‘ਭ’ ਅੱਖਰ ਤੋਂ ਭਾਰਤ ਬਣਦਾ ਹੈ ਅਤੇ ਇਸੇ ‘ਭ’ ਅੱਖਰ ਤੋਂ ਭ੍ਰਿਸ਼ਟਾਚਾਰ ਹੋਂਦ ਵਿੱਚ ਆਉਂਦਾ ਹੈ।
ਆਜ਼ਾਦੀ ਤੋਂ ਬਾਅਦ ਭਾਰਤ ਨੇ ਕਈ ਅਦਾਰਿਆਂ ਵਿਚ ਹੱਦੋਂ ਵੱਧ ਤਰੱਕੀ ਕੀਤੀ ਹੈ। ਜਿਨ੍ਹਾਂ ਵਿੱਚ ਖੁਰਾਕ ਦੀ ਪੈਦਾਵਾਰ, ਇਲੈਕਟ੍ਰਾਨਿਕ ਯੁੱਗ ਆਦਿ ਅਹਿਮ ਕਹੇ ਜਾ ਸਕਦੇ ਹਨ। ਪਰ ਇਨ੍ਹਾਂ ਸਾਰਿਆਂ ਪੱਖਾਂ ਨੂੰ ਮਾਤ ਪਾਉਂਦੇ ਪਹਿਲੂ ਹੋਰ ਵੀ ਹਨ, ਜਿਨ੍ਹਾਂ ਨੇ ਭਾਰਤ ਨੂੰ ਵਿਨਾਸ਼ ਦੇ ਬਹੁਤ ਨਜ਼ਦੀਕ ਲੈ ਆਂਦਾ ਹੈ। ਇਨ੍ਹਾਂ ਵਿਚੋਂ ਭਾਰਤ ਵਿਚ ਸਾਰੀਆਂ ਹੱਦਾਂ ਬੰਨੇ ਟੱਪਦਾ ਹੋਇਆ ਭ੍ਰਿਸ਼ਟਾਚਾਰ ਹੈ। ਇਸਨੇ ਵਿਨਾਸ਼ ਦੀਆਂ ਸਾਰੀਆਂ ਹੀ ਹੱਦਾਂ ਨੂੰ ਤੋੜ ਦਿੱਤਾ ਹੈ। ਮੌਜੂਦਾ ਸਮੇਂ ਭਾਰਤੀ ਵਪਾਰੀ ਖਾਣ ਪੀਣ ਵਾਲੀਆਂ ਚੀਜ਼ਾਂ ਵਿਚ ਵੀ ਮਿਲਾਵਟ ਕਰ ਰਹੇ ਹਨ। ਕਿਉਂ ਜੋ ਉਨ੍ਹਾਂ ਸਾਰੇ ਵਪਾਰੀਆਂ ਨੂੰ ਸਰਕਾਰੀ ਮਸ਼ੀਨਰੀ ਦੀ ਵੱਡੀ ਹਿਮਾਇਤ ਹਾਸਲ ਹੈ ਇਸ ਲਈ ਮਿਲਾਵਟ ਕਰਨ ਵਾਲੇ ਵਪਾਰੀ ਖਾਣ ਵਾਲੀਆਂ ਚੀਜ਼ਾਂ ਵਿਚ ਵਰਤੇ ਜਾ ਰਹੇ ਰਸਾਇਨ ਪਦਾਰਥਾਂ ਦੀ ਮਾਤਰਾ ਇੰਨੀ ਵਧਾ ਚੁੱਕੇ ਹਨ ਜਿਸਦੀ ਕੋਈ ਹੱਦ ਨਹੀਂ। ਇਥੋਂ ਤੱਕ ਕਿ ਇਨ੍ਹਾਂ ਵਪਾਰੀਆਂ ਵਲੋਂ ਦਵਾਈਆਂ ਤੱਕ ਨੂੰ ਵੀ ਬਖਸਿ਼ਆ ਨਹੀਂ ਜਾ ਰਿਹਾ।
