ਨਾਲੋਂ ਵੀ ਵੱਧ ਗਿਆ,ਪਰ ਸਬਰ ਰੱਖਦਾ ਦਿਨ ਕੱਟੀ ਗਿਆ।
ਜਿਸ ਦਿਨ ਰੱਬ ਨੇ ਇੱਕ ਕਾਕਾ ਅਤੇ ਇਕ ਗੁੱਡੀ ਮੇਰੀ ਝੋਲੀ ਵਿਚ ਪਾਏ, ਮੇਰੀ ਖੁਸ਼ੀ ਦਾ ਅੰਤ ਨਾ ਰਿਹਾ।ਥੋੜੇ ਦਿਨਾਂ ਬਾਅਦ ਬੱਚਿਆ ਦੇ ਨਾਨਕੇ ਵੀ ਆ ਗਏ।ਕਾਫੀ ਦਿਨ ਸੱਭ ਅੱਛਾ ਹੈ ਚੱਲਦਾ ਰਿਹਾ।
ਥੋੜੇ ਦਿਨਾਂ ਬਾਅਦ ਹੀ ਸੰਝਦੀਪ ਨੇ ਲੜਾਈ ਪਾ ਲਈ, “ ਮੇਰੇ ਮਾਂ-ਬਾਪ ਤੇਰੇ ਮੰਮੀ ਡੈਡੀ ਦੇ ਸਾਹਮਣੇ ਖੁੱਲ੍ਹ ਕੇ ਨਹੀਂ ਰਹਿ ਸਕਦੇ ਇਹਨਾਂ ਨੂੰ ਜੁਦੇ ਕਰ।”
ਉਸ ਨੇ ਇਹ ਗੱਲ ਆਪਣੀ ਮਾਂ ਦੇ ਸਾਹਮਣੇ ਕਹੀ, ਉਸ ਦੀ ਮਾਂ ਨੇ ਉਸ ਨੂੰ ਕੁਝ ਵੀ ਨਾ ਕਿਹਾ,ਪਰ ਮੇਰੇ ਤਾਂ ਖਾਨਿਉ ਗਈ।ਮੈਂ ਸੰਝਦੀਪ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਸ ਨੇ ਜ਼ਿਦ ਹੀ ਫੜ ਲਈ ਕਿ ਅਬੀ ਤੋਂ ਤਬੀ ਆਪਣੇ ਮੰਮੀ ਡੈਡੀ ਨੂੰ ਅਲੱਗ ਕਰ।ਪਰੇਸ਼ਾਨੀ ਨੇ ਮੈਨੂੰ ਘੇਰ ਲਿਆ।ਮੈਨੂੰ ਪਰੇਸ਼ਾਨ ਦੇਖ ਕੇ ਮੰਮੀ ਨੇ ਕਿਹਾ, “ ਕੀ ਗੱਲ ਪੁੱਤ, ਮੈਂ ਦੇਖਦੀ ਹਾਂ ਤੂੰ ਓਧਰਿਆ ਜਿਹਾ ਰਹਿੰਦਾ।”
“ ਕੰਮ ਦਾ ਜਰਾ ਬੋਝ ਆ।” ਮੈਂ ਝੂਠ ਬੋਲਿਆ, “ ਹੋਰ ਤਾਂ ਕੋਈ ਗੱਲ ਨਹੀਂ।”
“ ਸੱਚੀ ਗੱਲ ਦੱਸ।” ਮੰਮੀ ਨੇ ਕਿਹਾ, “ ਦਾਈਆਂ ਤੋਂ ਪੇਟ ਗੁੱਝੇ ਨਹੀ ਰਹਿੰਦੇ, ਮੈਂ ਤੇਰੀ ਮਾਂ ਆ।”
