ਪੱਥਰਾਂ ਦੇ ਨਾਲ ਬੋਝੇ ਹਰ ਸਮੇਂ ਭਰਦੇ ਨੇ ਲੋਕ।
ਉਂਜ ਕਲੋਲਾਂ ਸ਼ੀਸ਼ਿਆਂ ਦੇ ਨਾਲ ਵੀ ਕਰਦੇ ਨੇ ਲੋਕ।
ਗ਼ੈਰ ਜੇ ਹੌਕਾ ਭਰੇ ਤਾਂ ਉਹ ਵੀ ਲਗਦਾ ਜੁਰਮ ਹੈ
ਖ਼ੁਦ ਗੁਨਾਹ ਕਰਕੇ ਹਜਾਰਾਂ ਪਾਂਵਦੇ ਪਰਦੇ ਨੇ ਲੋਕ।
ਹੰਝੂਆਂ ਦਾ ਖਾਰਾ ਸਾਗਰ ਭੋਰਾ ਵੀ ਨਾ ਛਲਕਦਾ
ਹਾਸਿਆਂ ਨੂੰ ਬੁੱਲ੍ਹਾਂ ਤੇ ਇਉਂ ਬੋਚ ਕੇ ਧਰਦੇ ਨੇ ਲੋਕ।
ਛਾਂਗਦੇ ਛਾਂਵਾਂ ਸੀ ਜਦ ਉਹ, ਰੁੱਖ ਨੂੰ ਪੁੱਛਿਆ ਕਿਸੇ
ਰੁੱਖ ਨੇ ਹੱਸ ਕੇ ਕਿਹਾ ਕਿ ਆਪਣੇ ਘਰ ਦੇ ਨੇ ਲੋਕ।
ਮੋਹ-ਮੁਹੱਬਤ, ਪਿਆਰ, ਚਾਹਤ ਇਹ ਤਾਂ ਰਸਮਾਂ ਨੇ ਜਨਾਬ!
ਰਿਸ਼ਤਿਆਂ ਤੋਂ ਚੋਰੀ ਚੋਰੀ ਗੱਲਾਂ ਇਉਂ ਕਰਦੇ ਨੇ ਲੋਕ।
ਮਾਨ ਤੇਰੇ ਸ਼ਹਿਰ ਦਾ ਦਸਤੂਰ ਹੀ ਇਹ ਬਣ ਗਿਆ
ਊਣਿਆਂ ਨੂੰ ਹੋਰ ਊਣਾ, ਭਰਿਆਂ ਨੂੰ ਭਰਦੇ ਨੇ ਲੋਕ।