ਨਵੀਂ ਦਿੱਲੀ- ਅਦਾਲਤ ਨੇ ਨਕਲੀ ਡਿਗਰੀ ਰੱਖਣ ਦੇ ਆਰੋਪ ਵਿੱਚ ਦਿੱਲੀ ਦੇ ਸਾਬਕਾ ਕਾਨੂੰਨ ਮੰਤਰੀ ਜਿਤੇਂਦਰ ਤੋਮਰ ਨੂੰ ਤਿਹਾੜ ਜੇਲ੍ਹ ਭੇਜ ਦਿੱਤਾ ਹੈ। ਅਦਾਲਤ ਨੇ ਤੋਮਰ ਨੂੰ 12 ਦਿਨ ਦੇ ਪੁਲਿਸ ਰੀਮਾਂਡ ਤੋਂ ਬਾਅਦ ਫਿਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।
ਮੈਜਿਸਟਰੇਟ ਅੰਕਿਤ ਸਿੰਘਲਾ ਨੇ ਤੋਮਰ ਨੂੰ ਤਿਹਾੜ ਭੇਜਣ ਦੇ ਨਾਲ-ਨਾਲ ਤੋਮਰ ਦੀ ਮੰਗ ਤੇ ਉਸ ਨੂੰ ਵੱਖਰੇ ਵਾਰਡ ਵਿੱਚ ਰੱਖਣ ਅਤੇ ਮੁਨਾਸਿਬ ਸੁਰੱਖਿਆ ਦੇ ਇੰਤਜਾਮ ਕਰਨ ਦੇ ਨਿਰਦੇਸ਼ ਦਿੱਤੇ। ਇਸ ਮਾਮਲੇ ਵਿੱਚ ਫਰਾਰ ਹੋਰ ਆਰੋਪੀਆਂ ਨੂੰ ਵੀ ਗ੍ਰਿਫ਼ਤਾਰ ਕਰਨਾ ਹੈ। ਤੋਮਰ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਸ ਦੇ ਕੋਲ ਬੀਐਸਸੀ ਅਤੇ ਐਲਐਲਬੀ ਦੀ ਡਿਗਰੀ ਅਸਲੀ ਹੈ ਅਤੇ ਉਸ ਦੇ ਮੁਵਕਿਲ ਨੂੰ ਫਰਜ਼ੀ ਮਾਮਲੇ ਵਿੱਚ ਫਸਾਇਆ ਗਿਆ ਹੈ।
ਦਿੱਲੀ ਦੀ ਆਪ ਸਰਕਾਰ ਦੇ ਮੰਤਰੀ ਤੋਮਰ ਨੂੰ 12 ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਤਿਹਾੜ ਜੇਲ੍ਹ ਦੇ 8 ਨੰਬਰ ਸੈਲ ਵਿੱਚ ਭੇਜ ਦਿੱਤਾ ਗਿਆ। ਸੁਰੱਖਿਆ ਦੇ ਮੱਦੇਨਜ਼ਰ ਉਨ੍ਹਾਂ ਨੂੰ ਵੱਖਰੇ ਤੌਰ ਤੇ ਸਕਿਊਰਟੀ ਮੁਹਈਆ ਕਰਵਾਈ ਗਈ। ਵਰਨਣਯੋਗ ਹੈ ਕਿ ਕੇਜਰੀਵਾਲ ਦੀ ਸਰਕਾਰ ਬਣਨ ਤੋਂ ਬਾਅਦ ਤੋਮਰ ਦੇ ਕੋਲ ਕਾਨੂੰਨ ਵਿਭਾਗ ਦੇ ਨਾਲ-ਨਾਲ ਗ੍ਰਹਿ ਵਿਭਾਗ ਵੀ ਸੀ। ਜੇਲ੍ਹ ਪ੍ਰਸ਼ਾਸਨ ਵੀ ਗ੍ਰਹਿ ਵਿਭਾਗ ਦੇ ਅਧੀਨ ਹੀ ਆਉਂਦਾ ਹੈ।