ਜਦੋਂ ਸਾਰੀ ਗੱਲ ਦੱਸੀ ਤਾਂ ਮੇਰੀ ਪਰੇਸ਼ਾਨੀ ਦੂਰ ਕਰਨ ਲਈ ਮੰਮੀ ਨੇ ਕਿਹਾ, “ ਕੋਈ ਗੱਲ ਨਹੀਂ ਅਸੀਂ ਬੇਸਮਿੰਟ ਵਿਚ ਚਲੇ ਜਾਂਦੇ ਹਾਂ, ਲੜਾਈ ਕਾਹਨੂੰ ਵਧਾਉਣੀ।”
ਮੰਮੀ ਦਾ ਸੁਭਾਅ ਹੈ ਹੀ ਸ਼ਰੀਫ, ਉਹ ਲੜਾਈ ਤੋਂ ਬਹੁਤ ਡਰਦੇ ਨੇ।ਪਤਾ ਨਹੀਂ ਉਹਨਾਂ ਡੈਡੀ ਨਾਲ ਕੀ ਗੱਲ ਕੀਤੀ,ਛੇਤੀ ਹੀ ਦੋਨੋ ਬੇਸਮਿੰਟ ਵਿਚ ਚਲੇ ਗਏ।
ਥੋੜਾ ਚਿਰ ਫਿਰ ‘ਸੱਭ ਅੱਛਾ ਹੈ” ਚਲਦਾ ਰਿਹਾ।ਹੌਲੀ ਹੌਲੀ ਸੰਝਦੀਪ ਫਿਰ ਬਦਲਣ ਲੱਗੀ। ਪਹਿਲਾਂ ਸੋਚਿਆ ਫਿਰ ਪਰੈਗਨਿਟ ਤਾਂ ਨਹੀ ਹੋ ਗਈ।ਇਸ ਬਾਰੇ ਗੱਲ ਕੀਤੀ ਤਾਂ ਬੋਲੀ, “ ਆਪਣੇ ਮੰਮੀ ਡੈਡੀ ਨੂੰ ਕਿਤੇ ਹੋਰ ਬੇਸਮਿੰਟ ਲੈ ਦੇ, ਮੇਰੇ ਭਰਾ ਨੇ ਬੇਸਮਿੰਟ ਵਿਚ ਮੂਵ ਹੋਣਾ ਆ।”
“ ਕਿਉਂ।”
“ ਉੱਪਰ ਨਿਆਣੇ ਰੋਂਦੇ ਰਹਿੰਦੇ ਆ, ਉਸ ਕੋਲੋਂ ਪੜ੍ਹ ਨਹੀਂ ਹੁੰਦਾ।”
“ ਤੇਰੀ ਮੱਤ ਨੂੰ ਕੀ ਹੋ ਗਿਆ।”
“ ਮੇਰੀ ਮੱਤ ਤਾਂ ਪਹਿਲਾਂ ਵਾਂਗ ਹੀ ਆ, ਆਪਣੀ ਅਕਲ ਨੁੂੰ ਹੱਥ ਮਾਰ।”
ਇਹ ਗੱਲ ਨੂੰ ਲੈ ਕੇ ਕਈ ਦਿਨ ਤੱਕ ਲੜਾਈ ਚਲੱਦੀ ਰਹੀ।ਲੜਦਿਆਂ ਦੀਆਂ ਉੱਚੀ ਅਵਾਜ਼ਾਂ ਜਦੋਂ ਬੇਸਮਿੰਟ ਵਿਚ ਪੁਜੀਆਂ ਤਾਂ ਡੈਡੀ ਨੇ ਮੇਰੇ ਸੈਲ ਫੋਨ ਉੱਪਰ ਫ਼ੋਨ ਕੀਤਾ ਅਤੇ ਮੈਨੂੰ ਬੁਲਾਇਆ। ਹਕੀਕਤ ਦੱਸੀ ਤਾਂ ਡੈਡੀ ਤਾਂ ਚੁੱਪ ਕਰ ਰਹੇ। ਮੰਮੀ ਬੋਲੀ, “ਕੋਈ ਗੱਲ ਨਹੀਂ ਅਸੀਂ ਮੂਵ ਹੋ ਜਾਂਦੇ ਆਂ।”
“ ਤੁਸੀਂ ਐਂਵੇ ਮੂਵ ਹੋ ਜਾਂਦੇ ਆ।”
“ ਨਹੀਂ ਕਾਕਾ, ਘਰ ਵਿਚ ਲੜਾਈ ਚੰਗੀ ਨਹੀਂ ਹੁੰਦੀ, ਕਹਿੰਦੇ ਆ ਕਲਾ ਕਲੰਦਰ ਵਸੇ, ਘੜਿਉਂ ਪਾਣੀ ਨਸੇ।”
ਡੈਡੀ ਆਪਣੇ ਕਿਸੇ ਫਰੈਂਡ ਦੀ ਬੇਸਮਿੰਟ ਵਿਚ ਮੰਮੀ ਨਾਲ ਮੂਵ ਹੋ ਗਏ। ਦੁਬਾਰਾ ਫਿਰ ਸੱਭ ਅੱਛਾ ਚਲਣ ਲੱਗਾ। ਬੱਚੇ ਪਰ੍ਰੀ ਸਕੂਲ ਜਾਣ ਲੱਗ ਪਏ।ਇੱਕ ਦਿਨ ਕੰਮ ਤੋਂ ਸਿੱਧਾ ਮੈਂ ਬੱਚਿਆਂ ਨੁੂੰ ਚੁੱਕਣ ਗਿਆਂ ਤਾਂ ਸੰਝਦੀਪ ਦੀ ਮੰਮੀ ਵੀ ਬੱਚੇ ਲੈਣ ਪਹੁੰਚੀ ਹੋਈ ਸੀ।ਉਸ ਦੀ ਮੇਰੇ ਵੱਲ ਪਿੱਠ ਹੋਣ ਕਾਰਨ ਮੈਨੂੰ ਦੇਖ ਨਾ ਸਕੀ। ਕਿਸੇ ਜ਼ਨਾਨੀ ਨਾਲ ਗੱਲ ਕਰਦੀ ਕਹਿ ਰਹੀ ਸੀ, “ ਭੈਣਜੀ, ਕੀ ਕਰਦੇ, ਸੰਝਦੀਪ ਦੇ ਸੱਸ- ਸਹੁਰਾ ਬਹੁਤ ਹੀ ਕੁਪੱਤ ਕਰਦੇ ਸੀ,ਕੁੜੀ ਨੂੰ ਬਹੁਤ ਔਖਾ ਕਰਦੇ, ਸੰਝਦੀਪ ਨੇ ਵੀ ਉਹਨਾਂ ਨੂੰ ਖਰੀਆਂ ਖਰੀਆਂ ਸੁਣਾਈਆਂ ਤਾਂ ਡਰਦੇ ਆਪ ਹੀ ਚਲੇ ਗਏ।”
ਇਹ ਸਾਰਾ ਝੂਠ ਸੁਣ ਕੇ ਮੈਂ ਹੈਰਾਨ ਹੀ ਰਹਿ ਗਿਆ। ਮੰਮੀ ਦੀ ਗੱਲ ਕਹੀ ਯਾਦ ਆ ਗਈ, ਭਲਾਮਾਣਸ ਅੰਦਰ ਵੜਿਆ, ਕੁੱਪਤਾ ਆਖੇ ਮੇਰੇ ਤੋਂ ਡਰਿਆ।
ਜਦੋਂ ਉਸ ਨੇ ਮੈਨੂੰ ਦੇਖਿਆ ਤਾਂ ਉਸ ਦੇ ਮੂੰਹ ਤੋਂ ਲੱਗਦਾ ਸੀ ਕਿ ਉਸ ਨੂੰ ਕੋਈ ਪਰਵਾਹ ਨਹੀ ਸੀ ਬੋਲੀ, “ ਤੁੂੰ ਵੀ ਆ ਗਿਆ,ਚੱਲ ਲੈ ਜਾ ਜੁਆਕ , ਮੈਂ ਭੈਣ ਜੀ ਨਾਲ ਗੇੜਾ ਕੱਢ ਕੇ ਆਉਂਦੀ ਆਂ।”
