ਇਸਲਾਮਾਬਾਦ – ਪਾਕਿਸਤਾਨ ਦੀ ਇੱਕ ਅਦਾਲਤ ਨੇ ਲਾਲ ਮਸਜਿਦ ਦੇ ਮੌਲਵੀ ਅਬਦੁੱਲ ਰਾਸਿ਼ਦ ਗਾਜੀ ਦੀ ਹੱਤਿਆ ਦੇ ਮਾਮਲੇ ਵਿੱਚ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰੱਫ਼ ਦੇ ਖਿਲਾਫ਼ ਗੈਰ ਜਮਾਨਤੀ ਵਾਰੰਟ ਜਾਰੀ ਕਰਕੇ ਪੁਲਿਸ ਨੂੰ ਇਹ ਆਦੇਸ਼ ਦਿੱਤੇ ਹਨ ਕਿ ਉਨ੍ਹਾਂ ਨੂੰ ਜਲਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇ।
ਵਰਨਣਯੋਗ ਹੈ ਕਿ 2007 ਵਿੱਚ ਇਸਲਾਮਾਬਾਦ ਵਿੱਚ ਸਥਿਤ ਲਾਲ ਮਸਜਿਦ ਵਿੱਚ ਇੱਕ ਸੈਨਿਕ ਕਾਰਵਾਈ ਦੌਰਾਨ ਗਾਜ਼ੀ ਦੀ ਮੌਤ ਹੋ ਗਈ ਸੀ। ਮੁਸ਼ਰੱਫ਼ ਦੇ ਆਦੇਸ਼ ਤੇ ਸੈਨਾ ਦੇ ਕਮਾਂਡੋ ਮਸਜਿਦ ਵਿੱਚ ਦਾਖਿਲ ਹੋਏ ਸਨ। ਜਸਟਿਸ ਮੁਫ਼ਤੀ ਨੇ ਮੁਸ਼ਰੱਫ਼ ਦੇ ਵਕੀਲ ਵੱਲੋਂ ਅਦਾਲਤ ਵਿੱਚ ਪੇਸ਼ੀ ਤੋਂ ਛੋਟ ਦੇਣ ਦੀ ਦਰਖਾਸਤ ਨੂੰ ਖਾਰਿਜ਼ ਕਰਦੇ ਹੋਏ ਉਨ੍ਹਾਂ ਦੇ ਖਿਲਾਫ਼ ਗ੍ਰਿਫ਼ਤਾਰੀ ਦਾ ਵਾਰੰਟ ਜਾਰੀ ਕਰ ਦਿੱਤਾ। ਕੇਸ ਦੀ ਅਗਲੀ ਸੁਣਵਾਈ 24 ਜੁਲਾਈ ਨੂੰ ਹੈ। 71 ਸਾਲਾ ਸਾਬਕਾ ਰਾਸ਼ਟਰਪਤੀ ਇਸ ਸਮੇਂ ਕਰਾਚੀ ਵਿੱਚ ਆਪਣੀ ਬੇਟੀ ਦੇ ਨਾਲ ਰਹਿ ਰਹੇ ਹਨ ਅਤੇ ਖਰਾਬ ਤਬੀਅਤ ਦਾ ਹਵਾਲਾ ਦੇ ਕੇ ਕੋਰਟ ਵਿੱਚ ਪੇਸ਼ੀ ਤੋਂ ਬਚਦੇ ਆ ਰਹੇ ਹਨ।