ਪਿਛਲੇ ਦਿਨੀਂ ਇਕ ਵੱਡੀ ਕੰਪਨੀ ਨੈਸਲੇ ਵਲੋਂ ਬਣਾਈ ਜਾ ਰਹੀ ਮੈਗੀ ਦੀ ਗੱਲ ਸਾਹਮਣੇ ਆਈ। ਇਸ ਮੈਗੀ ਨੂੰ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰੇ ਹੀ ਵਰਤ ਰਹੇ ਸਨ। ਇਸ ਵਿਚ ਵਰਤੇ ਜਾਂਦੇ ਲੈਡ ਦੀ ਮਾਤਰਾ ਨੇ ਸਾਰੀਆਂ ਹੀ ਹੱਦਾਂ ਪਾਰ ਕਰ ਦਿੱਤੀਆਂ। ਇਸਤੋਂ ਇਹ ਸਾਬਤ ਹੁੰਦਾ ਹੈ ਕਿ ਭਾਰਤੀ ਖੁਰਾਕ ਮਹਿਕਮੇ ਵਲੋਂ ਕਦੀ ਵੀ ਮੈਗੀ ਦਾ ਰਸਾਇਣਕ ਲੈਬ ਪਰੀਖਣ ਹੀ ਨਹੀਂ ਕੀਤਾ ਗਿਆ ਜਾਂ ਫਿਰ ਸਰਕਾਰੀ ਮੁਲਾਜ਼ਮਾਂ ਦੀਆਂ ਜੇਬਾਂ ਗਰਮ ਹੋਣ ਕਰਕੇ ਉਨ੍ਹਾਂ ਦੀਆਂ ਅੱਖਾਂ ਉਪਰ ਭ੍ਰਿਸ਼ਟਾਚਾਰ ਦੀ ਪੱਟੀ ਬਨ੍ਹ ਦਿੱਤੀ ਗਈ। ਇਸਦੇ ਨਾਲ ਹੀ ਦਿੱਲੀ ਦੀ ਮਦਰ ਡੇਅਰੀ ਵਲੋਂ ਪੂਰੀ ਦਿੱਲੀ ਨੂੰ ਸਪਲਾਈ ਕੀਤਾ ਜਾ ਰਿਹਾ ਦੁੱਧ ਵੀ ਮਿਲਾਵਟੀ ਸਾਬਤ ਹੋਇਆ। ਇਸ ਵਿਚ ਡਿਟਰਜੈਂਟ ਮਿਲਾਏ ਜਾਣ ਦੀਆਂ ਖਬਰਾਂ ਸਾਹਮਣੇ ਆਈਆਂ। ਦੁੱਧ ਜਿਸਨੂੰ ਹਰ ਉਮਰ ਦੇ ਲੋਕ ਪੀਂਦੇ ਹਨ। ਹੁਣ ਲਗਦਾ ਹੈ ਕਿ ਖੁਰਾਕ ਵਿਭਾਗ ਦੇ ਕਿਸੇ ਸਰਕਾਰੀ ਮਹਿਕਮੇ ਵਲੋਂ ਮੰਗੀ ਗਈ ਰਿਸ਼ਵਤ ਦੀ ਰਕਮ ਕੰਪਨੀ ਵਲੋਂ ਨਾ ਦਿੱਤੇ ਜਾਣ ਕਰਕੇ ਇਨ੍ਹਾਂ ਦੀਆਂ ਤਫਤੀਸ਼ਾਂ ਸ਼ੁਰੂ ਹੋ ਗਈਆਂ ਹਨ। ਖਾਣ ਵਾਲੀਆਂ ਚੀਜ਼ਾਂ ਹੀ ਕੀ ਭਾਰਤ ਦੇ ਹਰ ਹਿੱਸੇ ਵਿਚ ਸਰਕਾਰੀ ਮਸ਼ੀਨਰੀ ਨੂੰ ਭ੍ਰਿਸ਼ਟਾਚਾਰੀ ਲੋਕਾਂ ਵਲੋਂ ਵਰਤਕੇ ਪੂਰੇ ਭਾਰਤ ਨੂੰ ਵਿਨਾਸ਼ ਦੇ ਕਿਨਾਰੇ ਲਿਆ ਖੜਾ ਕੀਤਾ ਹੈ।