ਇੱਕ ਦਿਨ ਫਿਰ ਸੰਝਦੀਪ ਲੜਾਈ ਪਾ ਕੇ ਬੈਠ ਗਈ, “ ਤੂੰ ਮੇਰੀ ਮਾਂ ਦੀ ਰਸਪੈਕਟ ਨਹੀਂ ਕਰਦਾ।”
“ ਰਸਪੈਕਟ ਕਰਾਉਣੀ ਵੀ ਆਉਣੀ ਚਾਹੀਦੀ ਆ।” ਮੈਂ ਸਾਫ ਕਿਹਾ, “ ਇੱਜ਼ਤ ਕਮਾਉਣੀ ਪੈਂਦੀ ਆ।”
ਮੈਂ ਕੁਝ ਲੋਕਾਂ ਨੂੰ ਜਾਣਦਾ ਹਾਂ ਜਿਹੜੇ ਇਹ ਕਹਿਣਗੇ ਕਿ ਬੱਚੇ ਸਾਡੀ ਰਸਪੈਕਟ ਨਹੀਂ ਕਰਦੇ। ਮੇਰਾ ਦਿਲ ਕਰਦਾ ਹੁੰਦਾ ਕਿ ਪੁੱਛਾਂ ਤੁਸੀਂ ਰਸਪੈਕਟ ਲੈਣ ਲਈ ਆਪ ਕੀ ਕਰਦੇ ਹੋ? ਚਲੋ ਥੋੜੇ ਬਹੁਤੇ ਇਸ ਤਰਾਂ ਦੇ ਵੀ ਹੋਣਗੇ ਜਿਹਨਾਂ ਨੂੰ ਚੰਗੇ ਇਨਸਾਨਾਂ ਦੀ ਪਛਾਣ ਨਾ ਹੁੰਦੀ ਹੋਵੇਗੀ, ਵੈਸੇ ਚੰਗੇ ਇਨਸਾਨਾਂ ਦੇ ਇੱਜ਼ਤ ਤਾਂ ਮਗਰ ਮਗਰ ਫਿਰਦੀ ਰਹਿੰਦੀ ਆ।
ਖੈਰ ਗੱਲ ਤਾਂ ਸਾਡੇ ਘਰ ਦੀ ਚਲ ਰਹੀ ਸੀ, ਜਿਥੇ ਹੁਣ ਰੋਜ਼ ਹੀ ਨਵਾ ਨਵਾ ਪੁਆੜਾ ਖੜਾ ਹੋ ਜਾਂਦਾ।ਅੱਜ ਸੰਝਦੀਪ ਨੇ ਸਵੇਰੇ ਸਵੇਰੇ ਨਵੀਂ ਹੀ ਗੱਲ ਕੱਢ ਲਈ, “ ਘਰ ਮੇਰੇ ਨਾਮ ਕਰਵਾ।”
“ ਘਰ ਤੇਰਾ ਹੀ ਆ।” ਮੈਂ ਗੱਲ ਹੱਸ ਕੇ ਟਾਲਣ ਲੱਗਾ, “ ਘਰ ਵਿਚ ਤੇਰੀ ਤਾਂ ਮੁਖਤਿਆਰੀ ਚੱਲਦੀ ਆ।”
“ ਪੇਪਰਾਂ ਵਿਚ ਤਾਂ ਮੇਰਾ ਨਾਮ ਨਹੀਂ।”
“ ਪੇਪਰਾਂ ਵਿਚ ਤਾਂ ਮੇਰੇ ਮੰਮੀ ਡੈਡੀ ਦਾ ਨਾਮ ਵੀ ਨਹੀ।” ਮੈਂ ਦੱਸਿਆ, “ ਜਿਹਨਾਂ ਨੇ ਮਿਹਨਤ ਕਰ ਕੇ ਘਰ ਬਣਾਇਆ।”
