ਇਸਲਾਮਾਬਾਦ – ਭਾਰਤ ਵੱਲੋਂ ਹਾਲ ਹੀ ਵਿੱਚ ਮਿਆਂਮਾਰ ਦੀ ਸੀਮਾ ਦੇ ਅੰਦਰ ਦਾਖਿਲ ਹੋ ਕੇ ਅੱਤਵਾਦੀਆਂ ਦੇ ਖਿਲਾਫ਼ ਭਾਰਤੀ ਸੈਨਾ ਦੀ ਕਾਰਵਾਈ ਦੇ ਮੱਦੇਨਜ਼ਰ ਪਾਕਿਸਤਾਨ ਨੇ ਆਪਣੀ ਜ਼ਮੀਨ ਤੇ ਇਸ ਤਰ੍ਹਾਂ ਦਾ ਹਮਲਾ ਨਹੀਂ ਕਰਨ ਸਬੰਧੀ ਚਿਤਾਵਨੀ ਦਿੱਤੀ ਹੈ।
ਪਾਕਿਸਤਾਨ ਦੇ ਗ੍ਰਹਿਮੰਤਰੀ ਚੌਧਰੀ ਨਿਸਾਰ ਅਲੀ ਖਾਨ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਭਾਰਤ ਸਾਡੇ ਦੇਸ਼ ਪਾਕਿਸਤਾਨ ਨੂੰ ਮਿਆਂਮਾਰ ਸਮਝਣ ਦੀ ਭੁੱਲ ਨਾਂ ਕਰੇ ਕਿਉਂਕਿ ਸਾਡੀ ਸੈਨਾ ਇਸ ਤਰ੍ਹਾਂ ਦੀ ਕਾਰਵਾਈ ਦਾ ਜਵਾਬ ਦੇਣ ਵਿੱਚ ਸਮਰੱਥ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਦੇ ਨੇਤਾ ਦਿਨ ਵਿੱਚ ਸੁਫਨੇ ਲੈਣੇ ਛੱਡ ਦੇਣ। ਗ੍ਰਹਿਮੰਤਰੀ ਨੇ ਕਿਹਾ ਕਿ ਪਾਕਿਸਤਾਨ ਕਦੇ ਵੀ ਭਾਰਤ ਦੀ ਦਾਦਾਗਿਰੀ ਸਵੀਕਾਰ ਨਹੀਂ ਕਰੇਗਾ। ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰੱਫ਼ ਨੇ ਵੀ ਕਿਹਾ ਕਿ ਪਾਕਿਸਤਾਨੀ ਸੈਨਾ ਨੇ ਨਾਂ ਤਾਂ ਚੂੜੀਆਂ ਪਹਿਨ ਰੱਖੀਆਂ ਹਨ ਅਤੇ ਨਾਂ ਹੀ ਇਹ ਮਿਆਂਮਾਰ ਹੈ।
ਇਸ ਤੋਂ ਪਹਿਲਾਂ ਭਾਰਤ ਦੇ ਗ੍ਰਹਿ ਰਾਜ ਮੰਤਰੀ ਰਾਠੌਰ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਅਸੀਂ ਆਪਣੀ ਸੀਮਾ ਅਤੇ ਲੋਕਾਂ ਦੀ ਸੁਰੱਖਿਆ ਕਰਾਂਗੇ ਅਤੇ ਇਸ ਤਰ੍ਹਾਂ ਦੇ ਹੋਰ ਹਮਲੇ ਕਰਾਂਗੇ। ਇਹ ਸੱਭ ਦੇ ਲਈ ਸੁਨੇਹਾ ਹੈ ਕਿ ਅਸੀਂ ਸਹੀ ਸਮੇਂ ਅਤੇ ਸਥਾਨ ਅਨੁਸਾਰ ਉਚਿਤ ਕਾਰਵਾਈ ਕਰਾਂਗੇ।
ਪਾਕਿਸਤਾਨ ਦੇ ਰੱਖਿਆ ਮੰਤਰੀ ਆਸਿਫ਼ ਨੇ ਵੀ ਭਾਰਤੀ ਮੰਤਰੀ ਦੇ ਬਿਆਨ ਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਸਰਕਾਰ ਦੇਸ਼ ਦੀ ਰੱਖਿਆ ਕਰੇਗੀ ਅਤੇ ਜੇ ਭਾਰਤ ਪਾਕਿਸਤਾਨ ਨੂੰ ਸੱਬਕ ਸਿਖਾਉਣਾ ਚਾਹੁੰਦਾ ਹੈ ਤਾਂ ਪਾਕਿਸਤਾਨ ਵੀ ਭਾਰਤ ਨੂੰ ਜਵਾਬ ਦੇਣ ਵਿੱਚ ਸਮਰੱਥ ਹੈ।