ਕਿਸੇ ਦਫਤਰ ਵਿਚ ਨੌਕਰੀ ਲੈਣੀ ਹੋਵੇ ਤਾਂ ਰਿਸ਼ਵਤ ਦਿੱਤੇ ਬਿਨਾਂ ਗੁਜ਼ਾਰਾ ਨਹੀਂ ਹੁੰਦਾ। ਫਿਰ ਜਿਸਨੇ ਰਿਸ਼ਵਤ ਦਿੱਤੀ ਹੈ ਉਸਨੇ ਦਿੱਤੀ ਗਈ ਰਿਸ਼ਵਤ ਦੀ ਰਕਮ ਨੂੰ ਪੂਰਿਆਂ ਕਰਨ ਲਈ ਵੀ ਰਿਸ਼ਵਤ ਲੈਣੀ ਹੋਈ। ਪੁਲਿਸ ਦੀ ਭਰਤੀ ਹੋਵੇ, ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ ਨਰਸਾਂ ਦੀ ਭਰਤੀ ਹੋਵੇ ਜਾਂ ਕਿਸੇ ਹੋਰ ਮਹਿਕਮੇ ਵਿਚ ਭਰਤੀ ਹੋਵੇ ਬਿਨਾਂ ਰਿਸ਼ਵਤ ਦੇ ਕਿਸੇ ਨੂੰ ਨੌਕਰੀ ਮਿਲਣੀ ਅਸੰਭਵ ਜਾਂ ਕਹਿ ਲਵੋ ਨਾਮੁਮਕਿਨ ਹੈ। ਇਸ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਇਕ ਚਪੜਾਸੀ ਦੀਆਂ ਸ਼ਾਖਾਂ ਤੋਂ ਸ਼ੁਰੂ ਹੋ ਕੇ ਸਾਡੇ ਵਲੋਂ ਚੁਣੇ ਗਏ ਲੀਡਰਾਂ ਦੀਆਂ ਜੜ੍ਹਾਂ ਤੱਕ ਪਹੁੰਚੀਆਂ ਹੋਈਆਂ ਹਨ। ਜਿਸ ਲੀਡਰ ਕੋਲ ਚੋਣਾਂ ਲੜਣ ਤੋਂ ਪਹਿਲਾਂ ਆਪਣੀ ਚੋਣ ਲੜਣ ਲਈ ਵੀ ਫੰਡਾਂ ਦੀ ਘਾਟ ਹੁੰਦੀ ਹੈ ਚੋਣਾਂ ਲੜਣ ਤੋਂ ਬਾਅਦ ਕੁੱਝ ਹੀ ਮਹੀਨਿਆਂ ਵਿਚ ਉਹ ਵੱਡੇ ਵੱਡੇ ਬਿਜ਼ਨੈਸਾਂ ਦਾ ਮਾਲਕ ਬਣ ਬੈਠਦਾ ਹੈ। ਇਸ ਸਬੰਧ ਵਿਚ ਕਿਸੇ ਇਕ ਨੇਤਾ ਦਾ ਨਾਮ ਲੈਣ ਦੀ ਬਜਾਏ ਮੈਂ ਆਪਣੇ ਪਾਠਕਾਂ ਨੂੰ ਹੀ ਸਵਾਲ ਕਰਦਾ ਹਾਂ ਕਿ ਉਹ ਆਪਣੇ ਇਲਾਕੇ ਜਾਂ ਕਿਸੇ ਹੋਰ ਹਲਕੇ ਦੇ ਲੀਡਰ ਦੀ ਜਨਮ ਪਤਰੀ ਨੂੰ ਫੋਲਕੇ ਵੇਖ ਲੈਣ।