“ ਤੇਰੇ ਮੰਮੀ ਡੈਡੀ ਨੂੰ ਆਪਣਾ ਫਿਕਰ ਨਾ ਹੋਵੇਗਾ।” ਉਸ ਨੇ ਬੇਸ਼ਰਮਾਂ ਵਾਂਗ ਕਿਹਾ, “ ਮੈਨੂੰ ਤਾਂ ਆਪਣਾ ਵੀ ਅਤੇ ਜੁਆਕਾਂ ਦਾ ਵੀ ਫਿਕਰ ਆ।”
“ ਉਹਨਾਂ ਨੂੰ ਕੋਈ ਲਾਲਚ ਨਹੀ ਸੀ।” ਮੈਂ ਗੁੱਸੇ ਵਿਚ ਕਿਹਾ, “ਉਹ ਤਾਂ ਹਮੇਸ਼ਾ ਮੇਰਾ ਭਲਾ ਸੋਚਦੇ ਆ।”
“ ਮੈਂ ਵੀ ਆਪਣੇ ਜੁਆਕਾਂ ਦਾ ਹੀ ਭਲਾ ਸੋਚਦੀ ਹਾਂ।”
ਸੰਝਦੀਪ ਲੜਨ ਲਈ ਇੰਨੀ ਤੇਜ਼ ਹੈ ਕਿ ਮੈਂ ਦੱਸ ਨਹੀਂ ਸਕਦਾ। ਘਰ ਨਾਮ ਲਵਾ, ਘਰ ਨਾਮ ਲਵਾ ਕਹਿ ਕਹਿ ਮੇਰੇ ਕੰਨ ਖਾ ਲਏ।ਸ਼ਾਂਤੀ ੳਦੋਂ ਹੀ ਹੁੰਦੀ ਜਦੋਂ ਉਹ ਕੰਪਿਊਟਰ ‘ਤੇ ਫੇਸ ਬੁਕ ਉੱਪਰ ਬੈਠੀ ਹੁੰਦੀ।ਘਰ ਵਿਚ ਸਦਾ ਲਈ ਸ਼ਾਂਤੀ ਰੱਖਣ ਲਈ, ਘਰ ਟੁੱਟਣ ਤੋਂ ਬਚਾਉਣ ਲਈ, ਬੱਚਿਆਂ ਦਾ ਭੱਵਿਖ ਸੋਚ ਕੇ ਕਿ ਜੇ ਤਲਾਕ ਹੋ ਗਿਆ ਤਾਂ ਬੱਚੇ ਰੁਲ ਜਾਣਗੇ, ਘਰ ਵੀ ਨਾਮ ਲਵਾ ਦਿੱਤਾ।
ਘਰ ਨਾਮ ਲਵਾਉਣ ਦੀ ਹੀ ਦੇਰ ਸੀ ਸੰਝਦੀਪ ਮੈਨੂੰ ਪਛਾਨਣ ਤੋਂ ਵੀ ਕੰਨੀ ਕਤਰਾਉਣ ਲੱਗੀ। ਘਰ ਵਿਚ ਮੇਰੀ ਹਾਲਤ ਕੁੱਤਿਆਂ ਤੋਂ ਵੀ ਮਾੜੀ ਹੋ ਗਈ।ਕਦੀ ਕਦੀ ਮਹਿਸੂਸ ਹੁੰਦਾ ਜਿਵੇ ਮੈਂ ਇਸ ਘਰ ਦਾ ਨੌਕਰ ਹਾਂ।ਇੱਕ ਦਿਨ ਮੈਂ ਇੰਨਾ ਪੇਰਸ਼ਾਨ ਹੋਇਆ ਕਿ ਪਾਰਕ ਵਿਚ ਬੈਠੇ ਨੂੰ ਪਤਾ ਹੀ ਨਾ ਲੱਗਾ,ਕਦੋਂ ਹਨੇਰਾ ਹੋ ਗਿਆ। ਨਾਲ ਕੰਮ ਕਰਦਾ ਮੁੰਡਾ ਜੋ ਪਾਰਕ ਵਿਚ ਦੌੜਨ ਲਈ ਆਇਆ ਹੋਇਆ ਸੀ ਮੇਰੀ ਹਾਲਤ ਦੇਖ ਕੇ ਮੇਰੇ ਕੋਲ ਰੁਕ ਗਿਆ।