ਨਿਊਯਾਰਕ – ਅਮਰੀਕਾ ਵਿੱਚ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਵਿੱਚ ਡੈਮੋਕਰੇਟਿਕ ਵੱਲੋਂ ਸਾਬਕਾ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਨੇ ਨਿਊਯਾਰਕ ਵਿੱਚ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰਕੇ ਰਸਮੀ ਤੌਰ ਤੇ ਰਾਸ਼ਟਰਪਤੀ ਦੀ ਉਮੀਦਵਾਰ ਦੇ ਤੌਰ ਤੇ ਆਪਣੇ ਚੋਣ ਪਰਚਾਰ ਦੀ ਸ਼ੁਰੂਆਤ ਕੀਤੀ। ਹਿਲਰੀ ਨੇ ਆਪਣੀ ਪਹਿਲੀ ਵੱਡੀ ਰੈਲੀ ਦੌਰਾਨ ਅਮਰੀਕੀ ਲੋਕਾਂ ਲਈ ਵਾਅਦਿਆਂ ਦਾ ਪਟਾਰਾ ਖੋਲ੍ਹ ਦਿੱਤਾ।
ਹਿਲਰੀ ਕਲਿੰਟਨ ਨੇ ਨਿਊਯਾਰਕ ਦੇ ਰੂਜ਼ਵੈਲਟ ਆਈਲੈਂਡ ਵਿੱਚ ਆਪਣੇ ਸਮਰਥੱਕਾਂ ਦੀ ਭੀੜ ਨੂੰ ਸੰਬੋਧਨ ਕਰਦੇ ਹੋਏ ਹਿਲਰੀ ਨੇ ਆਪਣੀਆਂ ਮੁੱਖ ਨੀਤੀਆਂ ਦੀ ਰੂਪਰੇਖਾ ਪੇਸ਼ ਕੀਤੀ। ਉਨ੍ਹਾਂ ਨੇ ਵਾਅਦਾ ਕੀਤਾ ਕਿ ਜੇ ਉਹ ਰਾਸ਼ਟਰਪਤੀ ਬਣਦੀ ਹੈ ਤਾਂ ਉਹ ਇਹ ਤੈਅ ਕਰੇਗੀ ਕਿ ਅਰਥਵਿਵਸਥਾ ਸਿਰਫ਼ ਚੰਦ ਲੋਕਾਂ ਦੇ ਲਈ ਹੀ ਨਹੀਂ ਸਗੋਂ ਆਮ ਅਮਰੀਕੀ ਨਾਗਰਿਕਾਂ ਦੇ ਲਈ ਵੀ ਕੰਮ ਕਰੇ। ਹਿਲਰੀ ਨੇ ਕਿਹਾ, ‘ਖੁਸ਼ਹਾਲੀ ਸਿਰਫ਼ ਸੀਈਓ ਅਤੇ ਵਿੱਤੀ ਪ੍ਰਬੰਧਕਾਂ ਦੇ ਲਈ ਨਹੀਂ ਹੈ, ਲੋਕਤੰਤਰ ਸਿਰਫ਼ ਅਰਬਪਤੀਆਂ ਅਤੇ ਵੱਡੀਆਂ ਕੰਪਨੀਆਂ ਦੇ ਲਈ ਹੀ ਨਹੀਂ ਹੈ।’
ਉਨ੍ਹਾਂ ਨੇ ਕਾਮਿਆਂ ਦੇ ਪਰੀਵਾਰਾਂ ਦੀ ਮੱਦਦ ਦਾ ਵਾਅਦਾ ਕਰਦੇ ਹੋਏ ਕਿਹਾ, “ ਜਦੋਂ ਤੱਕ ਤੁਸੀਂ ਅੱਗੇ ਨਹੀਂ ਵਧੋਂਗੇ ਤਾਂ ਅਮਰੀਕਾ ਅੱਗੇ ਨਹੀਂ ਵੱਧ ਸਕਦਾ।” ਇਸ ਮੌਕੇ ਉਨ੍ਹਾਂ ਦੇ ਪਤੀ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਅਤੇ ਧੀ ਚੇਲਸੀ ਵੀ ਉਥੇ ਮੌਜੂਦ ਸਨ।