ਕਾਂਗਰਸ ਨੂੰ ਹਰਾਕੇ ਰਾਜ ਸੱਤਾ ਸੰਭਾਲਣ ਵਾਲੀ ਭਾਰਤੀ ਜਨਤਾ ਪਾਰਟੀ ਵਲੋਂ ਇਹ ਰੌਲਾ ਪਾਇਆ ਜਾਂਦਾ ਰਿਹਾ ਹੈ ਕਿ ਕਾਂਗਰਸ ਨੇ ਦੇਸ਼ ਨੂੰ ਲੁੱਟ ਕੇ ਖਾ ਲਿਆ ਹੈ। ਇਥੇ ਸਿਰਫ਼ ਕਾਂਗਰਸ ਹੀ ਕਿਉਂ ਦੇਸ਼ ਦੀ ਕਿਸੇ ਵੀ ਪਾਰਟੀ ਦੇ ਲੀਡਰ ਦਾ ਬਾਇਓਡਾਟਾ ਫੋਲ ਕੇ ਵੇਖ ਲਵੋ 99 ਫ਼ੀਸਦੀ ਲੀਡਰ ਰਿਸ਼ਵਤਖੋਰ ਨਿਕਲਣਗੇ। ਇਥੇ ਮੈਂ 1 ਫ਼ੀਸਦੀ ਲੀਡਰਾਂ ਨੂੰ ਈਮਾਨਦਾਰ ਕਿਹਾ ਜੋ ਮੈਨੂੰ ਲਗਦਾ ਹੈ ਕਿ ਮੇਰੇ ਆਪਣੇ ਹਿਸਾਬ ਨਾਲ ਗਲਤ ਅੰਕੜਾ ਹੈ। ਈਮਾਨਦਾਰ ਲੀਡਰਾਂ ਦੀ ਗਿਣਤੀ ਭਾਰਤ ਵਿਚ ਇਸ ਅੰਕੜੇ ਤੋਂ ਵੀ ਕਿਤੇ ਘੱਟ ਦਿਖਾਈ ਦਿੰਦੀ ਹੈ। ਇਥੇ ਕਾਂਗਰਸ, ਭਾਜਪਾ, ਸਪਾ, ਅਕਾਲੀ, ਬਸਪਾ ਆਦਿ ਪਾਰਟੀਆਂ ਦੀ ਲੀਡਰ ਉਦੋਂ ਤੱਕ ਹੀ ਸ਼ਰੀਫ ਦਿੱਸਦੇ ਹਨ ਜਦੋਂ ਤੱਕ ਉਹ ਚੋਣ ਨਹੀਂ ਜਿੱਤ ਜਾਂਦੇ ਇਸਤੋਂ ਬਾਅਦ ਉਨ੍ਹਾਂ ਦੀ ਸ਼ਰਾਫਤ ਖੰਭ ਲਾ ਕੇ ਉਡ ਜਾਂਦੀ ਹੈ।
ਪਿਛਲੇ ਦਿਨੀਂ ਭਾਜਪਾ ਦੀ ਇਕ ਮੰਤਰੀ ਸੁਸ਼ਮਾ ਸਵਰਾਜ ਅਤੇ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਵਲੋਂ ਆਈਪੀਐਲ ਦੇ ਸਾਬਕਾ ਕਮਿਸ਼ਨਰ ਲਲਿਤ ਮੋਦੀ ਦੀ ਮਦਦ ਕੀਤੇ ਜਾਣ ਦੇ ਇਲਜ਼ਾਮਾਂ ਦਾ ਖੁਲਾਸਾ ਹੋਇਆ ਹੈ। ਇਸਦੇ ਨਾਲ ਹੀ ਸੁਸ਼ਮਾ ਸਵਰਾਜ ਦੀ ਵਕੀਲ ਬੇਟੀ ਬਾਂਸੁਰੀ ਸਵਰਾਜ ਵਲੋਂ ਵੀ ਲਲਿਤ ਮੋਦੀ ਦੇ ਕੇਸ ਦੀ ਪੈਰਵੀ ਕਰਨ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਇਥੇ ਇੰਜ ਲਗਦਾ ਹੈ ਕਿ ਸੁਸ਼ਮਾ ਸਵਰਾਜ ਵਲੋਂ ਆਪਣੇ ਸਿਆਸੀ ਅਸਰ ਰਸੂਖ ਦੀ ਵਰਤੋਂ ਕਰਕੇ ਆਪਣੀ ਬੇਟੀ ਦੇ ਇਸ ਕੇਸ ਨੂੰ ਕਾਮਯਾਬ ਕਰਵਾਇਆ ਗਿਆ ਹੈ। ਇਥੋਂ ਤੱਕ ਕਿ ਮੌਕੇ ਦਾ ਫਾਇਦਾ ਚੁੱਕਦੇ ਹੋਏ ਭਾਜਪਾ ਦੇ ਹੀ ਕੁੱਝ ਲੀਡਰਾਂ ਜਿਨ੍ਹਾਂ ਨੂੰ ਨਰੇਂਦਰ ਮੋਦੀ ਦੇ ਗਰੁੱਪ ਵਲੋਂ ਮੱਖੀ ਵਾਂਗੂ ਬਾਹਰ ਕਰ ਦਿੱਤਾ ਗਿਆ ਸੀ, ਵਿਚੋਂ ਇਕ ਲੀਡਰ ਲਾਲ ਕਿਸ਼ਨ ਅਡਵਾਨੀ ਨੇ ਦੇਸ਼ ਵਿਚ ਐਮਰਜੰਸੀ ਤੱਕ ਦੇ ਹਾਲਾਤ ਪੈਦਾ ਹੋਣ ਦਾ ਬਿਆਨ ਦਾਗ ਦਿੱਤਾ ਹੈ। ਇਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਸੁਸ਼ਮਾ ਸਵਰਾਜ ਵਲੋਂ ਵੀ ਕਿਸੇ ਪ੍ਰਕਾਰ ਦਾ ਲਾਹਾ ਲਏ ਬਿਨਾਂ ਲਲਿਤ ਮੋਦੀ ਦੀ ਮਦਦ ਵਿਚ ਆਉਣਾ ਸਮਝ ਵਿਚ ਨਹੀਂ ਆਉਂਦਾ। ਇਥੇ ਵਿਚ ਸਪਸ਼ਟ ਲਗਦਾ ਹੈ ਕਿ ਲਲਿਤ ਮੋਦੀ ਨੇ ਕਿਸੇ ਨਾ ਕਿਸੇ ਪ੍ਰਕਾਰ ਦਾ ਫਾਇਦਾ ਸੁਸ਼ਮਾ ਸਵਰਾਜ ਨੂੰ ਪਹੁੰਚਾਇਆ ਹੈ ਵਰਨਾ ਕੌਣ ਬਿਨਾਂ ਮਤਲਬ ਆਪਣੇ ਆਪ ਨੂੰ ਭ੍ਰਿਸ਼ਟਾਚਾਰ ਦੀ ਬਦਨਾਮੀ ਰੂਪੀ ਦਲਦਲ ਵਿਚ ਲਿਆ ਖੜਾ ਕਰਦਾ ਹੈ।
ਕਾਂਗਰਸ ਦੇ ਇਕ ਲੀਡਰ ਪੀ ਚਿਦੰਬਰਮ ਵਲੋਂ ਇਸਨੂੰ ਭਾਈ-ਭਤੀਜਾਵਾਦ, ਅਧਿਕਾਰਾਂ ਦੀ ਦੁਰਵਰਤੋਂ ਅਤੇ ਨਿਅਮਾਂ ਦੀ ਉਲੰਘਣਾ ਦਾ ਮਾਮਲਾ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ 2011 ਵਿਚ ਲਲਿਤ ਮੋਦੀ ਦਾ ਪਾਸਪੋਰਟ ਰੱਦ ਕਰ ਦਿੱਤਾ ਗਿਆ ਸੀ ਫਿਰ ਉਸਨੂੰ ਯੂਕੇ ਜਾਣ ਦੀ ਇਜਾਜ਼ਤ ਦੇਣ ਦਾ ਕੀ ਮਤਲਬ?