ਰੋ ਰੋ ਕੇ ਜਦੋਂ ਮੈ ਸਭ ਕੁਝ ਦੱਸਿਆ, “ ਮੇਰੇ ਸਬਰ ਦਾ ਬੰਨ ਟੁੱਟ ਗਿਆ ਆ, ਮੈਂ ਉਸ ਘਰ ਵਿਚ ਨਹੀਂ ਰਹਿ ਸਕਦਾ।”
“ ਚੱਲ ਤੂੰ ਮੇਰੇ ਨਾਲ ਮੇਰੀ ਬੇਸਮਿੰਟ ਵਿਚ ਆ ਜਾ, ਮੈ ਇਕੱਲਾ ਹੀ ਰਹਿੰਦਾ ਆ।”
ਜਦੋਂ ਦੇ ਮੇਰੇ ਮਾਂ ਬਾਪ ਘਰ ਛੱਡ ਕੇ ਚਲੇ ਗਏ ਸਨ, ਸ਼ਰਮ ਦੇ ਮਾਰੇ ਮੈਂ ਕਦੇ ਵੀ ਉਹਨਾਂ ਬਾਰੇ ਕਿਸੇ ਨੂੰ ਨਹੀਂ ਸੀ ਦੱਸਿਆ।ਸ਼ਾਇਦ ਇਸ ਕਰਕੇ ਇਸ ਮੁੰਡੇ ਨੂੰ ਵੀ ਨਹੀਂ ਸੀ ਪਤਾ ਮੇਰੇ ਮਾਂ ਬਾਪ ਅਲੱਗ ਰਹਿ ਰਹੇ ਨੇ।
ਜਦੋਂ ਮੈ ਘਰੋਂ ਆਪਣਾ ਮਾੜਾ-ਮੋਟਾ ਸਮਾਨ ਚੁੱਕਣ ਗਿਆ, ਕਿਸੇ ਵੀ ਮੈਨੂੰ ਨਾ ਰੋਕਿਆ।
ਮੁੰਡੇ ਨਾਲ ਰਹਿੰਦੇ ਕਿੰਨੇ ਦਿਨ ਹੋ ਗਏ ਤਾਂ ਮੰਮੀ ਦਾ ਫੋਨ ਆਇਆ, “ ਤੂੰ ਕਿੱਥੇ ਆ,ਫੋਨ ਕਿਉਂ ਨਹੀਂ ਚੁੱਕਦਾ।”
ਮੰਮੀ ਨੂੰ ਮੈਂ ਦੁੱਖੀ ਨਹੀਂ ਸੀ ਕਰਨਾ ਚਾਹੁੰਦਾ ਇਸ ਲਈ ਕਹਿ ਦਿੱਤਾ, “ ਘਰੇ ਹੀ ਹਾਂ।”
“ ਬੱਚੇ ਕਿਦਾਂ।” ਮੰਮੀ ਪੁੱਛ ਰਹੇ ਸਨ, “ ਹੋਰ ਸੱਭ ਠੀਕ ਹੈ।”
“ ਸਭ ਅੱਛਾ ਚਲ ਰਿਹਾ।” ਇਹ ਕਹਿ ਕੇ ਮੈਂ ਫੋਨ ਰੱਖ ਦਿੱਤਾ ਅਤੇ ਭੁੱਬਾਂ ਮਾਰ ਕੇ ਰੋਣ ਲੱਗਾ।
ਸੱਭ ਅੱਛਾ ਹੈ
June 10, 2015
by: ਅਨਮੋਲ ਕੌਰ
by: ਅਨਮੋਲ ਕੌਰ
This entry was posted in ਕਹਾਣੀਆਂ.