ਫਤਿਹਗੜ੍ਹ ਸਾਹਿਬ – “19 ਜੂਨ 2015 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਾਪਨਾ ਦਿਵਸ ਦੇ ਹੋਏ ਸਮਾਗਮ ਦੌਰਾਨ ਪਹਿਲਾਂ ਤਾਂ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਨੇ ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਵਰਗੇ ਸਿੱਖਾਂ ਦੇ ਅਤੇ ਘੱਟ ਗਿਣਤੀ ਕੌਮਾਂ ਦੇ ਕਾਤਲਾਂ ਨੂੰ ਮਹਿਮਾਨ ਬਣਾ ਕੇ, ਸਿੱਖ ਕੌਮ ਅਤੇ ਸਿੱਖ ਧਰਮ ਦੇ ਸਿਧਾਂਤਾਂ, ਮਰਿਆਦਾਵਾਂ ਦਾ ਘਾਣ ਕਰਨ ਦੀ ਬੱਜਰ ਗੁਸਤਾਖੀ ਕੀਤੀ। ਫਿਰ ਜਦੋਂ ਰਾਜਨਾਥ ਸਿੰਘ ਨੇ ਆਪਣੀ ਤਕਰੀਰ ਵਿਚ ਸਿੱਖ ਕੌਮ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਤੁਲਨਾ ਦੁਨਿਆਵੀ ਰਾਜਿਆਂ ਮਹਾਰਾਣਾ ਪ੍ਰਤਾਪ, ਸਿ਼ਵਾ ਜੀ ਮਰਾਠਾ ਅਤੇ ਸ਼ੇਰ ਸ਼ਾਹ ਸੂਰੀ ਵਰਗਿਆਂ ਨਾਲ ਕਰਕੇ ਸਿੱਖ ਗੁਰੁ ਸਾਹਿਬਾਨ ਨੂੰ ਨੀਵਾਂ ਦਿਖਾਉਣ ਦੀ ਕੋਸਿ਼ਸ਼ ਕੀਤੀ ਤਾਂ ਉਸ ਸਮੇਂ ਸਟੇਜ ਉਤੇ ਬੈਠੇ ਸ. ਬਾਦਲ, ਸੁਖਬੀਰ ਸਿੰਘ ਬਾਦਲ, ਗਿਆਨੀ ਗੁਰਬਚਨ ਸਿੰਘ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ, ਸ. ਅਵਤਾਰ ਸਿੰਘ ਮੱਕੜ ਪ੍ਰਧਾਨ ਐਸ ਜੀ ਪੀ ਸੀ, ਦਮਦਮੀ ਟਕਸਾਲ ਦੇ ਮੁੱਖੀ ਹਰਨਾਮ ਸਿੰਘ ਧੁਮਾਂ, ਸੰਤ ਸਮਾਜ ਅਤੇ ਹੋਰ ਰਵਾਇਤੀ ਆਗੂਆਂ ਵੱਲੋਂ ਇਸ ਹੋਏ ਅਪਮਾਨ ਵਿਰੁੱਧ ਚੁੱਪੀ ਧਾਰੀ ਰੱਖਣ ਦੇ ਅਮਲ ਮੁਤੱਸਵੀ ਅਤੇ ਸਿੱਖ ਵਿਰੋਧੀ ਤਾਕਤਾਂ ਨੂੰ ਸ਼ਹਿ ਦੇਣ ਵਾਲੇ ਦੁਖਦਾਇਕ ਅਮਲ ਹਨ। ਜਿਸ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੋਇਆ ਇਹਨਾਂ ਧਾਰਮਿਕ ਅਤੇ ਰਾਜਨੀਤਿਕ ਆਗੂਆਂ ਤੋਂ ਪੁੱਛਣਾ ਚਾਹਵੇਗਾ ਕਿ ਉਹ ਸਿੱਖ ਗੁਰੁ ਸਾਹਿਬਾਨ ਅਤੇ ਸਿੱਖ ਕੌਮ ਦੇ ਹੋਏ ਅਪਮਾਨ ਵਿਰੁੱਧ ਕੀ ਸਟੈਂਡ ਲੈ ਰਹੇ ਹਨ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਰਵਾਇਤੀ ਅਕਾਲੀਆਂ ਵੱਲੋਂ ਆਪਣੇ ਸਿਆਸੀ , ਸਵਾਰਥੀ ਅਤੇ ਪਰਿਵਾਰਕ ਮੁਫਾਦਾਂ ਦੀ ਪੂਰਤੀ ਲਈ ਮੁਤੱਸਵੀਆਂ ਨੂੰ ਮੁੱਖ ਮਹਿਮਾਨ ਬਣਾਉਣ ਅਤੇ ਸਿੱਖ ਗੁਰੁ ਸਾਹਿਬਾਨ ਅਤੇ ਸਿੱਖ ਕੌਮ ਨੂੰ ਨੀਵਾਂ ਦਿਖਾਉਣ ਦੇ ਹੋਏ ਅਮਲਾਂ ਉਤੇ ਉਪਰੋਕਤ ਆਗੂਆਂ ਨੂੰ ਸਿੱਖ ਕੌਮ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਜਨਤਕ ਤੌਰ ‘ਤੇ ਜਵਾਬ ਮੰਗਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਇਹ ਹੋਰ ਵੀ ਅਫ਼ਸੋਸਨਾਕ ਅਤੇ ਦੁੱਖ ਵਾਲੇ ਅਮਲ ਹਨ ਕਿ ਜਿਸ ਹਿੰਦੂ ਕਰਮਕਾਂਡ “ਯੋਗੇ ਅਤੇ ਸੂਰਜ ਪੂਜਾ” ਦੇ ਪਖ਼ੰਡ ਨੂੰ ਗੁਰੁ ਸਾਹਿਬਾਨ ਨੇ ਆਪਣੀ ਬਾਣੀ ਵਿਚ ਖੰਡਨ ਕੀਤਾ ਹੈ, ਉਸ ਨੂੰ ਸ. ਢੀਂਡਸਾ, ਭੂੰਦੜ, ਚੰਦੂਮਾਜਰਾ ਅਤੇ ਹੋਰ ਰਵਾਇਤੀ ਆਗੂ ਅਤੇ ਜਥੇਦਾਰ ਸਾਹਿਬਾਨ ਪ੍ਰਚਾਰਨ ਲਈ ਅੱਡੀਆਂ ਭਾਰ ਹੋਏ ਪਏ ਹਨ। ਜਦੋਂ ਕਿ ਗੁਰੁ ਸਾਹਿਬਾਨ ਦੁਆਰਾ ਸਿੱਖਾਂ ਨੂੰ ਰਿਸ਼ਟ-ਪੁਸ਼ਟ ਰੱਖਣ ਹਿੱਤ ਸ਼ੁਰੂ ਕੀਤੀਆਂ ਗਈਆਂ ਕੁਸ਼ਤੀਆਂ , ਰੱਸਾ-ਕੱਸੀ ਅਤੇ ਗੱਤਕੇ ਵਰਗੀਆਂ ਕੌਮੀ ਮਾਰਸ਼ਲ ਖੇਡਾਂ ਨੂੰ ਪਿੱਠ ਦੇਣ ਦੇ ਅਮਲ ਸਿੱਖੀ ਸੰਸਕਾਰਾਂ, ਗੁਰੁ ਸਾਹਿਬਾਨ ਦੇ ਆਦੇਸ਼ਾਂ ਦੀ ਤੌਹੀਨ ਕਰਨ ਦੇ ਤੁੱਲ ਹਨ। ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਇਹਨਾਂ ਆਗੂਆਂ ਤੋਂ ਇਹ ਵੀ ਪੁੱਛਣਾ ਚਾਹੇਗਾ ਕਿ ਜਦੋਂ ਹਿੰਦ ਦੀ ਮੁਤੱਸਵੀ ਮੋਦੀ ਹਕੂਮਤ ਅਤੇ ਅਮਿਤ ਸ਼ਾਹ-ਰਾਜਨਾਥ ਸਿੰਘ ਵਰਗੇ ਆਗੂ ਸਿੱਖ ਕੌਮ ਨੂੰ ਦਰਪੇਸ਼ ਆ ਰਹੀਆਂ ਵੱਡੀਆਂ ਮੁਸ਼ਕਿਲਾਂ ਜਿਵੇਂ ਜੇਲ੍ਹਾਂ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਬੰਦੀ ਬਣਾਏ ਗਏ ਸਿੱਖਾਂ ਨੂੰ ਰਿਹਾਅ ਕਰਨ, ਸਿੱਖ ਕੌਮ ਦੀ ਮੰਦਭਾਵਨਾ ਅਧੀਨ ਬਣਾਈ ਗਈ ਕਾਲੀ ਸੂਚੀ ਨੂੰ ਖਤਮ ਕਰਨ, ਸਿੱਖ ਕੌਮ ਨੂੰ ਵੱਖਰੀ ਕੌਮ ਪ੍ਰਵਾਨ ਕਰਕੇ ਸਿੱਖ ਅਨੰਦ ਮੈਰਿਜ ਐਕਟ ਬਣਾਉਣ, ਸਿੱਖ ਕੌਮ ਦੇ ਧਾਰਮਿਕ ਚਿਨ੍ਹ ਕ੍ਰਿਪਾਨ ਅਤੇ ਦਸਤਾਰ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ, ਪਾਕਿਸਤਾਨ ਵਿਚ ਸਥਿਤ ਗੁਰੁ ਘਰਾਂ ਦੇ ਖੁੱਲ੍ਹੇ ਦਰਸ਼ਨਾਂ ਲਈ ਸਰਹੱਦਾਂ ਨੂੰ ਬਿਨ੍ਹਾਂ ਰੋਕ ਟੋਕ ਖੋਲ੍ਹਣ, ਫੌਜ ਵਿਚ ਸਿੱਖ ਕੋਟੇ ਦੀ ਭਰਤੀ 33% ਕਰਨ ਅਤੇ ਸਿੱਖਾਂ ਦੇ ਹਵਾਈ ਅੱਡਿਆਂ ਉਤੇ ਹੋ ਰਹੇ ਅਪਮਾਨ ਦਾ ਖਾਤਮਾ ਕਰਨ ਅਤੇ ਪੰਜਾਬ ਸੂਬੇ ਨਾਲ ਹੋ ਰਹੇ ਮਾਲੀ ਵਿਤਕਰੇ ਖਤਮ ਕਰਨ ਦੇ ਕਿਸੇ ਵੀ ਇਕ ਮਸਲੇ ਪ੍ਰਤੀ ਨਾਂ ਕੋਈ ਐਲਾਨ ਕਰਕੇ ਗਏ ਹਨ ਅਤੇ ਨਾਂ ਹੀ ਗੰਭੀਰ ਹਨ, ਫਿਰ ਅਜਿਹੇ ਮਹਾਨ ਸਿੱਖੀ ਦਿਨਾਂ ਨੂੰ ਹਿੰਦੂਤਵ ਤਾਕਤਾਂ ਨੂੰ ਸਮਰਪਿਤ ਕਰਕੇ ਸ. ਬਾਦਲ ਅਤੇ ਬਾਦਲ ਪਰਿਵਾਰ ਸਿੱਖ ਕੌਮ, ਘੱਟ ਗਿਣਤੀ ਕੌਮਾਂ ਅਤੇ ਪੰਜਾਬ ਸੂਬੇ ਨਾਲ ਵੱਡਾ ਧੋਖਾ ਨਹੀਂ ਕਰ ਰਹੇ ਅਤੇ ਸਿੱਖਾਂ ਦਾ ਹਿੰਦੂਕਰਨ ਕਰਨ ਦੀ ਗੁਸਤਾਖੀ ਨਹੀਂ ਕਰ ਰਹੇ?