ਇਹ ਹੀ ਨਹੀਂ ਦਿੱਲੀ ਦੀ ਪਾਰਟੀ ਆਪ ਦੇ ਇਕ ਵਿਧਾਇਕ ਤੋਮਰ ਵਲੋਂ ਯੂਨੀਵਰਸਿਟੀ ਦੀ ਨਕਲੀ ਡਿਗਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸਦੇ ਨਾਲ ਹੀ ਭਾਰਤ ਦੀ ਇਕ ਹੋਰ ਮੰਤਰੀ ਸਿਮਰਤੀ ਈਰਾਨੀ ਦੀ ਡਿਗਰੀ ਦੀ ਜਾਂਚ ਲਈ ਵੀ ਆਵਾਜ਼ਾਂ ਉਠਣੀਆਂ ਸ਼ੁਰੂ ਹੋ ਗਈਆਂ ਹਨ। ਇਥੇ ਮੈਂ ਸਿਰਫ ਮੰਤਰੀਆਂ ਦੇ ਨਾਮ ਹੀ ਲਿਖ ਰਿਹਾ ਹਾਂ ਕਿਉਂਕਿ ਇਨ੍ਹਾਂ ਮੰਤਰੀਆਂ ਦੀਆਂ ਹਿਦਾਇਤਾਂ ਜਾਂ ਸਖਤੀਆਂ ਨਾਲ ਹੀ ਭ੍ਰਿਸ਼ਟਾਚਾਰ ਸਬੰਧੀ ਬਣਾਏ ਗਏ ਕਾਨੂੰਨ ਵਿਚ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ ਜੇਕਰ ਇਹ ਕਾਨੂੰਨ ਘਾੜੇ ਜਾਂ ਬਨਾਉਣ ਵਾਲੇ ਹੀ ਭ੍ਰਿਸ਼ਟਾਚਾਰ ਵਿਚ ਗ੍ਰਸਤ ਹਨ ਤਾਂ ਫਿਰ ਆਮ ਆਦਮੀ ਦੀ ਗਲ ਕਰਨੀ ਬੇਮਾਇਨੇ ਹੋਵੇਗੀ।
ਮੇਰੀ ਜਾਚੇ ਤਾਂ ਹੁਣ ਭਾਰਤ ਵਿਚੋਂ ਭ੍ਰਿਸ਼ਟਾਚਾਰ ਨੂੰ ਕੱਢਣ ਲਈ ਕਿਸੇ ਅਜਿਹੇ ਈਮਾਨਦਾਰ ਡਿਕਟੇਟਰ ਦੀ ਲੋੜ ਹੈ ਜੋ ਭ੍ਰਿਸ਼ਟਾਚਾਰੀਆਂ ਦੇ ਨਾਲ ਜੇਲ੍ਹਾਂ ਨੂੰ ਹੀ ਨਾ ਭਰੇ ਸਗੋਂ ਭ੍ਰਿਸ਼ਟਾਚਾਰੀਆਂ ਦੇ ਘਰਾਂ ਨੂੰ ਹੀ ਜੇਲ੍ਹਾਂ ਦੇ ਰੂਪ ਵਿਚ ਤਬਦੀਲ ਕਰ ਦੇਵੇ। ਕਿਉਂਕਿ ਭਾਰਤ ਵਿਚ ਭ੍ਰਿਸ਼ਟਾਚਾਰੀਆਂ ਦੀ ਗਿਣਤੀ ਇਨ੍ਹੀ ਵਧੇਰੇ ਹੋ ਗਈ ਹੈ ਕਿ ਜੇਲ੍ਹਾਂ ਤਾਂ ਕੁਝ ਮਿੰਟਾਂ ਵਿਚ ਹੀ ਭਰ ਜਾਣੀਆਂ ਹਨ। ਸੋ ਵੇਖੋ ਭਾਰਤ ਨੂੰ ਭ੍ਰਿਸ਼ਟਾਚਾਰ ਰੂਪੀ ਦੈਂਤ ਦੀ ਗਿਰਫ਼ਤ ਚੋਂ ਨਿਕਲਣ ਲਗਿਆਂ ਕਿੰਨੀਆਂ ਸਦੀਆਂ ਲਗਦੀਆਂ ਹਨ?
ਹਰਜੀਤ ਸਿੰਘ,