ਭਾਬੀ ਕਹਿੰਦੀ ਮੁੰਡਿਆ,
ਲੈਦੇ ਸਾੜ੍ਹੀ ਚੱਜ ਦੀ।
ਜਿਹੜੀ ਓਹ ਟੰਗੀ,
ਮੈਨੂੰ ਚੰਗੀ ਲਗਦੀ।
ਦੁਕਾਨਦਾਰ ਖੁਸ਼ ਹੋਇਆ,
ਵੇਖ ਭੀੜ ਜੁੜੀ ਨੂੰ।
ਚਾਅ ਨਾਲ਼ ਆਖਿਓਸ,
ਖਲੋਤੀ ਕਾਮੀ ਕੁੜੀ ਨੂੰ।
ਆਹ ਫੜ ਕੁੰਡੀ ਭੈਣਾਂ,
ਸਾਹੜੀ ਓਹੋ ਲਾਹ ਦਿਓ।
ਜਿਹੜੀ ਬੀਬੀ ਆਖਦੀ ਐ,
ਬੀਬੀ ਨੂੰ ਵਿਖਾ ਦਿਓ।
ਮੁੰਡੇ ਕਿਹਾ ਛੇਤੀ ਅਸੀਂ,
ਜਾ ਕੇ ਰੋਟੀ ਖਾਣੀ ਐਂ।
ਨਿੱਕੇ ਕੰਮ ਵਿੱਚ ਦੇਰ ,
ਕਿਉਂ ਐਵੇਂ ਲਾਉਣੀ ਐਂ।
ਹਾਂ ਜੀ ਜ਼ਰਾ ਛੇਤੀ ਸਾੜ੍ਹੀ,
ਤੁਸੀਂ ਜੀ ਵਿਖਾ ਦਿਓ।
ਸਾਵਧਾਨੀ ਨਾਲ ਜ਼ਰਾ,
ਛੇਤੀ ਸਾਹੜੀ ਲਾਹ ਦਿਓ।
ਦੁਕਾਨ ਵਾਲ਼ੇ ਭਾਈ ਆ,
ਮੁੰਡਾ ਗਲੋਂ ਫੜਿਆ।
ਅੱਖਾਂ ਕਰ ਲਾਲ ਲਾਲ,
ਪੱਬਾਂ ਭਾਰ ਲੜਿਆਂ।
ਫੇਰ ਕਹਿੰਦਾ ਸੋਚ ਸੋਚ,
ਮੂੰਹ ਤਾਈਂ ਖੋਹਲੀਦਾ।
ਹੋਰ ਮਾਇਨਾ ਲੱਭ ਲਿਆ,
ਪੰਜਾਬੀ ਬੋਲੀ; ਬੋਲੀ ਦਾ।
ਕੁੜੀ ਕਹਿੰਦੀ ਭੱਜੀਂ ਨਾ,
ਮੈਦਾਨ ਹੁਣ ਛੱਡਕੇ।
ਆ ਖੜ੍ਹੀ ਮੁੰਡੇ ਅੱਗੇ,
ਲੰਬੀ ਬਾਂਹ ਕੱਢਕੇ।
ਉਂਗਲੀ ਚ ਪਾ ਦੇ ਵੇ,
ਜੁਆਨਾ ਮੂੰਦੀ ਤਕੜੀ।
ਨਹੀਂ ਕਹਿੰਦੀ ਬਾਂਹ ਤੇ,
ਬਨ੍ਹਾ ਲੈ ਮੈਥੋਂ ਰਖੜੀ।
ਰੱਬ ਦੇ ਸਬੱਬ ਨਾਲ਼,
ਕੈਨੇਡਾ ਆ ਵਸੇ ਆਂ।
ਚੰਡੀਗੜ੍ਹ ਨੌਵੀਂ ਵਿੱਚ,
ਆਪਾਂ ਕੱਠੇ ਪੜ੍ਹੇ ਆਂ।
ਤੇਰੇ ਦਿਲ ਵਿੱਚ ਓਦੋਂ,
ਥਾਂ ਜੋ ਬਣਾਈ ਸੀ,
ਪਾਪਾ ਦੀ ਬਦਲੀ ਨੇ,
ਗੱਲ ਹੀ ਮੁਕਾਈ ਸੀ।
ਭਾਬੀ ਕੱਢ ਹੱਥੋਂ ਮੂੰਦੀ,
ਮੁੰਡੇ ਨੂੰ ਫੜਾ ਦਈ।
ਰੱਬ ਅੱਗੇ ਹੱਥ ਜੋੜ,
ਮੁੰਡੇ ਮੂੰਦੀ ਪਾ ਦਈ।
ਧੰਨ ਆਝੇ ਨੌਵੀਂ ਵਾਲੀ,
ਕੁੜੀ ਹੱਥ ਆ ਗਈ।
ਹੋਈ ਸੀ ਲੜਾਈ, ਪਰ,
ਲੜਾਈ ਪੱਥ ਆ ਗਈ।
ਅੱਜ ਤੱਕ ਯਾਦ ਓਹਨਾਂ,
ਓਹ ਪਲ ਹੱਟ ਦੇ।
ਰਸਨਾ ਦਾ ਸੁਆਦ ਹੁਣ,
ਚਟੋਰੀ ਲਾ ਲਾ ਚੱਟਦੇ।